ਲੁਧਿਆਣਾ (ਰਾਜ) : ਸਾਈਬਰ ਠੱਗੀ ਦਾ ਹਮਲਾ ਲਗਾਤਾਰ ਜਾਰੀ ਹੈ। ਮਹਾਨਗਰ ਦੇ ਕਈ ਕਾਰੋਬਾਰੀਆਂ ਅਤੇ ਰਿਟਾਇਰਡ ਅਧਿਕਾਰੀਆਂ ਨੂੰ ਸਾਈਬਰ ਠੱਗ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਸਾਈਬਰ ਠੱਗਾਂ ਨੇ ਸੀ. ਬੀ. ਆਈ. ਅਧਿਕਾਰੀ ਬਣ ਕੇ ਸ਼ਹਿਰ ਦੇ ਇਕ ਕਾਰੋਬਾਰੀ ਤੋਂ ਲੱਖਾਂ ਰੁਪਏ ਠੱਗ ਲਏ। ਉਸ ਨੇ ਕਾਰੋਬਾਰੀ ਨੂੰ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਦਾ ਡਰਾਵਾ ਦਿੱਤਾ ਅਤੇ ਫਿਰ ਡਿਜੀਟਲ ਅਰੈਸਟ ਪਾ ਕੇ ਇਨਕੁਆਰੀ ਦੇ ਨਾਂ ’ਤੇ 8.08 ਲੱਖ ਰੁਪਏ ਟਰਾਂਸਫਰ ਕਰਵਾ ਲਏ ਪਰ ਜਲਦ ਹੀ ਕਾਰੋਬਾਰੀ ਨੂੰ ਪਤਾ ਲੱਗ ਗਿਆ ਕਿ ਉਹ ਠੱਗੀ ਦਾ ਸ਼ਿਕਾਰ ਬਣ ਚੁੱਕਾ ਹੈ।
ਇਸ ਤੋਂ ਬਾਅਦ ਉਸ ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਥਾਣਾ ਸਾਈਬਰ ਦੀ ਪੁਲਸ ਨੇ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਸ਼ਿਕਾਇਤ ਵਿਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਨੂੰ ਇਕ ਵਟਸਐਪ ’ਤੇ ਕਾਲ ਆਈ ਅਤੇ ਸਾਹਮਣੇ ਵਾਲੇ ਨੇ ਖ਼ੁਦ ਨੂੰ ਸੀ. ਬੀ. ਆਈ. ਦਾ ਅਧਿਕਾਰੀ ਦੱਸਿਆ। ਉਸ ਦੀ ਡੀ. ਪੀ. ’ਤੇ ਸੀ. ਬੀ.ਆਈ. ਦਾ ਲੋਗੋ ਵੀ ਲੱਗਾ ਹੋਇਆ ਸੀ। ਇਸ ਲਈ ਉਹ ਡਰ ਗਿਆ ਅਤੇ ਉਸ ਨੂੰ ਅਸਲੀ ਸਮਝਣ ਲੱਗਾ। ਉਸ ਨੇ ਡਰਾਇਆ ਕਿ ਈ. ਡੀ. ਨੇ ਉਸ ’ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਡਿਜੀਟਲ ਅਰੈਸਟ ਕਰਨ ਦੇ ਨਾਲ ਆਰ. ਬੀ. ਆਈ. ਦੇ ਅਧਿਕਾਰੀਆਂ ਬਾਰੇ ਦੱਸਿਆ।
ਮੁਲਜ਼ਮਾਂ ਨੇ ਡਰਾਇਆ ਕਿ ਪੁਲਸ ਉਸ ਦੇ ਘਰ ਆ ਸਕਦੀ ਹੈ। ਭੁਪਿੰਦਰ ਸਿੰਘ ਦੇ ਮੁਤਾਬਕ ਮੁਲਜ਼ਮਾਂ ਨੇ ਉਸ ਨੂੰ ਕੇਸ ਦੀ ਇਨਕੁਆਰੀ ਦੇ ਨਾਂ ’ਤੇ ਉਸ ਦੇ ਬੈਂਕ ਖ਼ਾਤੇ ਵਿਚ ਪਏ ਪੈਸੇ ਟਰਾਂਸਫਰ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਇਨਕੁਆਰੀ ਤੋਂ ਬਾਅਦ ਵਾਪਸ ਕਰ ਦੇਣਗੇ। ਉਹ ਇੰਨਾ ਡਰ ਗਿਆ ਕਿ ਉਸ ਨੇ ਮੁਲਜ਼ਮ ਦੇ ਕਹਿਣ ’ਤੇ ਤੁਰੰਤ ਪੈਸੇ ਉਸ ਦੇ ਦੱਸੇ ਖ਼ਾਤੇ ਵਿਚ ਟਰਾਂਸਫਰ ਕਰ ਦਿੱਤੇ ਪਰ ਕੁਝ ਦੇਰ ਬਾਅਦ ਫਿਰ ਉਸ ਨੂੰ ਕਾਲ ਕਰਕੇ 24 ਲੱਖ ਰੁਪਏ ਦੀ ਮੰਗ ਕੀਤੀ, ਜੋ ਉਸ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਕਾਲ ਚੁੱਕਣੀ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਜਾਂਚ ਕਰ ਕੇ ਮੁਲਜ਼ਮਾਂ ਦਾ ਪਤਾ ਲਾਉਣ ਵਿਚ ਜੁੱਟੀ ਹੈ।
'ਸੁਖਬੀਰ ਬਾਦਲ BJP ਨਾ ਜੁਆਇਨ ਕਰ ਲੈਣ', ਰਾਜਾ ਵੜਿੰਗ ਦਾ ਵੱਡਾ ਬਿਆਨ (ਵੀਡੀਓ)
NEXT STORY