ਮੋਹਾਲੀ (ਜੱਸੀ) : ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ.) ਦਿਵਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਕਥਿਤ ਠੱਗੀ ਕਰਨ ਦੇ ਮਾਮਲੇ ’ਚ ਐੱਨ. ਆਰ. ਆਈ. ਥਾਣਾ ਮੋਹਾਲੀ ਵੱਲੋਂ ਨਾਮਜ਼ਦ ਕੀਤੇ ਗਏ ਪੰਚਕੂਲਾ ਨਿਵਾਸੀ ਸੁਰੇਸ਼ ਮਲਿਕ ਤੇ ਉਸ ਦੀ ਪਤਨੀ ਸਿਮਰਨ ਮਲਿਕ ਖ਼ਿਲਾਫ਼ ਅਦਾਲਤੀ ਸ਼ਿਕੰਜਾ ਹੋਰ ਕੱਸ ਗਿਆ ਹੈ। ਮੋਹਾਲੀ ਦੀ ਅਦਾਲਤ ਨੇ ਦੋਵਾਂ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਅਦਾਲਤ ਦੇ ਹੁਕਮਾਂ ਦੀ ਕਾਪੀ ਮੁਲਜ਼ਮ ਸੁਰੇਸ਼ ਮਲਿਕ ਦੇ ਘਰ ਦੇ ਬਾਹਰ ਵੀ ਚਿਪਕਾ ਦਿੱਤੀ ਗਈ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 11 ਜੂਨ ਤੱਕ ਪੇਸ਼ ਹੋਣ ਲਈ ਕਿਹਾ ਹੈ, ਜੇਕਰ ਉਹ ਨਿਰਧਾਰਿਤ ਮਿਤੀ ਤੱਕ ਹਾਜ਼ਰ ਨਹੀਂ ਹੁੰਦੇ ਤਾਂ ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਕਰਾਰ ਦੇਣ ਸਬੰਧੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵੱਲੋਂ ਸੁਰੇਸ਼ ਮਲਿਕ ਅਤੇ ਸਿਮਰਨ ਮਲਿਕ ਦੀ ਅਗਾਊਂ ਜ਼ਮਾਨਤ ਅਰਜ਼ੀ ਵੀ ਖਾਰਜ ਕੀਤੀ ਜਾ ਚੁੱਕੀ ਹੈ।
ਮਾਮਲੇ ਅਨੁਸਾਰ ਖਰੜ ਵਾਸੀ ਗਗਨਦੀਪ ਗੋਇਲ ਨੇ ਐੱਨ. ਆਰ. ਆਈ. ਵਿੰਗ ਦੇ ਵਧੀਕ ਡਾਇਰੈਕਟਰ ਕੋਲ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਸੁਰੇਸ਼ ਮਲਿਕ ਤੇ ਸਿਮਰਨ ਮਲਿਕ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਸਿਮਰਨ ਦੀ ਇਕ ਕਰੀਬੀ ਜਾਣਕਾਰ ਕੈਨੇਡੀਅਨ ਅੰਬੈਸੀ ’ਚ ਵੀਜ਼ਾ ਅਫ਼ਸਰ ਹੈ ਅਤੇ ਉਸ ਦੇ ਜ਼ਰੀਏ ਕੈਨੇਡਾ ਦੀ ਪੀ. ਆਰ. ਫਾਈਲ ਹਰ ਹਾਲਤ ’ਚ ਮਨਜ਼ੂਰ ਕਰਵਾ ਦਿੱਤੀ ਜਾਵੇਗੀ। ਸ਼ਿਕਾਇਤਕਰਤਾ ਅਨੁਸਾਰ ਇਸ ਭਰੋਸੇ ਦੇ ਆਧਾਰ ’ਤੇ ਉਸ ਨੇ ਵੱਖ-ਵੱਖ ਕਿਸ਼ਤਾਂ ’ਚ ਕਰੀਬ 2 ਕਰੋੜ 10 ਲੱਖ ਰੁਪਏ ਮੁਲਜ਼ਮਾਂ ਨੂੰ ਦਿੱਤੇ। ਇਸ ਦੌਰਾਨ ਉਸ ਨੂੰ ਕਥਿਤ ਤੌਰ ’ਤੇ ਜਾਅਲੀ ਵੀਜ਼ਾ ਅਪਰੂਵਲ ਤੇ ਦਸਤਾਵੇਜ਼ ਵੀ ਦਿਖਾਏ ਗਏ। ਬਾਅਦ ’ਚ ਜਦੋਂ ਉਸ ਨੇ ਇਹ ਦਸਤਾਵੇਜ਼ ਕੈਨੇਡੀਅਨ ਅਥਾਰਟੀ ਕੋਲੋਂ ਤਸਦੀਕ ਕਰਵਾਏ ਤਾਂ ਪਤਾ ਲੱਗਾ ਕਿ ਸਾਰੇ ਦਸਤਾਵੇਜ਼ ਫਰਜ਼ੀ ਹਨ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਐੱਨ.ਆਰ.ਆਈ. ਥਾਣਾ ਮੋਹਾਲੀ ਨੇ ਵੱਖ-ਵੱਖ ਧਾਰਾਵਾਂ ਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਸੀ। ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਫਰਜ਼ੀ ਵੀਜ਼ਾ ਅਪਰੂਵਲ ਨੇ ਖੋਲ੍ਹੀ ਠੱਗੀ ਦੀ ਪੋਲ
ਸ਼ਿਕਾਇਤਕਰਤਾ ਗਗਨਦੀਪ ਗੋਇਲ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਆਪਣੇ ਦਫ਼ਤਰ ’ਚ ਕੈਨੇਡੀਅਨ ਇਮੀਗ੍ਰੇਸ਼ਨ ਵੈੱਬਸਾਈਟ ਵਰਗੇ ਪੋਰਟਲ ’ਤੇ ਵੀਜ਼ਾ ਮਨਜ਼ੂਰੀਆਂ ਦਿਖਾਈਆਂ ਤੇ ਵਟਸਐਪ ਰਾਹੀਂ ਵੀ ਅਪਰੂਵਲ ਕਾਪੀਆਂ ਭੇਜੀਆਂ। ਸ਼ੱਕ ਪੈਣ ’ਤੇ ਜਦੋਂ ਦਸਤਾਵੇਜ਼ਾਂ ਦੀ ਕੈਨੇਡੀਅਨ ਅਥਾਰਟੀ ਕੋਲੋਂ ਜਾਂਚ ਕਰਵਾਈ ਗਈ ਤਾਂ ਸਾਰੇ ਵੀਜ਼ਾ ਅਪਰੂਵਲ ਜਾਅਲੀ ਨਿਕਲੇ, ਜਿਸ ਤੋਂ ਬਾਅਦ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ।
ਫਗਵਾੜਾ 'ਚ ਵੱਡਾ ਹਾਦਸਾ! ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਦਰੜਿਆ, ਭਿਆਨਕ ਬਣੇ ਹਾਲਾਤ
NEXT STORY