ਲੁਧਿਆਣਾ (ਵਿੱਕੀ): ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਦਫ਼ਤਰੀ ਕਾਮਿਆਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਿਚਾਲੇ ਅੱਜ ਡੀ.ਸੀ. ਦਫ਼ਤਰ ਮੋਗਾ ਵਿਖੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ਵਿੱਚ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ ਗਿਆ।
ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਸਰਕਾਰ ਦੇ ਅੜੀਅਲ ਰਵੱਈਏ ਤੋਂ ਅੱਕ ਕੇ ਯੂਨੀਅਨ ਵੱਲੋਂ ਵੱਡਾ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। 'ਸਾਂਝੀ ਤਾਲਮੇਲ ਕਮੇਟੀ', 'ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ' ਅਤੇ 'ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋਂ ਦਿੱਤੇ ਗਏ ਸੰਘਰਸ਼ੀ ਸੱਦੇ ਨੂੰ ਪੂਰਨ ਤੌਰ 'ਤੇ ਸਫ਼ਲ ਬਣਾਉਣ ਅਤੇ ਦਫਤਰੀ ਅਮਲੇ ਦੀਆਂ ਮੰਗਾਂ ਜਿਹਨਾਂ ਵਿੱਚ ਫੀਲਡ ਅਤੇ ਡਾਇਰੈਕਟੋਰੇਟਾਂ ਵਿੱਚ ਤਾਇਨਾਤ ਕਲੈਰੀਕਲ ਕਾਮਿਆਂ ਦੀਆਂ ਨਿਰੋਲ ਵਿਭਾਗੀ ਮੰਗਾਂ ਲਈ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਿਆਰ ਕੀਤੀ ਗਈ । ਜਿਸ ਵਿੱਚ ਸੰਘਰਸ਼ ਦਾ ਅਗਲਾ ਐਕਸ਼ਨ ਪਲਾਨ ਤਿਆਰ ਕਰਦੇ ਹੋਏ 3 ਨਵੰਬਰ ਨੂੰ ਜਿਲਾ ਪੱਧਰੀ ਗੇਟ ਰੈਲੀਆ ਅਤੇ 04 ਨਵੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਵਿਸ਼ਾਲ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਜੇਕਰ ਫਿਰ ਵੀ ਸਰਕਾਰ ਮੰਗਾਂ ਦੀ ਪੂਰਤੀ ਨਹੀ ਕਰਦੀ ਤਾਂ 5 ਅਤੇ 6 ਨਵੰਬਰ ਨੂੰ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ਵਿਚ ਮੁਕੰਮਲ 'ਕਲਮ ਛੋੜ ਹੜਤਾਲ' ਕੀਤੀ ਜਾਵੇਗੀ ਤੇ ਕੰਪਿਊਟਰ ਬੰਦ ਰੱਖੇ ਜਾਣਗੇ ਅਤੇ ਮੁਕੰਮਲ ਕੰਮ ਠੱਪ ਕੀਤਾ ਜਾਵੇਗਾ।
ਯੂਨੀਅਨ ਆਗੂਆਂ ਨੇ ਸਮੂਹ ਸੂਬਾ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਵਿਭਾਗੀ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਮੁਲਾਜ਼ਮ ਏਕਤਾ ਦੀ ਤਾਕਤ ਦਿਖਾਉਂਦੇ ਹੋਏ ਇਸ ਸੰਘਰਸ਼ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਜੋ ਸਰਕਾਰ ਨੂੰ ਹੱਕੀ ਮੰਗਾਂ ਮੰਨਣ ਲਈ ਮਜ਼ਬੂਰ ਕੀਤਾ ਜਾ ਸਕੇ। ਇਸ ਮੌਕੇ ਗੁਰਨਾਮ ਸਿੰਘ ਵਿਰਕ, ਤਰਸੇਮ ਸਿੰਘ ਭੱਠਲ , ਰਘਬੀਰ ਸਿੰਘ ਬਡਵਾਲ , ਤੇਜਿੰਦਰ ਸਿੰਘ ਨੰਗਲ, ਗੁਰਪ੍ਰੀਤ ਸਿੰਘ ਖੱਟੜਾ ਸੰਗਤ ਰਾਮ, ਅਮਰਪ੍ਰੀਤ ਸਿੰਘ, ਪਰਮਪਾਲ ਸਿੰਘ ਮੋਗਾ, ਸੰਦੀਪ ਭੁੰਬਕ ਲੁਧਿਆਣਾ , ਕੁਲਦੀਪ ਸਿੰਘ , ਰਵੀਇੰਦਰ ਸਿੰਘ, ਅਮਨਜਿੰਦਰ ਸਿੰਘ ਆਦਿ ਹਾਜਰ ਸਨ।
ਆੜ੍ਹਤੀ ਐਸੋਸ਼ੀਏਸ਼ਨ ਨੇ ਸੁਖਬੀਰ ਬਾਦਲ ਨੂੰ ਦਿੱਤਾ ਮੰਗ ਪੱਤਰ, 2.5 ਫ਼ੀਸਦੀ ਕਮਿਸ਼ਨ ਪੂਰਾ ਦੇਣ ਦੀ ਮੰਗ
NEXT STORY