ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਆਨੰਦ) : ਬੇਟੀ ਨੂੰ ਵਿਦੇਸ਼ ਭੇਜਣ ਲਈ ਹੋਮ ਲੋਨ ਲੈ ਕੇ ਦੇਣ ਦੀ ਆੜ ’ਚ ਇਕ ਔਰਤ ਨਾਲ 3 ਲੱਖ 10 ਹਜ਼ਾਰ 630 ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਲੁਧਿਆਣਾ ਦੇ 2 ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅਯੂਬ ਮਸੀਹ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈਆ ਔਰਤ ਨੀਲਮ ਪਤਨੀ ਪ੍ਰੇਮ ਕੁਮਾਰ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਨੇ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਹੋਮ ਲੋਨ ਲੈਣ ਸਬੰਧੀ ਯੁਵਰਾਜ ਸਿੰਘ ਪੁੱਤਰ ਯੋਗੇਸ਼ ਖੰਨਾ ਅਤੇ ਗੁਰਜੀਤ ਸਿੰਘ ਵਾਸੀ ਲੁਧਿਆਣਾ ਨਾਲ ਸੰਪਰਕ ਕੀਤਾ।
ਯੁਵਰਾਜ ਸਿੰਘ ਉਸ ਦੇ ਘਰ ਆ ਕੇ ਉਸ ਤੋਂ ਲੋਨ ਸਬੰਧੀ ਕਾਗਜ਼ਾਤ ਲੈ ਗਿਆ ਅਤੇ ਕੁਝ ਦਿਨ ਬਾਅਦ ਉਸ ਦੇ ਵੱਲੋਂ 2 ਵਿਅਕਤੀ ਸ਼ਿਕਾਇਤਕਰਤਾ ਦੇ ਘਰ ਭੇਜੇ ਗਏ, ਜਿਨ੍ਹਾਂ ਨੇ ਸ਼ਿਕਾਇਤਕਰਤਾ ਦਾ ਫੋਨ ਲੈ ਕੇ ਉਸ ਵਿਚੋਂ ਓ. ਟੀ. ਪੀ. ਲੈ ਲਿਆ ਅਤੇ ਸ਼ਿਕਾਇਤਕਰਤਾ ਔਰਤ ਦਾ ਫੋਨ ਚੱਲਣਾ ਬੰਦ ਹੋ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਤੋਂ ਉਸ ਦੀ ਏਅਰਟੈਲ ਵਾਲੀ ਸਿਮ ਬੀ. ਐੱਸ. ਐੱਨ. ਐੱਲ. ’ਚ ਪੋਰਟ ਹੋ ਗਈ। ਸ਼ਿਕਾਇਤਕਰਤਾ ਦੇ ਅਨੁਸਾਰ ਯੁਵਰਾਜ ਸਿੰਘ ਅਤੇ ਗੁਰਜੀਤ ਸਿੰਘ ਨੇ ਉਸ ਦੇ ਨਾਲ ਕੁੱਲ 3 ਲੱਖ 10 ਹਜ਼ਾਰ 630 ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਦੇ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ’ਚ ਵੱਡਾ ਸਿੱਖਿਆ ਸੰਕਟ, ਜਨਮ ਸਰਟੀਫਿਕੇਟ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ
NEXT STORY