ਜ਼ੀਰਾ (ਗੁਰਮੇਲ ਸੇਖਵਾਂ) : ਇਕ ਵਿਅਕਤੀ ਦੇ ਪੁੱਤਰ ਨੂੰ ਇਨਕਮ ਟੈਕਸ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਜ਼ੀਰਾ ਸਿਟੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜ਼ੀਰਾ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਭਗਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕੋਹਾਲਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੇ ਪੁੱਤਰ ਬਲਤੇਜ ਸਿੰਘ ਨੂੰ ਸਰਕਾਰੀ ਨੌਕਰੀ ਦਿਵਾਉਣਾ ਚਾਹੁੰਦਾ ਸੀ।
ਇਸ ਸਬੰਧੀ ਉਸ ਦੇ ਰਿਸ਼ਤੇਦਾਰ ਮਨਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਉਹ ਕੁਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਕਾਨ ਨੰਬਰ 354/2, ਸੈਕਟਰ 41-ਏ, ਚੰਡੀਗੜ੍ਹ ਨੂੰ ਜਾਣਦਾ ਹੈ, ਜਿਸ ਦੀ ਡਾਕ ਵਿਭਾਗ ਅਤੇ ਇਨਕਮ ਟੈਕਸ ਵਿਭਾਗ ਵਿਚ ਚੰਗੀ ਜਾਣ-ਪਛਾਣ ਹੈ ਅਤੇ ਉਹ 12ਵੀਂ ਪਾਸ ਲੜਕੇ-ਲੜਕੀਆਂ ਨੂੰ ਨੌਕਰੀ ’ਤੇ ਲਗਵਾਉਂਦਾ ਹੈ। ਸ਼ਿਕਾਇਤਕਰਤਾ ਅਨੁਸਾਰ ਇਸ ਤੋਂ ਬਾਅਦ ਉਸ ਨੇ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਮੁਲਜ਼ਮ ਨੇ ਉਸ ਦੇ ਪੁੱਤਰ ਨੂੰ ਇਨਕਮ ਟੈਕਸ ਵਿਭਾਗ ’ਚ ਨੌਕਰੀ ਲਗਵਾਉਣ ਬਦਲੇ 12 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਨੇ ਮੁਲਜ਼ਮ ਨੂੰ ਤਿੰਨ ਕਿਸ਼ਤਾਂ ’ਚ 12 ਲੱਖ ਰੁਪਏ ਦੇ ਦਿੱਤੇ ਪਰ ਮੁਲਜ਼ਮ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਨੌਕਰੀ ਦਿਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਨਾਮਜ਼ਦ ਵਿਅਕਤੀ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ : ਅਧਿਆਪਕਾਂ ਲਈ ਆਏ ਨਵੇਂ ਫ਼ਰਮਾਨ ਨੇ ਪਾਈ ਟੈਨਸ਼ਨ, ਕਰਨੀ ਪਵੇਗੀ ਆਹ ਸਪੈਸ਼ਲ ਡਿਊਟੀ
NEXT STORY