ਭਵਾਨੀਗੜ੍ਹ, (ਕਾਂਸਲ)- ਸਥਾਨਕ ਪੁਰਾਣੇ ਬੱਸ ਅੱਡੇ ਉਪਰ ਪੀ.ਆਰ.ਟੀ.ਸੀ ਦੇ ਚਾਲਕਾਂ ਵੱਲੋਂ ਬੱਸਾਂ ਨਾ ਰੋਕੇ ਜਾਣ ਦੇ ਰੋਸ ਵੱਜੋਂ ਅੱਜ ਫਿਰ ਅੱਡੇ ਉਪਰ ਪ੍ਰੇਸ਼ਾਨ ਹੋ ਰਹੇ ਮੁਸਾਫਰਾਂ ਅਤੇ ਕਿਸਾਨ ਆਗੂਆਂ ਨੇ ਹਾਈਵੇ ਵਿਚਕਾਰ ਖੜੇ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਬੱਸ ਅੱਡੇ ਉਪਰ ਉਸ ਸਮੇਂ ਤਨਾਅ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅੱਡੇ ਉਪਰ ਪੀ.ਆਰ.ਟੀ.ਸੀ ਦੇ ਚਾਲਕਾਂ ਵੱਲੋਂ ਬੱਸਾਂ ਨਾ ਰੋਕਣ ਕਾਰਨ ਇਥੇ ਆਪਣੀ ਮੰਜ਼ਿਲ ਉਪਰ ਪਹੁੰਚਣ ਲਈ ਪ੍ਰੇਸ਼ਾਨ ਹੋ ਰਹੀਆਂ ਵੱਡੀ ਗਿਣਤੀ 'ਚ ਔਰਤਾਂ ਦੀ ਪ੍ਰੇਸ਼ਾਨੀ ਨੂੰ ਦੇਖ਼ਦਿਆਂ ਕਿਸਾਨ ਆਗੂਆਂ ਨੇ ਇਥੇ ਸਰਕਾਰੀ ਬੱਸਾਂ ਦਾ ਘਿਰਾਓ ਕਰਕੇ ਸਵਾਰੀਆਂ ਬੱਸਾਂ ’ਚ ਚੜਾਇਆ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਣਜੀਤ ਸਿੰਘ ਬਾਲਦਕਲ੍ਹਾਂ, ਗੁਰਪ੍ਰੀਤ ਸਿੰਘ ਬਾਲਦ ਕਲ੍ਹਾਂ, ਕੁਲਵਿੰਦਰ ਸਿੰਘ ਸਰਾਓ, ਲਖਵੀਰ ਸਿੰਘ ਚਹਿਲਾਂ ਪੰਤੀ, ਹਰਦੀਪ ਸਿੰਘ ਬਬਲਾ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਕਰਨ ਤੋਂ ਬਾਅਦ ਔਰਤਾਂ ਲਈ ਬੱਸ ਸਫ਼ਰ ਕਰਨਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਔਰਤਾਂ ਨੂੰ ਬੱਸ ਅੱਡਿਆਂ ਉਪਰ ਖੜੇ ਦੇਖ ਸਰਕਾਰੀ ਬੱਸਾਂ ਵਾਲੇ ਬੱਸਾਂ ਵਾਲੇ ਬੱਸਾਂ ਅੱਡੇ ਉਪਰ ਰੋਕਣ ਦੀ ਥਾਂ ਅੱਡੇ ਤੋਂ 300 ਮੀਟਰ ਅੱਗੇ ਜਾ ਪਿਛੇ ਹੀ ਰੋਕ ਕੇ ਸਵਾਰੀਆਂ ਉਤਾਰ ਦਿੰਦੇ ਹਨ, ਜਿਸ ਕਾਰਨ ਬੱਸ ਅੱਡੇ ਉਪਰ ਖੜੇ ਸਾਰੇ ਹੀ ਮੁਸਾਫਰਾਂ ਨੂੰ ਕਈ-ਕਈ ਘੰਟੇ ਸਰਕਾਰੀ ਬੱਸਾਂ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਮੁਫਤ ਸਫ਼ਰ ਦੀ ਸਹੂਲਤ ਦਾ ਅਨੰਦ ਮਾਣਨ ਦੀ ਥਾਂ ਔਰਤਾਂ ਨੂੰ ਨਿੱਜੀ ਬੱਸਾਂ ’ਚ ਚੜ੍ਹ ਕੇ ਕਿਰਾਇਆ ਦੇ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਬੱਸਾਂ ਵਾਲੇ ਕੋਰੋਨਾ ਦਾ ਬਹਾਨਾਂ ਬਣਾ ਕੇ ਇਹ ਕਹਿਦੇ ਹਨ ਕਿ ਸਾਨੂੰ ਸਿਫਰ 24 ਤੋਂ 26 ਸਵਾਰੀਆਂ ਬਿਠਾਉਣ ਦੀ ਹੀ ਇਜ਼ਾਜਤ ਹੈ ਜਦੋਂ ਕਿ ਇਥੋਂ ਲੰਘਣ ਵਾਲੀਆਂ ਪ੍ਰਾਈਵੇਟ ਬੱਸਾਂ ’ਚ 70 ਤੋਂ ਉਪਰ ਸਵਾਰੀਆਂ ਚੜੀਆਂ ਨਜ਼ਰ ਆਉਂਦੀਆਂ ਹਨ। ਲੋਕਾਂ ਨੇ ਸਵਾਲ ਕੀਤਾ ਕਿ ਕੋਰੋਨਾ ਸਰਕਾਰੀ ਬੱਸਾਂ ’ਚ ਫੈਲਦਾ ਹੈ ਕਿ ਪ੍ਰਾਈਵੇਟ ਬੱਸਾਂ ’ਚ ਕੋਰੋਨਾ ਫੈਲਣ ਦਾ ਕੋਈ ਡਰ ਨਹੀਂ ਹੈ।
ਇਸੇ ਦੌਰਾਨ ਇਥੇ ਸਹਾਇਕ ਸਬ ਇੰਸਪੈਕਟਰ ਰਣਧੀਰ ਸਿੰਘ ਦੀ ਅਗਵਾਈ ਹੇਠ ਪਹੁੰਚੀ ਟ੍ਰੈਫ਼ਿਕ ਪੁਲਸ ਦੀ ਟੀਮ ਨੇ ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਸਰਕਾਰੀ ਬੱਸ ਦਾ ਚਲਾਨ ਵੀ ਕੀਤਾ। ਟ੍ਰੈਫ਼ਿਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਵੇਂ ਬੱਸ ਅੱਡੇ ਨੇੜੇ ਬੱਸ ਚਾਲਕ ਨੂੰ ਬੱਸ ਅੱਡੇ ਅੰਦਰ ਲਿਜਾਣ ਦਾ ਇਸ਼ਾਰਾ ਕੀਤਾ, ਪਰ ਚਾਲਕ ਉਥੋਂ ਬੱਸ ਭਜਾ ਲਿਆਇਆ। ਸਰਕਾਰੀ ਬੱਸ ਦੇ ਡਰਾਈਵਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਾਰਨ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਉਹ 26 ਸਵਾਰੀਆਂ ਬੱਸ ’ਚ ਲਿਜਾ ਰਹੇ ਹਨ, ਪਰ ਲੋਕ ਧੱਕੇ ਨਾਲ ਬੱਸ ’ਚ ਚੜ੍ਹਨ ਕਰਕੇ ਉਨ੍ਹਾਂ ਨੂੰ ਅੱਡੇ ਦੇ ਅੱਗੇ ਪਿਛੇ ਬੱਸ ਰੋਕ ਕੇ ਸਵਾਰੀ ਉਤਾਰੀ ਪੈਂਦੀ ਹੈ। ਇਸ ਸਬੰਧੀ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਮੌਕੇ ’ਤੇ ਆ ਕੇ ਬੱਸ ਅੱਡਿਆਂ ’ਤੇ ਪੁਲਸ ਦੇ ਕਰਮਚਾਰੀ ਖੜ੍ਹਾ ਦਿੱਤੇ ਹਨ। ਜਿਹੜੇ ਹਰ ਬੱਸ ਨੂੰ ਅੱਡੇ ਦੇ ਉਪਰ ਹੀ ਰੋਕਣਗੇ।
ਲਾਵਾਰਿਸ ਕਾਰ ’ਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼
NEXT STORY