ਮੋਗਾ (ਆਜ਼ਾਦ) : ਥਾਣਾ ਧਰਮੋਕਟ ਅਧੀਨ ਪੈਂਦੀ ਪੁਲਸ ਚੌਕੀ ਕਿਸ਼ਨਪੁਰਾ ਕਲਾਂ ਵੱਲੋਂ ਪੈਸਿਆਂ ਖਾਤਰ ਦੋਸਤ ਦੀ ਹੱਤਿਆ ਕਰਕੇ ਉਸ ਨੂੰ ਨਹਿਰ ਵਿਚ ਸੁੱਟਣ ਦੇ ਮਾਮਲੇ ਵਿਚ ਪੰਜ ਨੌਜਾਵਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਨਿਵਾਸੀ ਪਿੰਡ ਕੋਕਰੀ ਕਲਾਂ ਨੇ ਪੁਲਸ ਚੌਕੀ ਕਿਸ਼ਨਪੁਰਾ ਕਲਾਂ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਸੀ ਕਿ ਉਸ ਦਾ ਬੇਟਾ ਨਰਿੰਦਰ ਸਿੰਘ ਉਰਫ ਮੋਦੀ ਨੂੰ ਉਸ ਦੇ ਦੋਸਤ 20 ਜੁਲਾਈ ਨੂੰ ਬਾਅਦ ਦੁਪਹਿਰ ਘਰੋਂ ਬੁਲਾ ਕੇ ਲੈ ਗਏ ਸਨ ਪਰ ਮੇਰਾ ਬੇਟਾ ਘਰ ਵਾਪਸ ਨਾ ਆਇਆ, ਜਿਸ ’ਤੇ ਅਸੀਂ ਉਸਦੀ ਬਹੁਤ ਤਲਾਸ਼ ਕੀਤੀ। ਸਾਨੂੰ ਪਤਾ ਲੱਗਾ ਕਿ ਪਿੰਡ ਬੱਡੂਵਾਲਾ ਪੁਲ ਤੋਂ ਥੋੜਾ ਅੱਗੇ ਇਕ ਲਾਸ਼ ਰੁੜਦੀ ਜਾ ਰਹੀ ਹੈ, ਜਿਸ ’ਤੇ ਮੇਰੇ ਨਾਲ ਗਏ ਮੇਰੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਕੋਕਰੀ ਕਲਾਂ ਨੇ ਨਹਿਰ ਅੰਦਰ ਜਾ ਕੇ ਰੁੜਦੀ ਲਾਸ਼ ਨੂੰ ਬਾਹਰ ਕੱਢਿਆ ਤਾਂ ਉਹ ਮੇਰੇ ਬੇਟੇ ਨਰਿੰਦਰ ਸਿੰਘ ਮੋਦੀ ਦੀ ਸੀ, ਜਿਸ ਦੇ ਸਿਰ ਅਤੇ ਗੋਡਿਆਂ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਸਿਰ ਵਿਚੋਂ ਖੂਨ ਨਿਕਲ ਰਿਹਾ ਸੀ, ਜਿਸ ’ਤੇ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਪੋਸਟਮਾਰਟਮ ਲਈ ਭੇਜਿਆ।
ਅਸੀਂ ਆਪਣੇ ਤੌਰ ’ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਸੀ ਤਾਂ ਸਾਨੂੰ ਪਤਾ ਲੱਗਾ ਕਿ ਸੋਨੀ, ਗੁਰਜੰਟ ਸਿੰਘ ਉਰਫ਼ ਜੰਟਾ, ਗੁਰਦੀਪ ਸਿੰਘ ਉਰਫ਼ ਖੱਬੂ, ਗਗਨਦੀਪ ਸਿੰਘ ਉਰਫ ਗਗਨਾ ਅਤੇ ਰੂਪ ਸਿੰਘ ਉਰਫ ਬਾਬਾ ਸਾਰੇ ਨਿਵਾਸੀ ਪਿੰਡ ਕੋਕਰੀ ਕਲਾਂ ਮੇਰੇ ਬੇਟੇ ਨੂੰ ਘਰੋਂ ਬੁਲਾ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ ਸੀ ਅਤੇ ਮੇਰੇ ਬੇਟੇ ਕੋਲ 7 ਹਜ਼ਾਰ ਰੁਪਏ ਸਨ, ਜਿਨ੍ਹਾਂ ਨੇ ਪੈਸੇ ਖੋਹਣ ਦੀ ਖਾਤਰ ਉਸ ਨੂੰ ਜਾਨ ਤੋਂ ਮਾਰ ਕੇ ਪਿੰਡ ਇੰਦਗੜ੍ਹ ਕੋਲ ਨਹਿਰ ਵਿਚ ਸੁੱਟ ਦਿੱਤਾ।
ਪੁਲਸ ਨੇ ਸਾਰੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ, ਜਦਕਿ ਇਕ ਮੋਟਰਸਾਈਕਲ ਬਰਾਮਦ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਸਾਰੇ ਕਥਿਤ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਬਾਰੀਕੀ ਨਾਲ ਪੁੱਛ-ਗਿੱਛ ਕਰ ਕੇ ਨਰਿੰਦਰ ਸਿੰਘ ਨੂੰ ਜਾਨੋਂ ਮਾਰਨ ਦਾ ਅਸਲੀ ਕਾਰਣ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਪੁਲਸ ਇਹ ਵੀ ਜਾਨਣ ਦਾ ਯਤਨ ਕਰ ਰਹੀ ਹੈ ਕਿ ਕਥਿਤ ਮੁਲਜਮਾਂ ਦਾ ਹੋਰ ਤਾਂ ਕੋਈ ਸਾਥੀ ਨਹੀਂ ਹੈ।
ਅੱਧੀ ਰਾਤ ਨੂੰ ਘਰ ਵੱਲ ਸਿੱਧੇ ਫਾਇਰ ਕਰਨ ਦੇ ਦੋਸ਼ 'ਚ 7 ਖ਼ਿਲਾਫ਼ ਮਾਮਲਾ ਦਰਜ
NEXT STORY