ਜਲੰਧਰ (ਮ੍ਰਿਦੁਲ)– ਭਾਰਤੀ ਕਰੰਸੀ ਬਦਲੇ ਜਾਅਲੀ ਅਮਰੀਕੀ ਕਰੰਸੀ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਪੁਲਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ, ਜਦੋਂ ਕਿ ਉਸਦੇ 2 ਸਾਥੀ ਫ਼ਰਾਰ ਹੋ ਗਏ। ਪੁਲਸ ਨੇ ਕਾਬੂ ਮੁਲਜ਼ਮ ਕੋਲੋਂ ਇਕ ਬੈਗ ਵੀ ਬਰਾਮਦ ਕੀਤਾ ਹੈ, ਜਿਸ ਵਿਚ ਅਮਰੀਕੀ ਕਰੰਸੀ ਦੀ ਬਜਾਏ ਅਖਬਾਰੀ ਕਾਗਜ਼ ਸਨ।
ਐੱਸ. ਐੱਚ. ਓ. ਮਾਡਲ ਟਾਊਨ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਰੇਲਵੇ ਰੋਡ ਸਥਿਤ ਗ੍ਰੈਂਡ ਕਾਲੋਨੀ ਦੇ ਰਹਿਣ ਵਾਲੇ ਸੁਨੀਲ ਅਰੋੜਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੂੰ ਇਕ ਵਿਅਕਤੀ ਕਾਫੀ ਦਿਨਾਂ ਤੋਂ ਫੋਨ ਕਰ ਕੇ ਝਾਂਸੇ ਦੇ ਰਿਹਾ ਸੀ ਕਿ ਉਹ ਉਸਦੀ ਭਾਰਤੀ ਕਰੰਸੀ ਬਦਲੇ 6 ਲੱਖ ਅਮਰੀਕੀ ਡਾਲਰ ਦੇਵੇਗਾ। ਝਾਂਸੇ ਵਿਚ ਆ ਕੇ ਉਸਨੇ ਹਾਂ ਕਰ ਦਿੱਤੀ ਤਾਂ ਸੁਨੀਲ ਦੀ ਦੁਕਾਨ ਵਿਚ ਇਕ ਆਦਮੀ ਆਇਆ, ਜਿਸ ਨੇ ਪੁੱਛਿਆ ਕਿ ਕੀ ਤੁਹਾਡੇ ਪੈਸੇ ਦਾ ਇੰਤਜ਼ਾਮ ਹੋ ਗਿਆ ਹੈ ਤਾਂ ਉਸਨੇ ਹਾਮੀ ਭਰ ਦਿੱਤੀ। ਇਸ ’ਤੇ ਉਕਤ ਵਿਅਕਤੀ ਨੇ ਕਿਹਾ ਕਿ ਉਹ ਵਡਾਲਾ ਚੌਕ ਸਥਿਤ ਜੂਸ ਦੀ ਦੁਕਾਨ ’ਤੇ ਪੈਸੇ ਲੈ ਕੇ ਆ ਜਾਵੇ ਅਤੇ ਉਥੇ ਪੈਸੇ ਬਦਲ ਦਿੱਤੇ ਜਾਣਗੇ।
ਜਦੋਂ ਉਹ ਪੈਸਿਆਂ ਵਾਲਾ ਬੈਗ ਲੈ ਕੇ ਗਿਆ ਤਾਂ ਮੌਕੇ ’ਤੇ 3 ਆਦਮੀ ਖੜ੍ਹੇ ਸਨ, ਜਿਨ੍ਹਾਂ ਸੁਨੀਲ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣਾ 4 ਲੱਖ ਰੁਪਏ (ਭਾਰਤੀ ਕਰੰਸੀ) ਨਾਲ ਭਰਿਆ ਬੈਗ ਉਕਤ ਵਿਅਕਤੀਆਂ ਨੂੰ ਫੜਾ ਦਿੱਤਾ। ਬਦਲੇ ਵਿਚ ਜਦੋਂ ਮੁਲਜ਼ਮਾਂ ਵੱਲੋਂ ਅਮਰੀਕੀ ਕਰੰਸੀ ਵਾਲਾ ਬੈਗ ਦਿੱਤਾ ਗਿਆ ਤਾਂ ਉਸ ਨੂੰ ਚੈੱਕ ਕਰਨ ਤੋਂ ਬਾਅਦ ਉਸ ਵਿਚੋਂ ਅਖਬਾਰੀ ਕਾਗਜ਼ ਨਿਕਲੇ। ਇਸ ਦੌਰਾਨ ਭਾਰਤੀ ਕਰੰਸੀ ਵਾਲਾ ਬੈਗ ਲੈ ਕੇ 2 ਮੁਲਜ਼ਮ ਤਾਂ ਫ਼ਰਾਰ ਹੋ ਗਏ ਪਰ ਮੌਕੇ ਤੋਂ ਅਬਦੁੱਲ ਪੰਜੂ ਸ਼ੇਖ ਨਿਵਾਸੀ ਪੱਛਮੀ ਬੰਗਾਲ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਤਿੰਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਯੂਨੀਵਰਸਿਟੀ ਫਿਰ ਤੋਂ ਆਨਲਾਈਨ ਮੋਡ ’ਚ ਆਯੋਜਿਤ ਕਰੇਗੀ ਸਮੈਸਟਰ ਪ੍ਰੀਖਿਆਵਾਂ
NEXT STORY