ਫਗਵਾੜਾ (ਜਲੋਟਾ) : ਪੰਜਾਬ ਦੇ ਦੁਆਬਾ ਇਲਾਕੇ 'ਚ ਗੇਟਵੇ ਸਿਟੀ ਦੇ ਤੌਰ 'ਤੇ ਮੰਨਿਆ ਜਾਂਦਾ ਫਗਵਾੜਾ ਲੰਬੇ ਸਮੇਂ ਤੋਂ ਗੈਂਗਸਟਰਾਂ ਲਈ ਸੇਫ ਹੈਵਨ (ਸੁਰੱਖਿਅਤ ਥਾਂ) ਰਿਹਾ ਹੈ। ਇਕ ਪਾਸੇ ਜਿਥੇ ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵਲੋਂ ਗੈਂਗਸਟਰਾਂ ਤੇ ਗੈਂਗਸ ਨੂੰ ਖਤਮ ਕਰਨ ਲਈ ਵੱਡੇ ਪੱਧਰ 'ਤੇ ਆਪ੍ਰੇਸ਼ਨ ਚਲਾਏ ਜਾ ਰਹੇ ਹਨ, ਉਥੇ ਸ਼ਹਿਰ 'ਚ ਹੁਣ ਵੀ ਕਈ ਖਤਰਨਾਕ ਗੈਂਗਸਟਰ ਨਾਜਾਇਜ਼ ਅਸਲਾ ਤੇ ਗੋਲੀ ਸਿੱਕਾ ਲਏ ਖੁੱਲ੍ਹੇਆਮ ਘੁੰਮਦੇ ਦੇਖੇ ਜਾ ਸਕਦੇ ਹਨ।
ਖੁਫੀਆ ਤੰਤਰ ਦੇ ਸੂਤਰਾਂ ਮੁਤਾਬਕ ਪੰਜਾਬ 'ਚ ਹੋਣ ਵਾਲੀਆਂ ਵੱਡੀਆਂ ਵਾਰਦਾਤਾਂ ਦੀਆਂ ਸਾਜ਼ਿਸ਼ਾਂ ਫਗਵਾੜਾ ਤੇ ਆਸ-ਪਾਸ ਦੇ ਏਰੀਏ 'ਚ ਰਚੀਆਂ ਜਾਂਦੀਆਂ ਹਨ। ਭਾਵੇਂ ਹੀ ਪੁਲਸ ਵਲੋਂ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਅਪਰਾਧ ਦੀ ਦੁਨੀਆ ਦੇ ਇਹ ਖੌਫਨਾਕ ਅਪਰਾਧੀ ਆਪਣੇ ਮਜ਼ਬੂਤ ਸੰਪਰਕਾਂ ਜ਼ਰੀਏ ਸੁਰੱਖਿਅਤ ਥਾਵਾਂ 'ਤੇ ਰਹਿ ਰਹੇ ਹਨ।
ਫਗਵਾੜਾ ਪੁਲਸ ਦਾ ਰਿਕਾਰਡ ਇਸ ਤੱਥ ਦੀ ਗਵਾਹੀ ਦਿੰਦਾ ਹੈ ਕਿ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਪੁਲਸ ਅਧਿਕਾਰੀਆਂ 'ਤੇ ਵੀ ਫਾਇਰਿੰਗ ਕਰਨ ਤੋਂ ਨਹੀਂ ਡਰਦੇ ਹਨ। ਫਗਵਾੜਾ 'ਚ ਹੀ ਪੰਜਾਬ ਦੇ ਸਭ ਤੋਂ ਖਤਰਨਾਕ ਗੈਂਗ ਦੇ ਮੁਖੀ ਸੁੱਖਾ ਕਾਹਲਵਾਂ ਦੀ ਮਲੋਟ ਦੇ ਗੌਂਡਰ ਗੈਂਗ ਵਲੋਂ ਦਿਨ-ਦਿਹਾੜੇ ਅਸਲਾਧਾਰੀ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਹੱਤਿਆ ਕਰ ਦਿੱਤੀ ਗਈ ਸੀ। ਸ਼ਹਿਰ ਦੀ ਪਲਾਹੀ ਰੋਡ 'ਤੇ ਹੋਈ ਗੈਂਗਵਾਰ 'ਚ ਛੋਟਾ ਬੁੱਗਾ ਗੈਂਗ ਦੇ ਮੁਖੀ ਦੀ ਵੀ ਹੱਤਿਆ ਕੀਤੀ ਗਈ ਸੀ। ਇਸੇ ਤਰ੍ਹਾਂ ਇਥੇ ਕਈ ਹੋਰ ਖਤਰਨਾਕ ਗੈਂਗਸਟਰਾਂ ਦੀ ਦੂਜੇ ਗੈਂਗ ਦੇ ਗੁਰਗਿਆਂ ਵਲੋਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਫਗਵਾੜਾ ਪੁਲਸ ਨੇ ਹੁਣੇ ਜਿਹੇ ਫਗਵਾੜਾ ਤੇ ਆਸ-ਪਾਸ ਦੇ ਕਸਬਿਆਂ 'ਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਜਾ ਰਹੇ ਰਮਨਜੋਤ ਗੈਂਗ ਦਾ ਪਰਦਾਫਾਸ਼ ਕਰਕੇ ਇਨ੍ਹਾਂ ਦੇ ਹਵਾਲੇ ਨਾਲ ਭਾਰੀ ਮਾਤਰਾ 'ਚ ਨਾਜਾਇਜ਼ ਅਸਲਾ ਤੇ ਗੋਲੀ-ਸਿੱਕਾ ਆਦਿ ਬਰਾਮਦ ਕੀਤਾ ਹੈ।
ਗੈਂਗਸਟਰ ਜੈਪਾਲ ਪੁਲਸ ਲਈ ਸਭ ਤੋਂ ਵੱਡੀ ਚੁਣੌਤੀ
ਸ਼ਹਿਰ 'ਚ ਕੁਝ ਸਮਾਂ ਪਹਿਲਾਂ ਹੋਏ ਬਹੁ-ਚਰਚਿਤ ਸੁੱਖਾ ਕਾਹਲਵਾਂ ਹੱਤਿਆਕਾਂਡ, ਜਿਸ ਦੀ ਗੂੰਜ ਪੂਰੇ ਉੱਤਰ ਭਾਰਤ 'ਚ ਹੋ ਰਹੀ ਹੈ, 'ਚ ਕਥਿਤ ਤੌਰ 'ਤੇ ਸ਼ਾਮਲ 4 ਖਤਰਨਾਕ ਗੈਂਗਸਟਰ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਨ੍ਹਾਂ ਦੀ ਤਲਾਸ਼ 'ਚ ਥਾਣਾ ਸਦਰ ਫਗਵਾੜਾ ਦੀਆਂ ਟੀਮਾਂ ਪਿਛਲੇ 2 ਸਾਲਾਂ ਤੋਂ ਲਗਾਤਾਰ ਗੁਪਤ ਤੌਰ 'ਤੇ ਛਾਪੇਮਾਰੀ ਕਰ ਰਹੀਆਂ ਹਨ ਪਰ ਨਤੀਜਾ ਜ਼ੀਰੋ ਹੈ।
ਉਕਤ 4 ਗੈਂਗਸਟਰਾਂ ਦੀ ਪਛਾਣ ਫਿਰੋਜ਼ਪੁਰ ਦੇ ਜੈਪਾਲ ਸਿੰਘ, ਜਲੰਧਰ ਦੇ ਪ੍ਰੇਮਾ ਲਾਹੌਰੀਆ, ਜ਼ਿਲਾ ਸਿਰਸਾ ਹਰਿਆਣਾ ਦੇ ਸੰਦੀਪ ਸਿੰਘ ਪਹਿਲਵਾਨ ਤੇ ਮਸ਼ਹੂਰ ਗੈਂਗਸਟਰ ਤੀਰਥ ਸਿੰਘ ਢਿੱਲਵਾਂ ਦੇ ਰੂਪ 'ਚ ਹੋਈ ਹੈ। ਸੂਤਰਾਂ ਅਨੁਸਾਰ ਉਕਤ ਗੈਂਗਸਟਰਾਂ 'ਚ ਸਭ ਤੋਂ ਖਤਰਨਾਕ ਜੈਪਾਲ ਸਿੰਘ ਦੇ ਪੰਜਾਬ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਤੇ ਉਤਰ ਪ੍ਰਦੇਸ਼ 'ਚ ਨਾਜਾਇਜ਼ ਅਸਲਾ ਵਿਕਰੀ ਕਰਨ ਵਾਲੇ ਗੈਂਗਸਟਰ, ਜੋ ਸਰਹੱਦ ਪਾਰ ਤੋਂ ਵੀ ਆਧੁਨਿਕ ਅਸਲਾ ਸਪਲਾਈ ਕਰਦੇ ਹਨ, ਦੇ ਨਾਲ ਨਜ਼ਦੀਕੀ ਸੰਬੰਧ ਹਨ। ਜੈਪਾਲ ਸਿੰਘ ਜੋ ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਹੋਈਆਂ 50 ਵੱਡੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਦਾ ਪੁਲਸ ਦੇ ਹੱਥ ਨਾ ਆਉਣਾ ਖਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਸੁਰੱਖਿਆ ਏਜੰਸੀਆਂ ਤੇ ਪੁਲਸ ਦੇ ਸੂਤਰ ਇਹ ਪੁਸ਼ਟੀ ਕਰ ਰਹੇ ਹਨ ਕਿ ਪੰਜਾਬ 'ਚ ਕਿਸੇ ਵੀ ਸਮੇਂ ਵੱਡੀ ਗੈਂਗਵਾਰ ਹੋ ਸਕਦੀ ਹੈ।
ਪਕੋਕਾ ਕਾਨੂੰਨ ਲਾਗੂ ਨਾ ਹੋਣ ਨਾਲ ਗੈਂਗਸਟਰਾਂ ਦੇ ਹੌਸਲੇ ਬੁਲੰਦ
ਸੁੱਖਾ ਕਾਹਲਵਾਂ ਦੀ ਹੱਤਿਆਕਾਂਡ ਦੀ ਤਰਜ਼ 'ਤੇ ਜੈਪਾਲ ਗੈਂਗ ਦੇ ਗੁਰਗੇ ਸੂਬੇ 'ਚ ਸਰਗਰਮ ਵਿਰੋਧੀ ਗੈਂਗਸਟਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ, ਕਿਉਂਕਿ ਉਸ ਨੇ ਗੁਆਂਢੀ ਰਾਜਾਂ 'ਚ ਸਰਗਰਮ ਸੰਪਰਕ ਸੂਤਰਾਂ ਦੇ ਰਾਹੀਂ ਵੱਡੇ ਪੱਧਰ 'ਤੇ ਅਸਲਾ ਤੇ ਗੋਲੀ-ਸਿੱਕਿਆਂ ਦੀ ਖਰੀਦ ਕੀਤੀ ਹੈ। ਪੰਜਾਬ 'ਚ ਮਾਫੀਆ ਬਣ ਕੇ ਸਰਗਰਮ ਹੋ ਚੁੱਕੇ ਗੈਂਗਸਟਰਾਂ ਦੇ ਹੌਸਲੇ ਸੂਬਾ ਸਰਕਾਰ ਵਲੋਂ ਨਵੇਂ ਸਿਰੇ ਤੋਂ ਬਣਾਏ ਗਏ ਪਕੋਕਾ ਕਾਨੂੰਨ ਦੇ ਸੂਬੇ 'ਚ ਲਾਗੂ ਨਾ ਹੋਣ ਨਾਲ ਵੀ ਬੁਲੰਦੀਆਂ ਨੂੰ ਛੂਹ ਰਹੇ ਹਨ।
ਨਸ਼ੇ ਦੇ ਸਪਲਾਇਰ ਬਣੇ ਜ਼ਿਆਦਾਤਰ ਗੈਂਗਸਟਰ
ਮੌਜੂਦਾ ਸਮੇਂ 'ਚ ਸਭ ਤੋਂ ਖਤਰਨਾਕ ਪਹਿਲੂ ਇਹ ਬਣਿਆ ਹੈ ਕਿ ਜ਼ਿਆਦਾਤਰ ਗੈਂਗ ਤੇ ਗੈਂਗਸਟਰ ਨਸ਼ੇ ਦੇ ਸਪਲਾਇਰ ਬਣ ਚੁੱਕੇ ਹਨ। ਗੈਂਗਸਟਰ ਖੁਦ ਵੀ ਨਸ਼ਾ ਕਰਦੇ ਹਨ ਅਤੇ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ 'ਚ ਵੀ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਕਰਦੇ ਹਨ। ਇਨ੍ਹਾਂ 'ਚੋਂ ਕਈਆਂ ਨੂੰ ਪੁਖਤਾ ਤੌਰ 'ਤੇ ਰਾਜਨੇਤਾਵਾਂ ਤੇ ਰਾਜਨੀਤਕ ਦਲਾਂ ਦੀ ਸੁਰੱਖਿਆ ਪ੍ਰਾਪਤ ਹੈ, ਜਿਸ ਕਾਰਨ ਇਹ ਡੰਕੇ ਦੀ ਚੋਟ 'ਤੇ ਡਰੱਗਜ਼ ਦਾ ਕਾਲਾ ਧੰਦਾ ਚਲਾਉਂਦੇ ਹਨ ਅਤੇ ਮੌਕਾ ਮਿਲਣ 'ਤੇ ਗੈਂਗਵਾਰ ਕਰਕੇ ਆਪਣੀ ਦਹਿਸ਼ਤ ਫੈਲਾ ਦਿੰਦੇ ਹਨ। ਇਸ ਦੀ ਸੱਚਾਈ ਗੈਂਗਸਟਰਾਂ ਵਲੋਂ ਹਰ ਰੋਜ਼ ਅਪਡੇਟ ਕੀਤੀ ਜਾਂਦੀ ਆਪਣੀ ਫੇਸਬੁੱਕ 'ਤੇ ਦੇਖੀ ਜਾ ਸਕਦੀ ਹੈ, ਜਿਸ ਨੂੰ ਇਹ ਜੇਲ 'ਚ ਬੰਦ ਹੋਣ ਤੋਂ ਬਾਅਦ ਵੀ ਆਪ੍ਰੇਟ ਕਰਦੇ ਹਨ। ਇਸੇ ਦੇ ਰਾਹੀਂ ਆਪਣੇ ਵਿਰੋਧੀ ਗੈਂਗਸਟਰਾਂ ਨੂੰ ਲਲਕਾਰਦੇ ਹਨ ਤੇ ਫਿਰ ਗੈਂਗਵਾਰ ਕਰਦੇ ਹਨ।
ਪ੍ਰੇਮੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਨੇ ਚੁੱਕਿਆ ਇਹ ਕਦਮ...
NEXT STORY