ਲੁਧਿਆਣਾ, (ਰਿਸ਼ੀ, ਡਾ. ਪ੍ਰਦੀਪ)- ਮਈ 2018 ’ਚ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਸੁੱਖਾ ਕਾਹਲਵਾਂ ਗਰੁੱਪ ਦੇ ਗੈਂਗਸਟਰ ਅਮਨਵੀਰ ਸਿੰਘ ਉਰਫ ਲਾਲੀ ਚੀਮਾ ਮੰਗਲਵਾਰ ਸ਼ਾਮ ਪੁਲਸ ਸਟੇਸ਼ਨ ਡੇਹਲੋਂ ਤੋਂ ਸਿਰਫ 100 ਗਜ਼ ਦੀ ਦੂਰੀ ’ਤੇ ਡੇਹਲੋਂ ਚੌਕ ’ਚ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ (ਓ. ਸੀ. ਸੀ. ਯੂ.) ਦੇ ਅਾਪ੍ਰੇਸ਼ਨ ਦੌਰਾਨ ਕਰਾਸ ਫਾਇਰਿੰਗ ’ਚ ਜ਼ਖ਼ਮੀ ਹੋ ਗਿਆ। ਪੁਲਸ ਨੇ ਉਸ ਨੂੰ ਤੁਰੰਤ ਇਲਾਜ ਲਈ ਡੇਹਲੋਂ ਦੇ ਸਰਕਾਰੀ ਹਸਪਤਾਲ ’ਚ ਪਹੁੰਚਾ ਦਿੱਤਾ, ਜਿੱਥੇ ਡਾਕਟਰਾਂ ਨੇ ਇਲਾਜ ਤੋਂ ਬਾਅਦ 7.50 ਵਜੇ ਸਿਵਲ ਹਸਪਤਾਲ ਲੁਧਿਆਣਾ ’ਚ ਰੈਫਰ ਕਰ ਦਿੱਤਾ। ਗੈਂਗਸਟਰ ਦੀ ਖੱਬੀ ਲੱਤ ’ਚ ਗੋਲੀ ਲੱਗੀ ਹੈ।
ਜਾਣਕਾਰੀ ਅਨੁਸਾਰ ਗੈਂਗਸਟਰ ਲਾਲੀ ਚੀਮਾ, ਕੁਲਦੀਪ ਕਾਕਾ ਆਪਣੇ ਇਕ ਹੋਰ ਸਾਥੀ ਨਾਲ ਸਵਿਫਟ ਕਾਰ ’ਚ ਸਨ। ਜਦ ਉਹ ਡੇਹਲੋਂ ਮਾਰਕੀਟ ’ਚ ਇਕ ਦੁਕਾਨ ’ਤੇ ਆ ਕੇ ਰੁਕੇ ਤਾਂ ਚੀਮਾ ਕਾਰ ਤੋਂ ਉਤਰ ਕੇ ਦੁਕਾਨ ਵੱਲ ਗਿਆ। ਪੁਲਸ ਨੂੰ ਆਪਣੇ ਵੱਲ ਆਉਂਦੇ ਦੇਖ ਪਹਿਲਾਂ ਉਸ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ’ਚ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਿਆ। ਪੁਲਸ ਨੇ ਸਵਿਫਟ ਕਾਰ ਸਮੇਤ ਉਸਦੇ ਦੂਜੇ ਸਾਥੀ ਕਾਕਾ ਨੂੰ ਵੀ ਦਬੋਚ ਲਿਆ, ਜਦਕਿ ਤੀਜਾ ਫਰਾਰ ਹੋ ਗਿਆ। ਗੈਂਗਸਟਰ ਲਾਲੀ ਚੀਮਾ ਕਪੂਰਥਲਾ ਦੇ ਪਿੰਡ ਬੁਸੇਵਾਲਾ ਤੇ ਕੁਲਦੀਪ ਸਿੰਘ ਕਾਕਾ ਕਪੂਰਥਲਾ ਦੇ ਪਿੰਡ ਤਲਵੰਡੀ ਭਾਈ ਦਾ ਰਹਿਣ ਵਾਲਾ ਹੈ। ਇਨ੍ਹਾਂ ’ਤੇ 10 ਵੱਡੇ ਮਾਮਲੇ ਦਰਜ ਹਨ।
SC ਦੀ ਸੰਵਿਧਾਨ ਬੈਂਚ ਮਹੱਤਵਪੂਰਨ ਵਿਸ਼ਿਆਂ 'ਤੇ ਕਰੇਗੀ ਸੁਣਵਾਈ (ਪੜ੍ਹੋ 27 ਮਾਰਚ ਦੀਆਂ ਖਾਸ ਖਬਰਾਂ)
NEXT STORY