ਚੰਡੀਗੜ੍ਹ (ਸੰਦੀਪ) : ਦੋ ਵਿਦਿਆਰਥੀਆਂ ਦੇ ਨਾਲ ਸੈਕਟਰ-10 ਵਿਚ ਕੁੱਟਮਾਰ ਕਰਨ ਦੇ ਮਾਮਲੇ ਵਿਚ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਨੇ ਗੈਂਗਸਟਰ ਸੰਪਤ ਨਹਿਰਾ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਪੁਲਸ ਨੇ ਇਸ ਕੇਸ ਵਿਚ ਮੁਲਜ਼ਮਾਂ ਖਿਲਾਫ਼ ਗੈਰ-ਇਰਾਦਤਨ ਹੱਤਿਆ ਦੀ ਕੋਸ਼ਿਸ਼ (ਆਈ. ਪੀ. ਸੀ. ਦੀ ਧਾਰਾ 308) ਤਹਿਤ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ NIA ਪੁੱਜੀ ਹਾਈਕੋਰਟ
ਹੁਣ ਨਹਿਰਾ ਖਿਲਾਫ਼ 1 ਜੁਲਾਈ ਤੋਂ ਮੁਕੱਦਮਾ ਸ਼ੁਰੂ ਹੋਵੇਗਾ, ਜਦਕਿ ਇਸ ਕੇਸ ਵਿਚ ਮਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਮੁਲਜ਼ਮ ਸਨ ਪਰ ਕੋਰਟ ਨੇ ਉਨ੍ਹਾਂ ਨੂੰ 2 ਮਹੀਨੇ ਪਹਿਲਾਂ ਹੀ ਬਰੀ ਕਰ ਦਿੱਤਾ ਸੀ। ਨਹਿਰਾ ਇਸ ਕੇਸ ਵਿਚ ਪੀ. ਓ. ਸੀ ਪਰ ਸ਼ੁੱਕਰਵਾਰ ਬਠਿੰਡਾ ਜੇਲ੍ਹ ਤੋਂ ਲਿਆ ਕੇ ਉਸ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ।
ਧਿਆਨ ਦੇਣਯੋਗ ਹੈ ਕਿ 28 ਜੁਲਾਈ 2016 ਨੂੰ ਸੈਕਟਰ-10 ’ਚ ਮਿਊਜ਼ੀਅਮ ਦੇ ਸਾਹਮਣੇ ਵਾਲੀ ਪਾਰਕਿੰਗ ਵਿਚ ਜਸਪ੍ਰੀਤ ਸਿੰਘ ਅਤੇ ਸੰਦੀਪ ਨਾਂ ਦੇ ਵਿਦਿਆਰਥੀਆਂ ’ਤੇ ਕੁਝ ਲੜਕਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਕੇਸ ਵਿਚ ਸੰਪਤ ਨਹਿਰਾ ਸਮੇਤ ਹੋਰ ਮੁਲਜ਼ਮਾਂ ਖਿਲਾਫ਼ ਸਬੰਧਤ ਥਾਣਾ ਪੁਲਸ ਵੱਲੋਂ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਅਦਾਲਤ ਵਿਚ ਗਵਾਹੀ ਦੌਰਾਨ ਸੰਦੀਪ ਬਿਆਨਾਂ ਤੋਂ ਮੁੱਕਰ ਗਿਆ ਸੀ, ਜਿਸ ਕਾਰਨ ਹੀ ਸਬੂਤਾਂ ਦੀ ਘਾਟ ਕਾਰਨ 2 ਨੂੰ ਬਰੀ ਕੀਤਾ ਜਾ ਚੁੱਕਾ ਹੈ। ਸੰਪਤ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਗਵਾਹ ਨੂੰ ਧਮਕਾਉਣ ਦੇ ਮਾਮਲੇ ’ਚ 2 ਲੋਕਾਂ ਦੀ ਗਵਾਹੀ
ਸ਼ੁੱਕਰਵਾਰ ਜਦੋਂ ਸੰਪਤ ਨਹਿਰਾ ਨੂੰ ਜ਼ਿਲ੍ਹਾ ਅਦਾਲਤ ਵਿਚ ਲਿਆਂਦਾ ਗਿਆ ਤਾਂ ਉਸ ਖਿਲਾਫ਼ ਦਰਜ 2 ਹੋਰ ਕੇਸਾਂ ਵਿਚ ਵੀ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਖਿਲਾਫ਼ ਗਵਾਹ ਨੂੰ ਧਮਕਾਉਣ ਅਤੇ ਫਿਰੌਤੀ ਮੰਗਣ ਦਾ ਵੀ ਕੇਸ ਦਰਜ ਹੈ। ਇਨ੍ਹਾਂ ਦੋਵਾਂ ਕੇਸਾਂ ਵਿਚ ਉਸ ਨੂੰ 9 ਜੂਨ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੰਪਤ ਨਹਿਰਾ ਖਿਲਾਫ਼ 5 ਸਾਲ ਪਹਿਲਾਂ ਸੈਕਟਰ-36 ਥਾਣਾ ਪੁਲਸ ਨੇ ਕੇਸ ਦਰਜ ਕੀਤਾ ਸੀ, ਜਿਸ ਵਿਚ ਉਸ ’ਤੇ ਦੋਸ਼ ਹੈ ਕਿ ਉਸ ਨੇ ਕਿਸੇ ਕੇਸ ਵਿਚ ਗਵਾਹ ਨੂੰ ਵਟਸਐਪ ਕਾਲ ਕਰ ਕੇ ਕਾਲੀ ਸ਼ੂਟਰ ਦੇ ਹੱਕ ਵਿਚ ਗਵਾਹੀ ਦੇਣ ਲਈ ਧਮਕਾਇਆ ਸੀ। ਦੋਸ਼ ਤਹਿਤ ਉਸ ਨੇ ਗਵਾਹ ਨੂੰ ਧਮਕਾਉਂਦਿਆਂ ਕਿਹਾ ਸੀ ਕਿ ਜੇਕਰ ਉਹ ਅਜਿਹਾ ਨਹੀਂ ਕਰੇਗਾ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸ ਕੇਸ ਵਿਚ ਵੀ ਸੰਪਤ ਨਹਿਰਾ ਨੂੰ ਪੇਸ਼ ਕੀਤਾ ਗਿਆ। ਇਸ ਕੇਸ ਦੀ ਅਦਾਲਤ ਵਿਚ ਸੁਣਵਾਈ ਦੌਰਾਨ 2 ਦੀ ਗਵਾਹੀ ਹੋਈ ਹੈ।
ਵਕੀਲ ਨੇ ਦਲੀਲ ਦਿੱਤੀ, ਪੁਲਸ ਨੇ ਗ਼ਲਤ ਕੇਸ ਪੇਸ਼ ਕੀਤਾ
ਸੈਕਟਰ-3 ਥਾਣਾ ਪੁਲਸ ਨੇ ਸੰਪਤ ਖਿਲਾਫ਼ ਕੁਝ ਸਾਲ ਪਹਿਲਾਂ ਮਸ਼ਹੂਰ ਕੈਮਿਸਟ ਸ਼ਾਪ ਦੇ ਸੰਚਾਲਕਾਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਵਟਸਐਪ ਕਾਲ ਕਰ ਕੇ ਉਨ੍ਹਾਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਸ਼ਿਕਾਇਤ ’ਤੇ ਜਾਂਚ ਕਰਦਿਆਂ ਹੀ ਪੁਲਸ ਨੇ ਸੰਪਤ ਖਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਇਸ ਕੇਸ ਵਿਚ ਅਦਾਲਤ ਵਿਚ ਸੁਣਵਾਈ ਦੌਰਾਨ ਉਸ ਵੱਲੋਂ ਵਕੀਲ ਰਮਨ ਸਿਹਾਗ ਨੇ ਦਲੀਲ ਦਿੱਤੀ ਕਿ ਉਸ ’ਤੇ ਪੁਲਸ ਨੇ ਗ਼ਲਤ ਕੇਸ ਦਰਜ ਕੀਤਾ ਸੀ। ਉਨ੍ਹਾਂ ਨੇ ਅਦਾਲਤ ਵਿਚ ਡਿਸਚਾਰਜ ਐਪਲੀਕੇਸ਼ਨ ਵੀ ਲਾਈ ਹੈ। ਉਨ੍ਹਾਂ ਵਲੋਂ ਦਰਜ ਕੀਤੀ ਗਈ ਐਪਲੀਕੇਸ਼ਨ ’ਤੇ ਅਦਾਲਤ ਨੇ ਪੁਲਸ ਤੋਂ ਜਵਾਬ ਮੰਗਿਆ ਹੈ।
ਨਵੀਂ ਵਾਰਡਬੰਦੀ ਦਾ ਡਰਾਫਟ ਵਾਇਰਲ, ਕੌਂਸਲਰ ਬਣਨ ਦੇ ਇੱਛੁਕ ਆਗੂਆਂ ਦੀਆਂ ਵਧੀਆਂ ਧੜਕਣਾਂ
NEXT STORY