ਲੁਧਿਆਣਾ (ਰਾਜ)-ਪੁਲਸ ਕਸਟਡੀ ’ਚ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲਕਾਂਡ ’ਚ ਸ਼ਾਮਲ ਪੰਜਾਬ ਦੇ ਏ-ਕੈਟਾਗਰੀ ਦੇ ਗੈਂਗਸਟਰ ਤੀਰਥ ਢਿੱਲਵਾਂ ਦੀ ਬੁੱਧਵਾਰ ਦੇਰ ਰਾਤ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਬ੍ਰੇਨ ਹੈਮਰੇਜ ਦੀ ਸ਼ਿਕਾਇਤ ਤੋਂ ਬਾਅਦ ਤੀਰਥ ਢਿੱਲਵਾਂ ਨੂੰ ਫਰੀਦਕੋਟ ਤੋਂ ਲੁਧਿਆਣਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਅ ਸੀ। ਉਸ ਦਾ ਇਲਾਜ ਚੱਲ ਰਿਹਾ ਸੀ ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। ਤੀਰਥ ਢਿੱਲਵਾਂ, ਗੈਂਗਸਟਰ ਸੁੱਖਾ ਕਾਹਲਵਾਂ ਅਤੇ ਗੈਂਗਸਟਰ ਜਸਵਿੰਦਰ ਸਿੰਘ ਰਾਕੀ ਕਤਲਕਾਂਡ ’ਚ ਸ਼ਾਮਲ ਰਿਹਾ ਸੀ। ਅਸਲ ’ਚ ਗੈਂਗਸਟਰ ਵਿੱਕੀ ਗੌਂਡਰ ਅਤੇ ਜੈਪਾਲ ਭੁੱਲਰ ਦੇ ਨੇੜਲੇ ਸਾਥੀਆਂ ’ਚ ਸ਼ਾਮਲ ਤੀਰਥ ਢਿੱਲਵਾਂ ਨੂੰ ਪੰਜਾਬ ਪੁਲਸ ਨੇ 3 ਮਾਰਚ 2018 ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਇਕ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਸਨ, ਜੋ ਪਿਛਲੇ 6 ਸਾਲਾਂ ਤੋਂ ਵਾਰਦਾਤਾਂ ਕਰ ਰਿਹਾ ਸੀ। ਉਹ ਪੰਜਾਬ ਦਾ ਏ-ਕੈਟਾਗਰੀ ਦਾ ਗੈਂਗਸਟਰ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ
ਕਬੱਡੀ ਦਾ ਬਿਹਤਰ ਖਿਡਾਰੀ ਰਿਹਾ ਤੀਰਥ ਢਿੱਲਵਾਂ 2010 ’ਚ ਅਪਰਾਧ ਦੀ ਦੁਨੀਆ ’ਚ ਆਇਆ। ਉਸ ਨੇ ਸਭ ਤੋਂ ਪਹਿਲਾਂ ਕਤਲ ਆਪਣੇ ਹੀ ਜੀਜੇ ਦਾ ਕੀਤਾ ਸੀ ਕਿਉਂਕਿ ਉਸ ਦਾ ਜੀਜਾ ਉਸ ਦੀ ਭੈਣ ਨੂੰ ਤੰਗ ਕਰਦਾ ਸੀ। ਇਸ ਮਾਮਲੇ ’ਚ ਤੀਰਥ ਗ੍ਰਿਫ਼ਤਾਰ ਹੋ ਗਿਆ ਸੀ ਪਰ ਇਕ ਹੋਰ ਗੈਂਗਸਟਰ ਨਾਲ ਮਿਲ ਕੇ ਤੀਰਥ ਜੇਲ੍ਹ ’ਚੋਂ ਫਰਾਰ ਹੋ ਗਿਆ ਸੀ। ਫਿਰ ਉਸ ਨੂੰ ਪੁਲਸ ਵੱਲੋਂ ਭਗੌੜਾ ਐਲਾਨ ਦਿੱਤਾ ਗਿਆ ਸੀ। ਉਸ ਤੋਂ ਬਾਅਦ ਗੈਂਗਸਟਰ ਤੀਰਥ ਅਪਰਾਧ ਦੀ ਦੁਨੀਆ ’ਚ ਇੰਨਾ ਅੱਗੇ ਨਿਕਲ ਗਿਆ ਕਿ ਗੈਂਗਸਟਰ ਜੈਪਾਲ ਭੁੱਲਰ ਦਾ ਸਭ ਤੋਂ ਕਰੀਬੀ ਬਣ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਤੀਰਥ ਦੀ ਪਹਿਲਾਂ ਪੁਲਸ ਰਿਕਾਰਡ ’ਚ ਕੋਈ ਫੋਟੋ ਹੀ ਨਹੀਂ ਸੀ। ਇਸ ਲਈ ਉਹ ਕਾਫੀ ਸਮੇਂ ਤੱਕ ਪੁਲਸ ਤੋਂ ਬਚਦਾ ਰਿਹਾ।
ਇਸ ਤੋਂ ਇਲਾਵਾ ਲੱਖਾ ਸਿਧਾਣਾ ’ਤੇ ਵੀ ਤੀਰਥ ਨੇ ਹਮਲਾ ਕੀਤਾ ਸੀ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਉਹ ਵੀ ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ ’ਚ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜ਼ਮਾਨਤ ’ਤੇ ਜੇਲ੍ਹ ਤੋਂ ਕੁਝ ਮਹੀਨੇ ਪਹਿਲਾਂ ਹੀ ਬਾਹਰ ਆਇਆ ਸੀ। ਬਾਹਰ ਆਉਣ ਤੋਂ ਬਾਅਦ ਉਸ ਦੀ ਸਿਹਤ ਖ਼ਰਾਬ ਹੋ ਗਈ ਸੀ। ਬ੍ਰੇਨ ਹੈਮਰੇਜ ਹੋ ਜਾਣ ’ਤੇ ਉਸ ਨੂੰ ਫਰੀਦਕੋਟ ਤੋਂ ਲੁਧਿਆਣਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਬੁੱਧਵਾਰ ਰਾਤ ਉਸ ਦੀ ਮੌਤ ਹੋ ਗਈ।
CM ਮਾਨ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ, SYL 'ਤੇ ਸੁਪਰੀਮ ਕੋਰਟ 'ਚ ਸੁਣਵਾਈ ਟਲੀ, ਪੜ੍ਹੋ TOP 10
NEXT STORY