ਮਾਛੀਵਾੜਾ ਸਾਹਿਬ (ਟੱਕਰ) : ਭਾਰਤ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਵਲੋਂ ਸਮਲਿੰਗੀ ਵਿਆਹ ਨੂੰ ਅਪਰਾਧ ਨਾ ਮੰਨਣ ਦੇ ਫੈਸਲੇ ਤੋਂ ਬਾਅਦ ਅਜਿਹੇ ਹੋਣ ਵਾਲੇ ਵਿਆਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮਾਛੀਵਾੜਾ ਇਲਾਕੇ 'ਚ ਵੀ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸ਼ਹਿਰ 'ਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਵਾਸੀ ਦਮਨ ਲਾਲ (ਕਾਲਪਨਿਕ ਨਾਂ) ਜਿਸ ਦੀ ਉਮਰ ਕਰੀਬ 45 ਸਾਲ ਹੈ, ਜੋ ਕਿ ਚਾਰ ਬੱਚਿਆਂ ਦਾ ਪਿਤਾ ਵੀ ਹੈ। ਇਸ ਵਿਅਕਤੀ ਦੇ ਪਿਛਲੇ ਕੁੱਝ ਮਹੀਨਿਆਂ ਤੋਂ ਮਾਛੀਵਾੜਾ ਦੇ ਹੀ ਰਹਿਣ ਵਾਲੇ ਇੱਕ 'ਸਮਲਿੰਗੀ' (ਗੇਅ) ਨਾਲ ਪ੍ਰੇਮ ਸਬੰਧ ਬਣ ਗਏ ਅਤੇ ਇਹ ਜੋੜਾ ਪਿਆਰ ਦੀ ਪੀਘਾਂ ਝੂਟਣ ਲੱਗ ਪਿਆ। ਇਨ੍ਹਾਂ ਦੋਹਾਂ ਦੇ ਪ੍ਰੇਮ ਦੇ ਚਰਚੇ ਵੀ ਛਿੜੇ।
'ਸਮਲਿੰਗੀ' 'ਚ ਲੜਕੀਆਂ ਦੇ ਲੱਛਣ ਸਨ ਅਤੇ ਉਹ ਕਈ ਵਾਰ ਪਹਿਰਾਵਾ ਵੀ ਲੜਕੀਆਂ ਵਾਲਾ ਪਾਉਂਦਾ ਸੀ ਜਿਸ ਤੋਂ ਦੋਹਾਂ ਹੀ ਪਰਿਵਾਰਾਂ ਦੇ ਮੈਂਬਰ ਪਰੇਸ਼ਾਨ ਰਹਿਣ ਲੱਗ ਪਏ। ਵਿਆਹੁਤਾ ਦਮਨ ਲਾਲ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਹਾਂ ਨੂੰ ਕਾਫ਼ੀ ਸਮਝਾਇਆ ਕਿ ਅਜਿਹੇ ਰਿਸ਼ਤਿਆਂ ਨੂੰ ਸਮਾਜ ਮਾਨਤਾ ਨਹੀਂ ਦਿੰਦਾ ਅਤੇ ਉਹ ਅਜਿਹੇ ਪ੍ਰੇਮ ਸਬੰਧਾਂ ਨੂੰ ਛੱਡ ਪਰਿਵਾਰ ਵੱਲ ਧਿਆਨ ਦੇਵੇ, ਜਿਸ ਕਾਰਨ ਕੁੱਝ ਦਿਨ ਮਾਮਲਾ ਸ਼ਾਂਤ ਵੀ ਰਿਹਾ।

ਵਿਆਹੁਤਾ ਦਮਨ ਲਾਲ ਅਤੇ ਉਸ ਦੇ ਪ੍ਰੇਮੀ ਵਿਚਕਾਰ ਨਜ਼ਦੀਕੀਆਂ ਦੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਵੀ ਵਾਇਰਲ ਹੋਈਆਂ ਪਰ ਹੁਣ ਇਨ੍ਹਾਂ ਦੋਹਾਂ ਦਾ ਪਿਆਰ ਇਸ ਕਦਰ ਦਿਮਾਗ 'ਤੇ ਭਾਰੂ ਹੋ ਗਿਆ ਕਿ ਉਹ ਦੋਵੇਂ ਘਰੋਂ ਭੱਜਣ ਲਈ ਮਜ਼ਬੂਰ ਹੋ ਗਏ। ਪਿਛਲੇ ਕੁੱਝ ਦਿਨਾਂ ਤੋਂ ਦੋਵੇਂ ਹੀ ਸ਼ਹਿਰ ਤੋਂ ਫ਼ਰਾਰ ਦੱਸੇ ਜਾ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਹਾਂ ਨੇ ਮਾਛੀਵਾੜਾ ਵਿਖੇ ਆਪਣੇ ਕੁੱਝ ਨਜ਼ਦੀਕੀਆਂ ਨੂੰ ਇੱਥੋਂ ਤੱਕ ਦੱਸ ਦਿੱਤਾ ਕਿ ਹੁਣ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ ਅਤੇ ਉਹ ਉਨ੍ਹਾਂ ਦਾ ਪਿੱਛਾ ਨਾ ਕਰਨ ਤੇ ਉਹ ਬਾਹਰ ਰਹਿ ਕੇ ਪਤੀ-ਪਤਨੀ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਗੇ।
ਮਾਛੀਵਾੜਾ ਵਰਗੇ ਪੇਂਡੂ ਖੇਤਰ 'ਚ ਸਮਲਿੰਗੀ ਵਿਆਹ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਕਾਰਨ ਜਿੱਥੇ ਲੋਕ ਹੈਰਾਨ ਹਨ ਕਿ ਅਜਿਹੇ ਰਿਸ਼ਤੇ ਸਮਾਜ ਨੂੰ ਕੀ ਸੇਧ ਦੇਣਗੇ ਅਤੇ ਦੂਸਰੇ ਪਾਸੇ ਇਹ ਵੀ ਚਰਚਾਵਾਂ ਹਨ ਕਿ ਬੇਸ਼ੱਕ ਅਦਾਲਤ ਇਸ ਨੂੰ ਅਪਰਾਧ ਨਹੀਂ ਮੰਨਦੀ ਪਰ ਸਮਾਜ ਅਜਿਹੇ ਰਿਸ਼ਤਿਆਂ ਨੂੰ ਕਦੇ ਨਹੀਂ ਅਪਣਾਏਗਾ ਅਤੇ ਨਾ ਹੀ ਇਸ ਨੂੰ ਚੰਗਾ ਸਮਝੇਗਾ।
ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਜੇਲ ਬਾਹਰ ਦਿੱਤਾ ਧਰਨਾ
NEXT STORY