ਅੰਮ੍ਰਿਤਸਰ (ਸਰਬਜੀਤ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 23 ਜੁਲਾਈ ਨੂੰ ਕੈਨੇਡਾ ਦੀ ਧਰਤੀ ਤੋਂ ਜਬਰੀ ਵਾਪਸ ਮੋੜੇ ਗਏ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੀ 111ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸੁਨੇਹਾ ਜਾਰੀ ਕੀਤਾ। ਸੁਨੇਹਾ ਜਾਰੀ ਕਰਦਿਆਂ ਉਨ੍ਹਾਂ ਸਮੂਹ ਸਿੱਖ ਸੰਸਥਾਵਾਂ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਖਿਆ ਕਿ 23 ਜੁਲਾਈ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ' ਵਜੋਂ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ 23 ਜੁਲਾਈ 1914 ਨੂੰ ਕੈਨੇਡਾ ਦੀ ਧਰਤੀ ਉੱਤੇ ਚੰਗੇ ਭਵਿੱਖ ਦੀ ਭਾਲ ਵਿੱਚ ਗ਼ਦਰੀ ਬਾਬੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਪੰਜਾਬੀਆਂ ਜਿਨ੍ਹਾਂ ਵਿੱਚ ਬਹੁ-ਗਿਣਤੀ ਸਿੱਖਾਂ ਦੀ ਸੀ, ਨੂੰ ਜਬਰੀ ਵਾਪਸ ਮੋੜ ਦਿੱਤਾ ਗਿਆ ਸੀ, ਜੋਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਸੀ।
ਇਹ ਵੀ ਪੜ੍ਹੋ: Punjab: ਪਿੰਡ ਕੰਗ 'ਚ ਚੱਲੀਆਂ ਗੋਲ਼ੀਆਂ! ਜੀਜਾ-ਸਾਲੇ ਦੀ ਲੜਾਈ 'ਚ ਹੋ ਗਿਆ ਵੱਡਾ ਕਾਂਡ
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ਉੱਤੇ ਸਰੀ ਅਤੇ ਵੈਨਕੂਵਰ ਵਿਖੇ ਇਸ ਘਟਨਾ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਵਜੋਂ ਸਰਕਾਰੀ ਤੌਰ ਉੱਤੇ ਮਾਨਤਾ ਦਿੱਤੀ ਗਈ ਹੈ, ਜੋਕਿ ਇਤਿਹਾਸਕ ਸੱਚਾਈ ਨੂੰ ਸਵੀਕਾਰਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ 'ਤੇ ਸਰੀ ਸਿਟੀ ਕੌਂਸਲ ਕੈਨੇਡਾ ਵੱਲੋਂ 23 ਜੁਲਾਈ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ' ਵਜੋਂ ਐਲਾਨ ਕਰਨਾ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਨਸਲਵਾਦ ਵਿਰੁੱਧ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹੋਏ ਇਕ ਵਿਸ਼ਾਲ ਸੰਘਰਸ਼ ਦੀ ਯਾਦ ਤਾਜ਼ਾ ਕਰਦਾ ਹੈ, ਜਿਸ ਦੀ ਅਗਵਾਈ ਬਾਬਾ ਗੁਰਦਿੱਤ ਸਿੰਘ ਨੇ ਕੀਤੀ।
ਬਾਬਾ ਗੁਰਦਿੱਤ ਸਿੰਘ ਨੇ 1914 ਵਿੱਚ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੀ ਸਥਾਪਨਾ ਕਰਕੇ ਕਾਮਾਗਾਟਾ ਮਾਰੂ ਨਾਮਕ ਜਪਾਨੀ ਕੰਪਨੀ ਤੋਂ ਸਮੁੰਦਰੀ ਜਹਾਜ਼ ਕਿਰਾਏ 'ਤੇ ਲਿਆ, ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਅਤੇ ਕੈਨੇਡਾ ਦੇ ਉਸ ਸਮੇਂ ਦੇ ਨਸਲਵਾਦੀ ਕਾਨੂੰਨਾਂ ਨੂੰ ਚੁਣੌਤੀ ਦਿੱਤੀ। ਜਥੇਦਾਰ ਗੜਗੱਜ ਨੇ ਕਿਹਾ ਕਿ ਇਤਿਹਾਸਕ ਸਰੋਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹਾਂਗਕਾਂਗ ਤੋਂ ਕੈਨੇਡਾ ਤੱਕ ਦੀ ਇਸ ਯਾਤਰਾ ਦੌਰਾਨ ਜਹਾਜ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਸ੍ਰੀ ਅਖੰਡ ਪਾਠ ਸਾਹਿਬ, ਨਿਸ਼ਾਨ ਸਾਹਿਬ ਦੀ ਰੂਹਾਨੀ ਪ੍ਰੇਰਣਾ ਦੇ ਨਾਲ ਗੁਰੂ ਨਾਨਕ ਦੇ ਸਿਧਾਂਤਾਂ ਦੀ ਜੀਵੰਤ ਝਲਕ ਮਿਲਦੀ ਸੀ। ਇਸ ਜਹਾਜ਼ ਦੇ 377 ਮੁਸਾਫ਼ਿਰਾਂ ਵਿਚੋਂ 341 ਸਿੱਖ ਸਨ। ਉਨ੍ਹਾਂ ਕਿਹਾ ਕਿ ਦੁੱਖ਼ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਅਜੇ ਵੀ ਇਤਿਹਾਸ ਦੀਆਂ ਕਿਤਾਬਾਂ ਵਿਚ ਇਸ ਜਹਾਜ਼ ਦੇ ਨਾਮ ਲਈ 'ਕਾਮਾਗਾਟਾ ਮਾਰੂ' ਸ਼ਬਦ ਵਰਤਿਆ ਜਾਂਦਾ ਹੈ, ਜਦਕਿ ਸਿੱਖਾਂ ਵੱਲੋਂ ਜਹਾਜ਼ ਨੂੰ ਕਿਰਾਏ 'ਤੇ ਲੈ ਕੇ ਇਸ ਦਾ ਨਾਮ 'ਗੁਰੂ ਨਾਨਕ ਜਹਾਜ਼' ਰੱਖਿਆ ਗਿਆ ਸੀ, ਜਿਸ ਦੀ ਪੁਸ਼ਟੀ ਬਾਬਾ ਗੁਰਦਿੱਤ ਸਿੰਘ ਦੀ ਪੁਸਤਕ 'ਗੁਰੂ ਨਾਨਕ ਜਹਾਜ਼' ਵਿੱਚ ਸਵੈ-ਲਿਖਤ ਰੂਪ ਵਿੱਚ ਮਿਲਦੀ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਕਿ ਭਾਰਤ ਦੀਆਂ ਸਮੂਹ ਯੂਨੀਵਰਸਿਟੀਆਂ, ਵਿਦਿਅਕ ਅਦਾਰੇ ਅਤੇ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਇਸ ਘਟਨਾ ਨਾਲ ਜੁੜੇ ਇਤਿਹਾਸ ਨਾਲ ਨਿਆਂ ਕਰਦਿਆਂ ਗੁਰੂ ਨਾਨਕ ਜਹਾਜ਼ ਦੇ ਸਹੀ ਨਾਮ ਨੂੰ ਮਨਜ਼ੂਰੀ ਦੇਣ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ, 8 ਜ਼ਿਲ੍ਹੇ ਰਹਿਣ ਸਾਵਧਾਨ
ਉਨ੍ਹਾਂ ਕਿਹਾ ਕਿ ਅੱਜ ਜਿੱਥੇ ਕਿਤੇ ਵੀ ਪਾਠ ਪੁਸਤਕਾਂ ਅਤੇ ਸਿਲੇਬਸਾਂ ਦੇ ਵਿੱਚ ਇਸ ਜਹਾਜ਼ ਦਾ ਨਾਮ ਕਾਮਾਗਾਟਾ ਮਾਰੂ ਪੜ੍ਹਾਇਆ ਜਾਂਦਾ ਹੈ, ਉਸ ਦੀ ਥਾਂ ਗੁਰੂ ਨਾਨਕ ਜਹਾਜ਼ ਪੜ੍ਹਾਇਆ ਜਾਣਾ ਚਾਹੀਦਾ ਹੈ, ਜੋਕਿ ਇਤਿਹਾਸਕ ਪੱਖੋਂ ਸੱਚ ਅਤੇ ਨਿਆਂਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਕੋਸ਼ਿਸ਼ ਸਾਡੇ ਇਤਿਹਾਸ ਦੀ ਸਹੀ ਪੇਸ਼ਕਸ਼ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੂਹਾਨੀ ਪ੍ਰੇਰਣਾ ਦਾ ਸਰੋਤ ਬਣੇਗੀ। ਜਥੇਦਾਰ ਗੜਗੱਜ ਨੇ ਸਮੂਹ ਸਿੱਖ ਸੰਸਥਾਵਾਂ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਖਿਆ ਕਿ 23 ਜੁਲਾਈ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ' ਵਜੋਂ ਮਾਨਤਾ ਦੇ ਕੇ ਇਸ ਦਾ ਐਲਾਨ ਕਰਨਾ ਚਾਹੀਦਾ ਹੈ ਕਿਉਂਕਿ 20ਵੀਂ ਸਦੀ ਦੇ ਆਰੰਭ ਦੇ ਵਿੱਚ ਹੋਈ ਇਸ ਜਹਾਜ਼ ਨਾਲ ਸਬੰਧਤ ਘਟਨਾ ਨੇ ਦੇਸ਼ ਦੀ ਅਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਕੇ ਅਜ਼ਾਦੀ ਦੀ ਲਹਿਰ ਨੂੰ ਹੋਰ ਤੇਜ਼ ਕੀਤਾ ਸੀ।
ਇਹ ਵੀ ਪੜ੍ਹੋ: ਵੱਡੀ ਪਰੇਸ਼ਾਨੀ 'ਚ ਘਿਰੇ ਪੰਜਾਬ ਦੇ ਕਿਸਾਨ! ਅਚਾਨਕ ਆ ਖੜ੍ਹੀ ਹੋਈ ਨਵੀਂ ਮੁਸੀਬਤ
ਉਨ੍ਹਾਂ ਕਿਹਾ ਕਿ ਅਜ਼ਾਦੀ ਦਿਵਾਉਣ ਵਾਲੇ ਮਹਾਨ ਨਾਇਕਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਵਿੱਚ ਬਾਬਾ ਗੁਰਦਿੱਤ ਸਿੰਘ ਨੇ ਵੀ ਵੱਡਾ ਯੋਗਦਾਨ ਪਾਇਆ। ਜਥੇਦਾਰ ਗੜਗੱਜ ਨੇ ਵੈਨਕੂਵਰ ਅਤੇ ਸਰੀ ਦੀਆਂ ਸਿਟੀ ਕੌਂਸਲਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਾਮਾਗਾਟਾ ਮਾਰੂ ਦੀ ਜਗ੍ਹਾ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਵਜੋਂ 23 ਜੁਲਾਈ ਨੂੰ ਮਾਨਤਾ ਦਿੱਤੀ ਹੈ। ਜਥੇਦਾਰ ਗੜਗੱਜ ਨੇ ਉਨ੍ਹਾਂ ਸਾਰੀਆਂ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਇਤਿਹਾਸ ਨੂੰ ਸਹੀ ਪੱਖੋਂ ਦਰਜ ਕਰਨ ਵਿੱਚ ਸੰਜੀਦਾ ਯਤਨ ਕੀਤੇ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸਹਿਮੇ ਲੋਕ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਪਿੰਡ ਕੰਗ 'ਚ ਚੱਲੀਆਂ ਗੋਲ਼ੀਆਂ! ਜੀਜਾ-ਸਾਲੇ ਦੀ ਲੜਾਈ 'ਚ ਹੋ ਗਿਆ ਵੱਡਾ ਕਾਂਡ
NEXT STORY