ਅੰਮ੍ਰਿਤਸਰ, (ਸੁਮੀਤ ਖੰਨਾ)—ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅੱਜ ਆਪਣੀ ਵੱਡੇਰੀ ਉਮਰ ਦਾ ਹਵਾਲਾ ਦੇ ਕੇ ਜਥੇਦਾਰੀ ਤੋਂ ਆਪਣੇ ਅਸਤੀਫਾ ਦੀ ਪੇਸ਼ਕਸ਼ ਕੀਤੀ ਹੈ। ਆਪਣੇ ਅਸਤੀਫੇ 'ਚ ਉਨ੍ਹਾਂ ਲਿਖਿਆ ਹੈ, ''ਕੁਦਰਤ ਦੇ ਨਿਯਮ ਅਨੁਸਾਰ ਵੱਡੇਰੀ ਉਮਰ ਅਤੇ ਇਸ ਨਾਲ ਜੁੜ ਰਹੀਆਂ ਸਿਹਤ ਦੀਆਂ ਕੁਝ ਦਿੱਕਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੀਆਂ ਹਨ ਕਿ ਬਹੁਤ ਹੀ ਜ਼ਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਦਾਸ ਅਸਮਰੱਥ ਹੈ।ਖਾਲਸਾ ਪੰਥ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਸਮੂਚੇ ਅਗਜ਼ੈਕਟੀਵ ਨੂੰ ਇਸ ਅਹਿਮ ਪੱਦਵੀ ਤੇ ਯੋਗ ਵਿਅਕਤੀ ਨੂੰ ਨਿਯਤ ਕਰਦਿਆਂ ਦਾਸ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇ।ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਪੰਥ ਦੀ ਚੜਦੀ ਕਲ੍ਹਾਂ ਦੀ ਅਰਦਾਸ ਕਰਦਾ ਹਾਂ।ਦਾਸ ਹਮੇਸ਼ਾ ਖਾਲਸਾ ਪੰਥ ਦਾ ਸੇਵਾਦਾਰ ਰਹਾਂਗਾ।ਸਹਿਯੋਗ ਲਈ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ।''
ਆਪਣੇ ਇਸ ਅਸਤੀਫੇ 'ਚ ਜਿੱਥੇ ਉਨ੍ਹਾਂ ਆਪਣੇ 10 ਸਾਲ ਦੇ ਕਾਰਜਕਾਲ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਤਖਤੇ ਤੋਂ ਬਚਾਉਣ ਲਈ ਕੀਤੇ ਸੰਘਰਸ਼ ਦਾ ਜ਼ਿਕਰ ਕੀਤਾ ਹੈ, ਉਥੇ ਹੀ ਉਨ੍ਹਾਂ ਨੇ ਸਰਸੇ ਵਾਲੇ ਸਾਧ ਦੇ ਸਬੰਧੀ ਲਏ ਗਏ ਫੈਸਲੇ ਨੂੰ ਵਾਪਸ ਲੈਣ ਦੀ ਗੱਲ ਵੀ ਕੀਤੀ ਹੈ। ਅੰਤ ਉਨ੍ਹਾਂ ਨੇ ਹਮੇਸ਼ਾ ਖਾਲਸਾ ਪੰਥ ਦੇ ਸੇਵਾਦਾਰ ਰਹਿਣ ਦੀ ਗੱਲ ਕਰਦਿਆਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਹੈ।
13 ਨਵੰਬਰ ਨੂੰ ਹੋਵੇਗੀ ਐੱਸ. ਜੀ. ਪੀ. ਸੀ. ਦੇ ਨਵੇਂ ਪ੍ਰਧਾਨ ਦੀ ਚੋਣ
NEXT STORY