ਗਿੱਦੜਬਾਹਾ (ਸੰਧਿਆ) - 6 ਮਈ, 2019 ਨੂੰ ਹਾਈ ਕੋਰਟ 'ਚ ਹੋਈ ਸੁਣਵਾਈ ਦੌਰਾਨ ਜੱਜ ਅਵਨੀਸ਼ ਝਿੰਗਨ ਨੇ ਗ੍ਰੇਟ ਦ ਖਲੀ ਦੀ ਅਰਜ਼ੀ ਨੂੰ ਰੱਦ ਕਰਦਿਆਂ ਗਿੱਦੜਬਾਹਾ ਕੋਰਟ 'ਚ ਉਸ ਵਿਰੱਧ ਚੱਲ ਰਹੇ ਕੇਸ 'ਤੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕੇਸ ਦੇ ਐਡਵੋਕੇਟ ਅਮਿਤ ਬਾਂਸਲ ਨੇ ਦੱਸਿਆ ਕਿ ਦਿ ਗ੍ਰੇਟ ਖਲੀ ਉਰਫ਼ ਦਲੀਪ ਸਿੰਘ ਰਾਣਾ 'ਤੇ ਗਿੱਦੜਬਾਹਾ ਕੋਰਟ 'ਚ ਕੇਸ ਚੱਲ ਰਿਹਾ ਹੈ, ਜਿਸ ਨੂੰ ਉਨ੍ਹਾਂ ਦੀ ਆਤਮ-ਕਥਾ ਲਿਖਣ ਵਾਲੇ ਲੇਖਕ ਵਿਨੀਤ ਬਾਂਸਲ ਨੇ ਦਰਜ ਕਰਵਾਇਆ ਸੀ। ਵਿਨੀਤ ਬਾਂਸਲ ਦਾ ਦੋਸ਼ ਹੈ ਕਿ ਖਲੀ ਦੀ ਆਤਮ-ਕਥਾ ਲਿਖਣ ਤੋਂ ਪਹਿਲਾਂ ਉਨ੍ਹਾਂ ਦੋਵਾਂ ਵਿਚਕਾਰ ਇਕ ਲਿਖਤੀ ਐਗਰੀਮੈਂਟ ਸਾਈਨ ਹੋਇਆ ਸੀ, ਜਿਸ ਅਨੁਸਾਰ ਇਸ ਆਤਮ-ਕਥਾ ਤੋਂ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਕਮਾਈ ਨੂੰ ਦੋਵਾਂ ਵਿਚਕਾਰ 30:70 ਦੇ ਅਨੁਪਾਤ 'ਚ ਵੰਡਿਆ ਜਾਣਾ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਖਲੀ ਨੇ ਬਿਨਾਂ ਵਿਨੀਤ ਤੋਂ ਪੁੱਛੇ ਜਾਂ ਦੱਸੇ ਆਪਣੀ ਆਤਮ-ਕਥਾ ਦੇ ਫਿਲਮ ਅਧਿਕਾਰ ਫੋਕਸ ਸਟਾਰ ਇੰਡੀਆ ਨੂੰ ਵੇਚ ਦਿੱਤੇ। ਵਿਨੀਤ ਨੂੰ ਉਸ ਦਾ ਬਣਦਾ ਹਿੱਸਾ, ਜੋ ਕਿ ਸਮਝੌਤੇ ਅਨੁਸਾਰ 30 ਫੀਸਦੀ ਸੀ, ਉਹ ਵੀ ਨਹੀਂ ਦਿੱਤਾ ਗਿਆ।
ਇਸ ਸਬੰਧੀ ਨਿਆਂ ਲਈ ਲੇਖਕ ਵਿਨੀਤ ਨੇ ਗਿੱਦੜਬਾਹਾ ਕੋਰਟ ਦੀ ਸ਼ਰਨ ਲਈ ਸੀ ਪਰ ਗ੍ਰੇਟ ਖਲੀ ਨੇ ਗਿੱਦੜਬਾਹਾ ਕੋਰਟ ਵਿਚ ਅਰਜ਼ੀ ਦਿੱਤੀ ਸੀ ਕਿ ਕੇਸ ਨੂੰ ਜਲੰਧਰ ਕੋਰਟ ਵਿਚ ਟਰਾਂਸਫਾਰ ਕੀਤਾ ਜਾਵੇ, ਜਿਸ ਨੂੰ ਗਿੱਦੜਬਾਹਾ ਕੋਰਟ ਨੇ ਰੱਦ ਕਰ ਦਿੱਤਾ। ਗਿੱਦੜਬਾਹਾ ਕੋਰਟ ਦੇ ਇਸੇ ਫੈਸਲੇ ਵਿਰੁੱਧ ਖਲੀ ਵੱਲੋਂ 26 ਅਪ੍ਰੈਲ, 2019 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਗਈ ਸੀ ਕਿ ਗਿੱਦੜਬਾਹਾ ਕੋਰਟ ਦੇ ਇਸ ਫੈਸਲੇ ਨੂੰ ਬਦਲ ਕੇ ਕੇਸ ਨੂੰ ਜਲੰਧਰ ਟਰਾਂਸਫਰ ਕੀਤਾ ਜਾਵੇ ਅਤੇ ਉਦੋਂ ਤੱਕ ਇਸ ਕੇਸ ਸਬੰਧੀ ਗਿੱਦੜਬਾਹਾ ਕੋਰਟ ਦੀ ਕਾਰਵਾਈ 'ਤੇ ਵੀ ਰੋਕ ਲਾਈ ਜਾਵੇ, ਜਿਸ 'ਤੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਗਿੱਦੜਬਾਹਾ ਕੋਰਟ ਦੀ ਕਾਰਵਾਈ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਹਾਈ ਕੋਰਟ ਵਿਚ ਅਗਲੀ ਸੁਣਵਾਈ ਦੀ ਤਾਰੀਕ 10 ਸਤੰਬਰ, 2019 ਦਿੱਤੀ ਗਈ ਹੈ ਪਰ ਇਸ ਦੌਰਾਨ ਗਿੱਦੜਬਾਹਾ ਕੋਰਟ ਵਿਚ ਖਲੀ 'ਤੇ ਸੁਣਵਾਈ ਚੱਲਦੀ ਰਹੇਗੀ। ਕਾਨੂੰਨੀ ਸਲਾਹਕਾਰਾਂ ਦਾ ਮੰਨਣਾ ਹੈ ਕਿ ਇਹ ਗ੍ਰੇਟ ਖਲੀ ਲਈ ਇਕ ਬਹੁਤ ਵੱਡਾ ਝਟਕਾ ਹੈ। ਪਹਿਲਾਂ ਤਾਂ ਗਿੱਦੜਬਾਹਾ ਕੋਰਟ ਵਿਚ ਉਨ੍ਹਾਂ ਦੀ ਅਰਜ਼ੀ ਨਾ ਮਨਜ਼ੂਰ ਹੋਣਾ ਅਤੇ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਵੀ ਉਨ੍ਹਾਂ ਦੀ ਅਰਜ਼ੀ ਰੱਦ ਕਰਨਾ, ਖਲੀ ਉੱਪਰ ਕੋਰਟ ਦਾ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ।
ਕੈਪਟਨ ਦੀ ਰੈਲੀ 'ਚ ਸਾਬਕਾ ਵਿਧਾਇਕ ਦੀ ਪੋਤੀ ਨੂੰ ਝੱਲਣੀ ਪਈ ਜ਼ਲਾਲਤ
NEXT STORY