ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਦੇ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਨੂੰ ਨਹਿੰਗ ਸਿੰਘ ਜਥੇਬੰਦੀ (ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਲਵੀਰ ਸਿੰਘ ਦੇ ਧੜੇ) ਤੋਂ ਆਜ਼ਾਦ ਕਰਵਾਉਣ ਲਈ ਪਿੰਡ ਵਾਸੀਆਂ ਨੇ ਸੰਘਰਸ਼ ਵਿੱਢ ਦਿੱਤਾ ਹੈ। ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਗੁਰੂ ਘਰ ਪਿੰਡ ਦਾ ਹੈ, ਜਿਸ ਦੀ ਸਾਂਭ ਸੰਭਾਲ ਤੇ ਸੇਵਾ ਉਹ ਲੋਕਲ ਪ੍ਰਬੰਧਕ ਕਮੇਟੀ ਬਣਾ ਕੇ ਆਪਣੇ ਤੌਰ 'ਤੇ ਕਰਨੀ ਚਾਹੁੰਦੇ ਹਨ। ਪੁਲਸ ਪ੍ਰਸ਼ਾਸ਼ਨ ਉਨ੍ਹਾਂ ਦੀ ਇਸ ਕੰਮ 'ਚ ਮਦਦ ਕਰਨ ਦੀ ਥਾਂ ਉਲਟਾ ਉਨ੍ਹਾਂ ਨੂੰ ਡਰਾ ਧਮਕਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ 'ਤੇ ਨਾਜਾਇਜ਼ ਕਬਜ਼ਾ ਕਰੀ ਬੈਠੇ ਨਹਿੰਗਾਂ ਦੀ ਮਦਦ ਕਰ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਕਿਹਾ ਕਿ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਪਹਿਲਾਂ ਬਾਬਾ ਸਤਨਾਮ ਸਿੰਘ ਜੀ ਕਰ ਰਹੇ ਸਨ ਪਰ ਬਾਅਦ 'ਚ ਇਸ ਗੁਰੂ ਘਰ 'ਤੇ ਬਾਬਾ ਬਲਵੀਰ ਸਿੰਘ ਦੇ ਧੜੇ ਨੇ ਪੁਲਸ ਤੇ ਸਿਵਲ ਪ੍ਰਸ਼ਾਸਨ ਨਾਲ ਗੰਠਤੁੱਪ ਕਰਕੇ ਜ਼ਬਰਦਸਤੀ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਪਿੰਡ ਦਾ ਗੁਰੂ ਘਰ ਹੈ ਤੇ ਪਿੰਡ ਵਾਸੀ ਇਸ ਦੀ ਲੋਕਲ ਪ੍ਰਬੰਧਕ ਕਮੇਟੀ ਬਣਾਕੇ ਸੇਵਾ ਸੰਭਾਲ ਕਰਨਾ ਚਾਹੁੰਦੇ ਹਨ। ਅਜਿਹਾ ਕਰਨ ਤੋਂ ਬਾਅਦ ਬਾਬਾ ਜੱਸਾ ਸਿੰਘ ਨੇ ਲੋਕਾਂ ਨੂੰ ਸ਼ਰੇਆਮ ਧਮਕੀਆਂ ਵੀ ਦਿੱਤੀਆਂ, ਜੋ ਕੈਮਰੇ 'ਚ ਰਿਕਾਰਡ ਹੋ ਗਈਆਂ। ਜਦੋਂ ਲੋਕ ਉਸ ਦੀਆਂ ਧਮਕੀਆਂ ਤੋਂ ਨਾ ਡਰੇ ਤਾਂ ਬਾਬਾ ਜੱਸਾ ਸਿੰਘ ਦੀ ਅਗਵਾਈ 'ਚ ਨਹਿੰਗ ਸਿੰਘਾਂ ਨੇ ਡਾਗਾਂ ਸੋਟੇ ਲੈ ਕੇ ਪਿੰਡ ਦੇ ਵਿਅਕਤੀਆਂ ਅਤੇ ਔਰਤਾਂ ਨੂੰ ਧੱਕੇ ਮਾਰ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਦਿੱਤਾ। ਪੁਲਸ ਪ੍ਰਸ਼ਾਸਨ ਦੂਰ ਖੜ੍ਹਾ ਇਸ ਤਮਾਸ਼ੇ ਨੂੰ ਹੁੰਦਾ ਹੋਇਆ ਦੇਖ ਰਿਹਾ ਸੀ, ਜਿਸ ਨੇ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਪ੍ਰੇਮ ਸਿੰਘ ਧੜੇ ਦੇ ਬਾਬਾ ਸਤਨਾਮ ਸਿੰਘ ਕੋਲ ਸੀ। ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਕਬਜ਼ਾ ਜਥੇਦਾਰ ਬਲਵੀਰ ਸਿੰਘ ਧੜੇ ਕੋਲ ਸੀ। ਇਸੇ ਜ਼ਮੀਨ ਦੇ ਵਿਵਾਦ ਦੇ ਤਹਿਤ ਸਾਜਿਸ਼ ਕਰਕੇ ਪੁਲਸ ਨੇ ਡੀ.ਸੀ ਨਾਲ ਮੀਟਿੰਗ ਕਰਨ ਦੇ ਬਹਾਨੇ ਸ੍ਰੀ ਮੁਕਤਸਰ ਸਾਹਿਬ ਸੱਦ ਕੇ ਬਾਬਾ ਸਤਨਾਮ ਸਿੰਘ ਸਣੇ ਉਨ੍ਹਾਂ ਦੇ ਧੜੇ ਦੇ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ 'ਤੇ ਬਾਬਾ ਬਲਵੀਰ ਸਿੰਘ ਦੇ ਧੜੇ ਦਾ ਕਬਜ਼ਾ ਹੋ ਗਿਆ ਸੀ।
ਸਰਹੱਦੀ ਇਲਾਕਿਆਂ 'ਚ ਧੜੱਲੇ ਨਾਲ ਵਿਕ ਰਿਹੈ ਕੈਮੀਕਲ ਨਾਲ ਤਿਆਰ ਨਕਲੀ ਦੁੱਧ
NEXT STORY