ਖਰੜ (ਰਣਬੀਰ) : ਸਥਾਨਕ ਪੁਰਾਣੀ ਬੱਸੀ ਰੋਡ ’ਤੇ ਪਿੰਡ ਬਡਾਲੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨਾਲ ਹੋਏ ਸੜਕ ਹਾਦਸੇ ’ਚ ਇਕ 16 ਸਾਲਾ ਕੁੜੀ ਦੀ ਦੁਖਦਾਈ ਮੌਤ ਹੋ ਗਈ। ਸਦਰ ਪੁਲਸ ਸਟੇਸ਼ਨ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪ੍ਰੀਤੀ ਨਾਂ ਦੀ ਕੁੜੀ ਆਪਣੇ ਪਿਤਾ ਇੰਦਲ ਨਾਲ ਘਰੇਲੂ ਸਮਾਨ ਖ਼ਰੀਦਣ ਲਈ ਪਿੰਡ ਦੀ ਇਕ ਦੁਕਾਨ ’ਤੇ ਜਾ ਰਹੀ ਸੀ।
ਪ੍ਰੀਤੀ ਆਪਣੀ ਸਾਈਕਲ ’ਤੇ ਅੱਗੇ-ਅੱਗੇ ਜਾ ਰਹੀ ਸੀ, ਜਦੋਂ ਕਿ ਉਸ ਦੇ ਪਿਤਾ ਥੋੜ੍ਹੀ ਦੂਰੀ ’ਤੇ ਪਿੱਛੇ-ਪਿੱਛੇ ਆ ਰਹੇ ਸਨ। ਜਿਵੇਂ ਹੀ ਉਹ ਇਕ ਸੀਮੈਂਟ ਸਟੋਰ ਦੇ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਨੇ ਕਾਰ ਪਿੱਛੇ ਤੋਂ ਪ੍ਰੀਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁੜੀ ਪਹਿਲਾ ਕਾਰ ਦੇ ਸ਼ੀਸ਼ੇ ਨਾਲ ਟਕਰਾਈ, ਫਿਰ ਸਾਈਡ ’ਤੇ ਇਕ ਦਰੱਖਤ ਨਾਲ ਜਾ ਵੱਜੀ, ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਗਈ। ਮੌਕੇ ’ਤੇ ਮੌਜੂਦ ਪਿਤਾ ਇੰਦਲ ਨੇ ਤੁਰੰਤ ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਡਰਾਈਵਰ ਕਾਰ ਰੋਕ ਕੇ ਮੌਕੇ ਤੋਂ ਭੱਜ ਗਿਆ ਸੀ।
ਰਾਹਗੀਰਾਂ ਦੀ ਮਦਦ ਨਾਲ ਗੰਭੀਰ ਜ਼ਖਮੀ ਲੜਕੀ ਨੂੰ ਤੁਰੰਤ ਸਿਵਲ ਹਸਪਤਾਲ ਫ਼ੇਜ਼-6 ਮੋਹਾਲੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਨੁਸਾਰ ਇਹ ਹਾਦਸਾ ਡਰਾਈਵਰ ਦੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਹੋਇਆ। ਸਦਰ ਖਰੜ ਪੁਲਸ ਸਟੇਸ਼ਨ ਦੇ ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
NEXT STORY