ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਜ਼ਿਲ੍ਹੇ ਦੇ ਸੰਘੇੜਾ ਤਰਕਸ਼ੀਲ ਚੌਂਕ ਬਾਈਪਾਸ ਦੇ ਨਾਲ ਲੰਘਦੇ ਇਕ ਖੁੱਲ੍ਹੇ ਰਜਵਾਹੇ ਵਿਚ ਡਿੱਗਣ ਕਾਰਨ ਢਾਈ ਸਾਲਾ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਘਟਨਾ ਨੇ ਇਕ ਵਾਰ ਫਿਰ ਆਬਾਦੀ ਵਾਲੇ ਇਲਾਕਿਆਂ ਵਿੱਚੋਂ ਲੰਘਦੇ ਖੁੱਲ੍ਹੇ ਰਜਵਾਹਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਦੁਖਦਾਈ ਘਟਨਾ ਬੀਤੇ ਦਿਨ ਠੀਕਰੀਵਾਲਾ ਚੌਂਕ (ਨੂਰ ਹਸਪਤਾਲ) ਦੇ ਨਜ਼ਦੀਕ ਬੁੱਲਟ ਮੋਟਰਸਾਈਕਲ ਏਜੰਸੀ ਕੋਲ ਵਾਪਰੀ। ਇੱਥੇ ਰਜਵਾਹੇ ਦੇ ਨੇੜੇ ਇੱਕ ਝੌਂਪੜੀ ਵਿੱਚ ਰਹਿਣ ਵਾਲੀ ਢਾਈ ਸਾਲਾ ਬੱਚੀ ਅਚਾਨਕ ਇਸ ਖੁੱਲ੍ਹੇ ਰਜਵਾਹੇ ਵਿੱਚ ਡਿੱਗ ਗਈ। ਰਜਵਾਹੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਚੀ ਡੁੱਬ ਗਈ ਅਤੇ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹਦੀ ਹੋਈ ਐੱਸ.ਐੱਸ.ਡੀ. ਕਾਲਜ ਦੇ ਸਾਹਮਣੇ ਤੱਕ ਪਹੁੰਚ ਗਈ।
ਰਾਹਗੀਰ ਨੇ ਦੇਖਿਆ ਪਰ ਬਚਾਇਆ ਨਾ ਜਾ ਸਕਿਆ
ਇੱਥੇ ਜਦੋਂ ਕਿਸੇ ਰਾਹਗੀਰ ਦੀ ਨਜ਼ਰ ਇਸ ਬੱਚੀ 'ਤੇ ਪਈ ਤਾਂ ਉਸ ਨੇ ਤੁਰੰਤ ਬੱਚੀ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਬੱਚੀ ਨੂੰ ਬਿਨਾਂ ਕਿਸੇ ਦੇਰੀ ਦੇ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਅਫਸੋਸ, ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਮ੍ਰਿਤਕ ਬੱਚੀ ਦਾ ਪਰਿਵਾਰ ਇਸ ਖੁੱਲ੍ਹੇ ਰਜਵਾਹੇ ਦੇ ਬਿਲਕੁਲ ਨਜ਼ਦੀਕ ਇੱਕ ਝੌਂਪੜੀ ਵਿੱਚ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਬਾਕੀ ਬੱਚੇ ਕੈਨੇਡਾ, ਮਗਰ ਰਹਿ ਗਏ ਪੁੱਤ ਵੱਲੋਂ ਕਿਰਚ ਮਾਰ ਕੇ ਪਿਓ ਦਾ ਕਤਲ
ਸੁਰੱਖਿਆ ਦੀ ਘਾਟ ਬਣੀ ਜਾਨਲੇਵਾ
ਇੱਥੇ ਇਹ ਵਰਣਨਯੋਗ ਹੈ ਕਿ ਸੰਘੇੜਾ ਤੋਂ ਬਾਜਾਖਾਨਾ ਟੀ-ਪੁਆਇੰਟ ਤੱਕ ਲੰਘਦਾ ਇਹ ਰਜਵਾਹਾ ਆਬਾਦੀ ਵਾਲੇ ਪਾਸੇ ਰੇਲਿੰਗ ਨਾ ਹੋਣ ਕਰਕੇ ਛੋਟੇ ਬੱਚਿਆਂ ਅਤੇ ਜਾਨਵਰਾਂ ਲਈ ਲਗਾਤਾਰ ਜਾਨਲੇਵਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਇਸ ਰਜਵਾਹੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ।
ਪੁਰਾਣੀ ਮੰਗ ਹੋਈ ਅਣਦੇਖੀ
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਇਹ ਰਜਵਾਹਾ ਪੱਕਾ ਕੀਤਾ ਜਾ ਰਿਹਾ ਸੀ, ਤਾਂ ਸੰਘੇੜਾ ਅਤੇ ਬਰਨਾਲਾ ਦੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਸਪੱਸ਼ਟ ਮੰਗ ਕੀਤੀ ਸੀ ਕਿ ਸੰਘੇੜਾ ਪਿੰਡ ਤੋਂ ਲੈ ਕੇ ਬਾਜਾਖਾਨਾ ਟੀ-ਪੁਆਇੰਟ ਤੱਕ ਇਸ ਰਜਵਾਹੇ ਨੂੰ ਉਪਰੋਂ ਢੱਕਿਆ ਜਾਵੇ ਜਾਂ ਇੱਥੇ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣ। ਪਰ ਉਸ ਸਮੇਂ ਇਸ ਮੰਗ ਨੂੰ ਅਣਗੌਲਿਆ ਕਰ ਦਿੱਤਾ ਗਿਆ ਅਤੇ ਰਜਵਾਹੇ ਨੂੰ ਪਹਿਲਾਂ ਵਾਂਗ ਹੀ ਖੁੱਲ੍ਹਾ ਪੱਕਾ ਕਰ ਦਿੱਤਾ ਗਿਆ।
ਵਧਦਾ ਪਾਣੀ ਦਾ ਪੱਧਰ, ਵਧਦਾ ਖ਼ਤਰਾ
ਹੁਣ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਮਨਸ਼ਾ ਨਾਲ ਰਜਵਾਹਿਆਂ ਵਿੱਚ ਲਗਾਤਾਰ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ, ਤਾਂ ਆਬਾਦੀ ਵਿਚੋਂ ਲੰਘਦਾ ਇਹ ਖੁੱਲ੍ਹਾ ਰਜਵਾਹਾ ਹੋਰ ਵੀ ਖਤਰਨਾਕ ਹੋ ਗਿਆ ਹੈ। ਰੋਜ਼ਾਨਾ ਕੋਈ ਨਾ ਕੋਈ ਜਾਨਵਰ ਜਾਂ ਬੱਚਾ ਇਸ ਖੁੱਲ੍ਹੇ ਰਜਵਾਹੇ ਵਿੱਚ ਡਿੱਗ ਰਿਹਾ ਹੈ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਪਤੀ-ਪਤਨੀ ਨਾਲ ਵਾਪਰ ਗਈ ਅਣਹੋਣੀ! ਤੜਫ਼-ਤੜਫ਼ ਕੇ ਨਿਕਲੀ ਜਾਨ
ਸਥਾਨਕ ਲੋਕਾਂ ਵੱਲੋਂ ਮੁੜ ਰੇਲਿੰਗ ਲਗਾਉਣ ਦੀ ਮੰਗ
ਇਸ ਦੁਖਦਾਈ ਘਟਨਾ ਤੋਂ ਬਾਅਦ, ਪਿੰਡ ਸੰਘੇੜਾ ਅਤੇ ਬਰਨਾਲਾ ਦੇ ਸਥਾਨਕ ਲੋਕਾਂ ਨੇ ਇੱਕ ਵਾਰ ਫਿਰ ਸਰਕਾਰ ਅਤੇ ਬਰਨਾਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਰਜਵਾਹੇ ਦੇ ਸੜਕ ਵਾਲੇ ਪਾਸੇ ਰੇਲਿੰਗ ਲਗਾਈ ਹੋਈ ਹੈ, ਉਸੇ ਤਰ੍ਹਾਂ ਹੀ ਦੂਸਰੇ ਆਬਾਦੀ ਵਾਲੇ ਪਾਸੇ ਵੀ ਤੁਰੰਤ ਰੇਲਿੰਗ ਲਗਾਈ ਜਾਵੇ। ਇਸ ਨਾਲ ਰਜਵਾਹੇ ਵਿੱਚ ਬੱਚਿਆਂ ਅਤੇ ਜਾਨਵਰਾਂ ਦੇ ਡਿੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ ਅਤੇ ਅਜਿਹੇ ਦੁਖਾਂਤ ਦੁਬਾਰਾ ਵਾਪਰਨ ਤੋਂ ਬਚੇ ਜਾ ਸਕਣਗੇ। ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਮਾਮਲੇ 'ਤੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਮਾਸੂਮ ਦੀ ਜਾਨ ਨਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਾਲੀ ਅਦਾਲਤ ਨੇ ਵਧਾਇਆ ਬਿਕਰਮ ਮਜੀਠੀਆ ਦਾ ਰਿਮਾਂਡ, ਅਦਾਲਤ 'ਚ ਹੋਈ ਲੰਬੀ ਬਹਿਸ (ਵੀਡੀਓ)
NEXT STORY