ਬਰੇਟਾ(ਸਿੰਗਲਾ)-ਸਥਾਨਕ ਕੁੜੀਆਂ ਦੇ ਹੋਸਟਲ ਰਾਸ਼ਟਰੀ ਮਾਧਿਅਮ ਸਿੱਖਿਆ ਅਭਿਆਨ ਹੋਸਟਲ ਲੜਕੀਆਂ ਜਿਥੇ 9ਵੀਂ ਤੇ 10ਵੀਂ ਕਲਾਸ ਦੀਆਂ ਲੜਕੀਆਂ ਰਹਿੰਦੀਆਂ ਹਨ ਅਤੇ ਸਿੱਖਿਆ ਹਾਸਲ ਕਰਦੀਆਂ ਹਨ। ਇਥੋਂ ਦੇ ਹੋਸਟਲ ਦੀਆਂ ਕੁਝ ਲੜਕੀਆਂ ਵੱਲੋਂ ਹੋਸਟਲ ਦੀ ਸੇਵਾਦਾਰ ਕਲਾਵੰਤੀ ਨੂੰ 5 ਸਤੰਬਰ ਦੀ ਰਾਤ ਸਬਜ਼ੀ ਵਿਚ ਨੀਂਦ ਦੀਆਂ ਗੋਲੀਆਂ ਪਾ ਕੇ ਆਪ ਹੋਸਟਲ 'ਚੋਂ ਰਾਤ ਸਮੇਂ ਕਿਧਰੇ ਜਾਣ ਦੀ ਕੋਸ਼ਿਸ਼ ਕਰਨ ਦੀ ਜਾਣਕਾਰੀ ਮਿਲੀ ਹੈ, ਇਸ ਸੰਬੰਧੀ ਹੋਸਟਲ ਦੀ ਵਾਰਡਨ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ 10 ਵਜੇ ਕੁੜੀਆਂ ਦੇ ਕਮਰਿਆਂ ਨੂੰ ਚੈੱਕ ਕਰਕੇ ਤਾਲਾ ਲਾ ਕੇ ਸੌਣ ਲਈ ਕਹਿ ਗਈ ਸੀ ਪਰ ਰਾਤ ਜਦੋਂ ਉਹ 11.30 ਵਜੇ ਅਚਾਨਕ ਬਾਹਰ ਨਿਕਲੀ ਤਾਂ ਦੋ ਲੜਕੀਆਂ 9ਵੀਂ ਕਲਾਸ ਦੀਆਂ ਬਾਹਰ ਘੁੰਮ ਰਹੀਆਂ ਸਨ। ਪੁੱਛਣ 'ਤੇ ਇਕ ਲੜਕੀ ਨੇ ਕਿਹਾ ਕਿ ਮੈਂ ਪਾਣੀ ਪੀਣ ਨਿਕਲੀ ਸੀ ਅਤੇ ਦੂਜੀ ਲੜਕੀ ਨੇ ਕਿਹਾ ਕਿ ਮੈਂ ਬਾਥਰੂਮ ਲਈ ਆਈ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਅੰਦਰ ਚਲੀਆਂ ਜਾਣ। ਕੱਲ ਸਵੇਰੇ ਹੋਸਟਲ ਦੀ ਸੇਵਾਦਾਰ ਨੇ ਦੱਸਿਆ ਕਿ ਉਸਦੀ ਰਾਤ ਤੋਂ ਤਬੀਅਤ ਠੀਕ ਨਹੀਂ ਸੀ ਪਰ ਉਸ ਨੂੰ ਬਿਨਾਂ ਇਲਾਜ ਤੋਂ ਹੋਸਟਲ 'ਚ ਇਸੇ ਤਰ੍ਹਾਂ ਹੀ ਰੱਖੀ ਰੱਖਿਆ ਪਰ ਜਦੋਂ ਠੀਕ ਨਾ ਹੋਈ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਆਪਣੇ ਮਾਮੇ ਪ੍ਰੇਮ ਚੰਦ ਨਾਲ ਲਿਜਾ ਕੇ ਹਸਪਤਾਲ ਦਾਖਲ ਕਰਵਾਇਆ। ਇਸ ਮਗਰੋਂ ਥਾਣਾ ਮੁਖੀ ਜਸਵੀਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮਾਮਲਾ ਉਨ੍ਹਾਂ ਕੋਲ ਹਸਪਤਾਲ ਤੋਂ ਆਇਆ ਹੈ, ਜਿਸ ਸੰਬੰਧੀ ਸਹਾਇਕ ਸਬ-ਇੰਸਪੈਕਟਰ ਮੱਖਣ ਸਿੰਘ ਨੂੰ ਇਸ ਮਾਮਲੇ ਸੰਬੰਧੀ ਪੜਤਾਲ ਲਈ ਲਾਇਆ ਗਿਆ ਹੈ। ਸਾਰੇ ਮਾਮਲੇ ਦੀ ਪੜਤਾਲ ਕਰ ਕੇ ਯੋਗ ਕਾਰਵਾਈ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਉਪਰੋਕਤ ਹੋਸਟਲ ਪਹਿਲਾਂ ਵੀ ਚਰਚਾ 'ਚ ਹੈ।
ਸ਼ਹਿਰ ਦੀ ਸੰਘਣੀ ਆਬਾਦੀ 'ਚੋਂ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸਿਓਂ ਪਾੜ ਲਾ ਕੇ ਕੀਤੀ ਚੋਰੀ
NEXT STORY