ਜਲੰਧਰ : ਸ਼ਹਿਰ ਦੇ ਮਾਡਲ ਟਾਊਨ ਸਥਿਤ ਮਸ਼ਹੂਰ ਆਈਕੋਨਿਕ ਮਾਲ ਵਿੱਚ ਚੋਰੀ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਨੇ ਇੱਕ ਕੱਪੜੇ ਦੇ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ 11.5 ਲੱਖ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਹਾਲਾਂਕਿ ਇਹ ਮਾਮਲਾ 27 ਜਨਵਰੀ ਦਾ ਹੈ।
ਜਾਣਕਾਰੀ ਅਨੁਸਾਰ ਚੋਰਾਂ ਨੇ ਸ਼ੋਰੂਮ ਵਿੱਚ ਦਾਖਲ ਹੋ ਕੇ ਸੇਫ਼ (ਲਾਕਰ) ਨੂੰ ਤੋੜਿਆ ਅਤੇ ਉਸ ਵਿੱਚ ਪਈ ਲੱਖਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਮਾਲ ਵਿੱਚ ਸੁਰੱਖਿਆ ਗਾਰਡ ਤਾਇਨਾਤ ਹੋਣ ਦੇ ਬਾਵਜੂਦ ਕਿਸੇ ਨੂੰ ਵੀ ਇਸ ਵਾਰਦਾਤ ਦੀ ਭਿਣਕ ਤੱਕ ਨਹੀਂ ਲੱਗੀ। ਸ਼ੋਰੂਮ ਮੈਨੇਜਰ ਨੂੰ ਇਸ ਚੋਰੀ ਬਾਰੇ ਅਗਲੀ ਸਵੇਰ ਪਤਾ ਲੱਗਾ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਅਤੇ ਫੋਰੈਂਸਿਕ ਮਾਹਿਰਾਂ ਨੇ ਮੌਕੇ 'ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮਾਲ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਸ਼ੋਰੂਮ ਮੈਨੇਜਰ ਦੇ ਬਿਆਨਾਂ ਅਨੁਸਾਰ ਇਸ ਵਾਰਦਾਤ ਵਿੱਚ ਦੋ ਚੋਰ ਸ਼ਾਮਲ ਸਨ। ਸਟੇਸ਼ਨ ਹਾਊਸ ਅਫ਼ਸਰ (SHO) ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਚੋਰਾਂ ਨੇ ਤਿਜੋਰੀ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪੁਲਸ ਅਨੁਸਾਰ ਡਿਊਟੀ 'ਤੇ ਤਾਇਨਾਤ ਸੁਰੱਖਿਆ ਗਾਰਡ ਘਟਨਾ ਤੋਂ ਬਾਅਦ ਤੋਂ ਹੀ ਲਾਪਤਾ ਹੈ, ਜਿਸ ਕਾਰਨ ਉਸ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਪੁਲਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਹਾਲਾਂਕਿ ਪੁਲਸ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜਿਆ ਜਾ ਸਕੇ।
ਅੱਜ ਲੱਗੇਗਾ ਲੰਬਾ Power Cut, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
NEXT STORY