ਚੰਡੀਗੜ੍ਹ (ਹਾਂਡਾ) - ਸੈਕਟਰ-45 ਸਥਿਤ ਬੁੜੈਲ 'ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪੁਲਸ ਕਾਰਵਾਈ ਵੀ ਕਟਹਿਰੇ 'ਚ ਹੈ। ਮਾਮਲਾ ਤੰਤਰ-ਮੰਤਰ ਦੀ ਸ਼ਕਤੀ ਨਾਲ ਜੁੜਿਆ ਹੈ, ਜਿਸ ਤਹਿਤ ਇਕ ਨਾਬਾਲਗ ਨੂੰ ਵੱਸ 'ਚ ਕਰਕੇ ਘਰੋਂ ਚਲੇ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਤੇ ਉਹ ਇਕ ਮਹੀਨਾ ਪਹਿਲਾਂ ਘਰੋਂ ਗਾਇਬ ਹੋ ਗਈ, ਜਿਸ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ। ਪੁਲਸ ਨੇ ਵੀ ਐੱਫ. ਆਈ. ਆਰ. ਦਰਜ ਕਰਦੇ ਹੋਏ ਗਾਇਬ ਹੋਈ ਨਾਬਾਲਗ ਦੀ ਉਮਰ ਜ਼ਿਆਦਾ ਲਿਖ ਕੇ ਉਸਨੂੰ ਬਾਲਗ ਵਿਖਾ ਦਿੱਤਾ, ਤਾਂ ਕਿ ਜ਼ਿਆਦਾ ਭੱਜਦੌੜ ਨਾ ਕਰਨੀ ਪਏ। ਇਕ ਮਹੀਨੇ ਤੋਂ ਗਾਇਬ ਹੋਈ ਧੀ ਦੀ ਭਾਲ ਲਈ ਮਾਂ ਹਰ ਰੋਜ਼ ਪੁਲਸ ਪੋਸਟ ਤੇ ਥਾਣੇ 'ਚ ਦੋ ਤੋਂ ਚਾਰ ਘੰਟੇ ਬਤੀਤ ਕਰ ਰਹੀ ਹੈ ਪਰ ਨਤੀਜਾ ਜ਼ੀਰੋ ਹੈ।
ਬੀਮਾਰ ਹੋਣ 'ਤੇ ਦੱਸਿਆ ਪ੍ਰੇਤ ਆਤਮਾ ਦਾ ਪਰਛਾਵਾਂ
ਫਰਜਾਨਾ ਨੇ ਦੱਸਿਆ ਕਿ ਉਸਦੀ ਨਾਬਾਲਗ ਧੀ 15 ਫਰਵਰੀ ਨੂੰ ਬੀਮਾਰ ਹੋ ਗਈ ਸੀ, ਜਿਸ ਨੂੰ ਬੁਖਾਰ ਸੀ। ਗੁਆਂਢ 'ਚ ਰਹਿਣ ਵਾਲੀ ਸ਼ਮ੍ਹਾ ਨੇ 16 ਫਰਵਰੀ ਦੀ ਸ਼ਾਮ ਝਾੜੇ ਲਈ ਘਰ ਬੁਲਾਇਆ ਤੇ ਫਰਜਾਨਾ ਆਪਣੀ ਧੀ ਫਿਜ਼ਾ ਨੂੰ ਲੈ ਕੇ ਸ਼ਮ੍ਹਾ ਦੇ ਘਰ ਗਈ। ਰਸੋਈ 'ਚ ਦੋ ਤਾਂਤਰਿਕ ਪਹਿਲਾਂ ਹੀ ਮੌਜੂਦ ਸਨ ਤੇ ਤੰਤਰ ਵਿੱਦਿਆ ਦਾ ਸਾਮਾਨ ਵੀ। ਸ਼ਮ੍ਹਾ ਤੇ ਤਾਂਤਰਿਕਾਂ ਨੇ ਝਾੜਾ ਕੀਤਾ ਤੇ ਦੱਸਿਆ ਕਿ ਫਿਜ਼ਾ ਅੰਦਰ ਪ੍ਰੇਤ ਆਤਮਾ ਹੈ, ਜਿਸਨੂੰ ਕੱਢਣ ਲਈ ਉਪਾਅ ਕਰਨਾ ਹੋਵੇਗਾ, ਜਿਸ 'ਤੇ 25 ਹਜ਼ਾਰ ਰੁਪਏ ਦਾ ਖਰਚ ਆਵੇਗਾ। ਇਕ ਸਾਮਾਨ ਦੀ ਲਿਸਟ ਵੀ ਦਿੱਤੀ ਗਈ ਜਿਸ 'ਚ ਕਾਲਾ ਮੁਰਗਾ, ਚਿੱਟਾ ਮੁਰਗਾ, ਛੋਟਾ ਬੱਕਰਾ, ਮਿਰਗ ਦਾ ਸਿੰਙ, ਦੇਸੀ ਸ਼ਰਾਬ ਤੇ ਹੋਰ ਸਮੱਗਰੀ ਸ਼ਾਮਲ ਸੀ। ਫਰਜਾਨਾ ਨੇ ਇਸ ਸਬੰਧੀ ਸੋਚ ਕੇ ਦੱਸਣ ਲਈ ਕਿਹਾ ਤਾਂ ਤਾਂਤਰਿਕ ਨੇ ਫਿਜ਼ਾ ਦੇ ਮੂੰਹ 'ਚ ਪਾਣੀ ਛਿੜਕ ਕੇ ਮੰਤਰ ਉਚਾਰਣ ਕਰਨੇ ਸ਼ੁਰੂ ਕੀਤੇ ਤੇ ਫਿਜ਼ਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਉਹ ਕਈ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਲੱਗੀ, ਜਿਸ 'ਤੇ ਫਰਜਾਨਾ ਨੇ ਘਬਰਾ ਕੇ ਉਪਾਅ ਲਈ ਹਾਂ ਕਰ ਦਿੱਤੀ। ਸ਼ਾਮ ਨੂੰ ਘਰ ਆਏ ਪਤੀ ਮਹਿਮੂਦ ਅਹਿਮਦ ਨੇ ਪਤਨੀ ਨੂੰ ਤਾਂਤਰਿਕਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ। 17 ਫਰਵਰੀ ਨੂੰ ਸ਼ਮ੍ਹਾ ਨੇ ਫਰਜਾਨਾ ਨੂੰ ਫਿਰ ਡਰਾਇਆ ਕਿ ਉਪਾਅ ਨਾ ਕਰਵਾਇਆ ਤਾਂ ਉਸਦੀ ਧੀ ਘਰੋਂ ਚਲੀ ਜਾਵੇਗੀ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਸ਼ਮ੍ਹਾ ਦੀ ਚਿਤਾਵਨੀ 18 ਫਰਵਰੀ ਨੂੰ ਸੱਚ ਸਾਬਤ ਹੋਈ, ਜਦੋਂ ਫਿਜ਼ਾ ਅਚਾਨਕ ਘਰੋਂ ਗਾਇਬ ਹੋ ਗਈ। ਕਾਫੀ ਭਾਲ ਕਰਨ ਤੋਂ ਬਾਅਦ ਮਾਮਲਾ ਪੁਲਸ ਤਕ ਪਹੁੰਚਿਆ ਤੇ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ।
ਪੁਲਸ ਨੂੰ ਗੁੰਮਰਾਹ ਕਰ ਰਹੇ ਨੇ ਮੁਲਜ਼ਮ
ਸ਼ਮ੍ਹਾ ਦੀ ਭਤੀਜੀ ਗੁਲਕਸ਼ਾ ਨੇ ਫਿਜ਼ਾ ਦੇ ਗਾਇਬ ਹੋਣ ਤੋਂ ਦੋ ਦਿਨਾਂ ਬਾਅਦ ਦੱਸਿਆ ਕਿ ਫਿਜ਼ਾ ਉਸਨੂੰ ਸੈਕਟਰ-22 ਦੀ ਮਾਰਕੀਟ 'ਚ ਮਿਲੀ ਸੀ ਤੇ ਜਿਥੇ ਉਹ ਕੰਮ ਕਰਦੀ ਹੈ, ਉਸ ਦੇ ਨਾਲ ਵਾਲੇ ਸ਼ੋਅਰੂਮ ਤੋਂ ਉਸਨੇ ਸ਼ਾਪਿੰਗ ਕੀਤੀ ਤੇ ਦੱਸਿਆ ਕਿ ਉਸਨੇ ਵਿਆਹ ਕਰ ਲਿਆ ਹੈ ਤੇ ਖੁਸ਼ ਹੈ। ਪੁਲਸ ਗੁਲਕਸ਼ਾ ਨੂੰ ਲੈ ਕੇ ਉਸ ਥਾਂ 'ਤੇ ਵੀ ਗਈ ਪਰ ਉਹ ਪੁਲਸ ਨੂੰ ਗੁੰਮਰਾਹ ਕਰਕੇ ਘੁੰਮਾਉਂਦੀ ਰਹੀ। ਸ਼ੋਅਰੂਮ ਦਾ ਪਤਾ ਵੀ ਨਹੀਂ ਦੱਸਿਆ ਤੇ ਕਿਹਾ ਕਿ ਉਹ ਸੈਕਟਰ-22 'ਚ ਕੰਮ ਹੀ ਕਰਦੀ ਹੈ। ਸ਼ਮ੍ਹਾ ਤੇ ਹੋਰ ਮੁਲਜ਼ਮ ਕਈ ਦਿਨ ਝੂਠ ਬੋਲਦੇ ਰਹੇ ਕਿ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਫਿਜ਼ਾ ਮਿਲੀ ਜਾਂ ਉਨ੍ਹਾਂ ਨੇ ਉਸਨੂੰ ਵੇਖਿਆ। ਪੁਲਸ ਨੂੰ ਦੱਸਿਆ ਵੀ ਗਿਆ ਪਰ ਪੁਲਸ ਸਿਰਫ ਪੁੱਛਗਿੱਛ ਕਰਦੀ ਰਹੀ, ਜਾਂਚ ਨਹੀਂ ਕੀਤੀ।
ਆਖਰੀ ਵਾਰ ਸਹਿਪਾਠੀ ਨੂੰ ਕੀਤਾ ਫੋਨ
ਪਰਿਵਾਰ ਨੇ ਆਪਣੇ ਪੱਧਰ 'ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਆਖਰੀ ਵਾਰ ਫਿਜ਼ਾ ਨੇ ਜਿਸ ਫੋਨ ਤੋਂ ਆਪਣੇ ਸਹਿਪਾਠੀ ਦੀਪਕ ਨੂੰ ਫੋਨ ਕੀਤਾ ਸੀ, ਉਹ ਫੋਨ ਅੰਬਾਲਾ ਤੋਂ ਦਿੱਲੀ ਟਰੇਨ 'ਚ ਜਾ ਰਹੇ ਇਕ ਪਰਿਵਾਰ ਤੋਂ ਲਿਆ ਸੀ, ਜਿਨ੍ਹਾਂ ਨੇ ਦੱਸਿਆ ਦੀ ਲੜਕੀ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਸੀ ਤੇ ਅਜੀਬ ਗੱਲਾਂ ਕਰ ਰਹੀ ਸੀ ਤੇ ਦਿੱਲੀ ਸਟੇਸ਼ਨ 'ਤੇ ਉਤਰ ਗਈ ਸੀ, ਜਿਸਦੀ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ ਪਰ ਪੁਲਸ ਉਸਦੇ ਆਧਾਰ 'ਤੇ ਸੁਰਾਗ ਨਹੀਂ ਲਾ ਸਕੀ। ਸ਼ਮ੍ਹਾ ਤੇ ਤਾਂਤਰਿਕ ਵਿਜੇ, ਸੱਤਰ ਤੇ ਹੋਰਨਾਂ ਦਾ ਨਾਂ ਮੁਲਜ਼ਮਾਂ 'ਚ ਸ਼ਾਮਲ ਹੈ। ਉਹ ਸਾਰੇ ਫਿਜ਼ਾ ਦੇ ਪਰਿਵਾਰ ਤੇ ਪੁਲਸ ਨੂੰ ਗੁੰਮਰਾਹ ਕਰ ਰਹੇ ਹਨ ਪਰ ਪੁਲਸ ਸਖਤੀ ਨਾਲ ਕੰਮ ਨਹੀਂ ਲੈ ਰਹੀ।
ਪੁਲਸ ਨੇ ਡਰਾ ਕੇ ਉਮਰ ਜ਼ਿਆਦਾ ਲਿਖਵਾਈ
ਇਥੇ ਪੁਲਸ ਨੇ ਵੀ ਪ੍ਰੇਸ਼ਾਨ ਪਰਿਵਾਰ ਨਾਲ ਚਲਾਕੀ ਕੀਤੀ ਤੇ ਡਰਾਇਆ ਕਿ ਜੇਕਰ ਸ਼ਿਕਾਇਤ 'ਚ ਧੀ ਨੂੰ ਨਾਬਾਲਗ ਦੱਸਿਆ ਤਾਂ ਉਸਦੇ ਵਾਪਸ ਆਉਣ ਤੋਂ ਬਾਅਦ ਤੁਹਾਨੂੰ ਕੋਰਟ ਦੇ ਚੱਕਰ ਲਾਉਣੇ ਪੈਣਗੇ, ਇਸ ਲਈ ਉਮਰ 18 ਤੋਂ ਪਾਰ ਲਿਖਾਓ ਤਾਂ ਕਿ ਪ੍ਰੇਸ਼ਾਨੀ ਨਾ ਹੋਵੇ। ਕਾਨੂੰਨ ਤੋਂ ਬੇਖਬਰ ਫਰਜਾਨਾ ਨੇ ਪੁਲਸ ਦੀ ਹਾਂ 'ਚ ਹਾਂ ਮਿਲਾ ਦਿੱਤੀ ਤੇ ਐੱਫ. ਆਈ. ਆਰ. 'ਚ ਉਸਨੂੰ ਪੁਲਸ ਨੇ ਬਾਲਗ ਵਿਖਾ ਦਿੱਤਾ।
ਕਤਲ ਜਾਂ ਵੇਚ ਦੇਣ ਦਾ ਸ਼ੱਕ
ਸ਼ਮ੍ਹਾ ਗਾਇਬ ਹੋਈ ਨਾਬਾਲਗ ਦੇ ਪਰਿਵਾਰ ਨੂੰ ਇਹੀ ਕਹਿੰਦੀ ਆ ਰਹੀ ਹੈ ਕਿ ਸਮਾਂ ਦਿਓ ਉਹ ਫਿਜ਼ਾ ਨੂੰ ਵਾਪਸ ਸੱਦ ਲੈਣਗੇ ਪਰ ਇਕ ਮਹੀਨਾ ਬੀਤ ਗਿਆ, ਫਿਜ਼ਾ ਨਹੀਂ ਆਈ। ਫਰਜਾਨਾ ਨੂੰ ਸ਼ੱਕ ਹੈ ਕਿ ਉਸਦੀ ਧੀ ਦੀ ਜਾਂ ਤਾਂ ਤਾਂਤਰਿਕਾਂ ਨੇ ਬਲੀ ਦੇ ਦਿੱਤੀ ਹੈ ਜਾਂ ਕਿਸੇ ਦੂਜੇ ਸੂਬੇ 'ਚ ਉਸਨੂੰ ਵੇਚ ਦਿੱਤਾ ਹੈ। ਫਰਜਾਨਾ ਤੇ ਮਹਿਮੂਦ ਦਾ ਕਹਿਣਾ ਹੈ ਕਿ ਜੇਕਰ ਪੁਲਸ ਈਮਾਨਦਾਰੀ ਨਾਲ ਜਾਂਚ ਕਰੇ ਤੇ ਸਖਤੀ ਦਿਖਾਵੇ ਤਾਂ ਸੱਚ ਸਾਹਮਣੇ ਆ ਜਾਵੇਗਾ।
ਗਰਮੀਆਂ 'ਚ ਬਿਜਲੀ ਸਪਲਾਈ 'ਚ ਰੁਕਾਵਟ ਦਾ ਸਿਲਸਿਲਾ ਜਾਰੀ ਰਹੇਗਾ
NEXT STORY