ਕਪੂਰਥਲਾ (ਭੂਸ਼ਣ)— ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਅਤੇ ਉਸ ਦਾ ਜ਼ਬਰਦਸਤੀ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਢਿੱਲਵਾਂ ਕਪੂਰਥਲਾ ਦੀ ਪੁਲਸ ਨੇ ਲੜਕੀ ਨਾਲ ਜਬਰ-ਜ਼ਨਾਹ ਕਰਨ, ਗਰਭਪਾਤ ਕਰਵਾਉਣ ਅਤੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ 3.50 ਲੱਖ ਰੁਪਏ ਦੀ ਰਕਮ ਹੜੱਪਨ ਦੇ ਮਾਮਲੇ 'ਚ 3 ਮੁਲਜ਼ਮਾਂ ਦੇ ਖਿਲਾਫ ਧਾਰਾ 376, 313, 420, 506, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਥੇ ਹੀ ਨਾਮਜ਼ਦ ਮੁਲਜ਼ਮਾਂ ਦੀ ਭਾਲ 'ਚ ਛਾਪਾਮਾਰੀ ਦਾ ਦੌਰ ਜਾਰੀ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਾਸੀ ਇਕ ਲੜਕੀ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਸਾਲ 2017 ਨੂੰ ਉਸ ਦਾ ਪਿਤਾ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ 'ਚ ਇਲਾਜ ਲਈ ਭਰਤੀ ਸੀ। ਜਿਸ ਦੌਰਾਨ ਉਸ ਦੀ ਮੁਲਾਕਾਤ ਗੁਰਪ੍ਰੀਤ ਚੌਹਾਨ ਪੁੱਤਰ ਪ੍ਰੀਤਮ ਚੌਹਾਨ ਵਾਸੀ ਕੋਲੀ ਥਾਣਾ ਸਦਰ ਪਟਿਆਲਾ ਦੇ ਨਾਲ ਹੋਈ। ਉਸ ਨੂੰ ਆਪਣੇ ਪਿਤਾ ਲਈ ਕੁਝ ਦਵਾਈਆਂ ਚੰਡੀਗੜ੍ਹ ਤੋਂ ਨਹੀਂ ਮਿਲ ਸਕੀਆਂ।
ਜਦੋਂ ਉਸ ਨੇ ਇਸ ਸਬੰਧ 'ਚ ਗੁਰਪ੍ਰੀਤ ਚੌਹਾਨ ਨਾਲ ਗੱਲ ਕੀਤੀ ਤਾਂ ਉਸ ਨੇ ਉਕਤ ਦਵਾਈਆਂ ਪਟਿਆਲਾ ਤੋਂ ਲਿਆ ਕੇ ਦੇ ਦਿੱਤੀਆਂ। ਜਿਸ ਦੇ ਬਾਅਦ ਉਸ ਦਾ ਪਿਤਾ ਠੀਕ ਹੋ ਗਿਆ। ਅੱਗੇ ਲੜਕੀ ਨੇ ਦੱਸਿਆ ਕਿ ਉਸ ਨੂੰ ਗੁਰਪ੍ਰੀਤ ਚੌਹਾਨ ਨੇ ਫੋਨ 'ਤੇ ਦੱਸਿਆ ਕਿ ਉਸ ਨੇ ਉਸ ਦੇ ਪਿਤਾ ਦੇ ਠੀਕ ਹੋਣ ਨੂੰ ਲੈ ਕੇ ਅੰਮ੍ਰਿਤਸਰ 'ਚ ਸੁਖਣਾ ਸੁੱਖੀ ਸੀ, ਜੋ ਕਿ ਪੂਰੀ ਹੋ ਗਈ ਹੈ। ਇਸ ਲਈ ਉਹ ਉਸ ਦੇ ਨਾਲ ਮੱਥਾ ਟੇਕਣ ਲਈ ਅੰਮ੍ਰਿਤਸਰ ਜਾਣਾ ਚਾਹੁੰਦਾ ਹੈ।
7 ਮਈ 2017 ਨੂੰ ਉਹ ਗੁਰਪ੍ਰੀਤ ਚੌਹਾਨ ਨਾਲ ਕਾਰ 'ਚ ਬੈਠ ਕੇ ਜਦੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਤਾਂ ਉਸ ਦੀ ਕਾਰ 'ਚ ਪਹਿਲਾਂ ਹੀ ਉਸ ਦੇ 2 ਦੋਸਤ ਜਰਨੈਲ ਸਿੰਘ ਵਾਸੀ ਜ਼ਿਲਾ ਪਟਿਆਲਾ ਅਤੇ ਵਿੱਕੀ ਜ਼ਿਲਾ ਪਟਿਆਲਾ ਬੈਠੇ ਹੋਏ ਸਨ। ਜਿਸ ਦੇ ਬਾਅਦ ਬਿਆਸ ਦਰਿਆ ਆਉਣ ਤੋਂ ਪਹਿਲਾਂ ਗੁਰਪ੍ਰੀਤ ਨੇ ਆਪਣੀ ਕਾਰ ਨੂੰ ਇਕ ਸੁੰਨਸਾਨ ਥਾਂ 'ਤੇ ਰੋਕ ਦਿੱਤਾ ਅਤੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਸਰੀਰਕ ਸੰਬੰਧ ਬਣਾਏ। ਜਿਸ ਦੌਰਾਨ ਉਸ ਦੇ ਦੋਸਤ ਜਰਨੈਲ ਸਿੰਘ ਨੇ ਮੋਬਾਇਲ ਦਾ ਕੈਮਰਾ ਆਨ ਕਰਕੇ ਵੀਡੀਓ ਬਣਾਈ। ਜਿਸ ਦੇ ਬਾਅਦ ਉਹ ਚੰਡੀਗੜ੍ਹ ਵਾਪਸ ਆ ਗਈ। ਜਿੱਥੇ ਉਸ ਨੂੰ ਗੁਰਪ੍ਰੀਤ ਸਿੰਘ ਨੇ ਵਿਆਹ ਕਰਵਾਉਣ ਦਾ ਝਾਂਸਾ ਦੇਣਾ ਸ਼ੁਰੂ ਕਰ ਦਿੱਤਾ। ਉਹ ਢਾਈ ਸਾਲ ਤੱਕ ਉਸ ਦੇ ਸੰਪਰਕ 'ਚ ਰਿਹਾ ਅਤੇ ਇਸ ਦੌਰਾਨ ਉਸ ਨੇ ਉਸ ਕੋਲੋਂ ਧੋਖੇ ਨਾਲ 3.50 ਲੱਖ ਰੁਪਏ ਦੀ ਰਕਮ ਹੜੱਪ ਲਈ।
ਇਸ ਪੂਰੇ ਘਟਨਾਕ੍ਰਮ ਦੌਰਾਨ ਉਹ ਅਕਤੂਬਰ ਅਤੇ ਦਸੰਬਰ 'ਚ ਗਰਭਵਤੀ ਹੋ ਗਈ। ਜਿਸ ਦੌਰਾਨ ਦੋਵੇਂ ਸਮੇਂ ਗੁਰਪ੍ਰੀਤ ਨੇ ਉਸ ਨੂੰ ਦਵਾਈਆਂ ਦੇ ਕੇ ਗਰਭਪਾਤ ਕਰਵਾ ਦਿੱਤਾ। ਬਾਅਦ 'ਚ ਗੁਰਪ੍ਰੀਤ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੁਰਪ੍ਰੀਤ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੰਦਾ ਰਿਹਾ ਪਰ ਜਦੋਂ ਗੁਰਪ੍ਰੀਤ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਤਾਂ ਉਸ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ।
ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਚ. ਓ. ਢਿੱਲਵਾਂ ਇੰਸਪੈਕਟਰ ਪਰਮਜੀਤ ਸਿੰਘ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜ਼ਮ ਗੁਰਪ੍ਰੀਤ ਚੌਹਾਨ, ਜਰਨੈਲ ਸਿੰਘ ਅਤੇ ਵਿੱਕੀ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੌਰਾਨ ਤਿੰਨਾਂ ਮੁਲਜ਼ਮਾਂ ਗੁਰਪ੍ਰੀਤ ਚੌਹਾਨ, ਜਰਨੈਲ ਸਿੰੰਘ ਅਤੇ ਵਿੱਕੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ, ਫਿਲਹਾਲ ਤਿੰਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਬਿਆਸ : ਸਕੂਲੀ ਬੱਚਿਆਂ ਦੇ ਮਾਪਿਆਂ ਵਲੋਂ ਦੂਜੇ ਦਿਨ ਵੀ ਸਕੂਲ ਮੂਹਰੇ ਧਰਨਾ ਜਾਰੀ
NEXT STORY