ਜਲੰਧਰ (ਜ. ਬ.)— ਥਾਣਾ ਮਕਸੂਦਾਂ ਅਧੀਨ ਆਉਂਦੇ ਇਕ ਪਿੰਡ ਦੀ ਮਾਸੂਮ ਲੜਕੀ ਨੂੰ ਪਿਤਾ ਵੱਲੋਂ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ। ਨਾਬਾਲਗਾ 10 ਸਾਲਾ ਲੜਕੀ ਦੀ ਮਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਪਤੀ ਰਾਜਪਾਲ ਉਸ ਦੀ ਬੱਚੀ ਨੂੰ 15 ਅਗਸਤ ਤੋਂ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਉਸ ਦੇ ਪਹਿਲੇ ਵਿਆਹ ਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਉਸ ਨੇ ਰਾਜਪਾਲ ਨਾਲ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਉਸ ਦੀ ਪਹਿਲੀ ਪਤਨੀ 'ਚੋਂ ਤਿੰਨ ਬੱਚੇ ਹਨ, ਜਿਨ੍ਹਾਂ 'ਚੋਂ ਸਭ ਤੋਂ ਛੋਟੀ ਬੱਚੀ 10 ਸਾਲਾ ਲੜਕੀ ਨੂੰ ਉਸ ਦਾ ਮਤਰੇਆ ਪਿਤਾ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ।
ਇਸ ਸਬੰਧੀ ਉਸ ਨੂੰ ਲੜਕੀ ਨੇ ਦੱਸਿਆ ਤਾਂ ਉਸ ਨੇ ਆਪਣੇ ਪਤੀ ਨੂੰ ਇਸ ਬਾਰੇ ਪੁੱਛਿਆ ਤਾਂ ਪਤੀ ਵੱਲੋਂ ਉਸ ਨਾਲ ਲੜਾਈ-ਝਗੜਾ ਕੀਤਾ ਗਿਆ ਤਾਂ ਉਸ ਨੇ ਪਿੰਡ ਦੇ ਲੋਕਾਂ ਨੂੰ ਬੁਲਾ ਲਿਆ। ਮੌਕੇ 'ਤੇ ਪਿੰਡ ਵਾਲਿਆਂ ਨੇ ਉਸ ਦਾ ਕੁਟਾਪਾ ਚਾੜ੍ਹਿਆ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਪਰ ਮੌਕਾ ਦੇਖ ਕੇ ਉਸ ਦਾ ਪਤੀ ਰਾਜਪਾਲ ਹੁਸ਼ਿਆਰੀ ਨਾਲ ਫਰਾਰ ਹੋ ਗਿਆ। ਲੜਕੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਨੂੰ ਉਦੋਂ ਹਵਸ ਦਾ ਸ਼ਿਕਾਰ ਬਣਾਉਂਦਾ ਸੀ ਜਦ ਉਹ ਕੰਮ 'ਤੇ ਗਈ ਹੁੰਦੀ ਸੀ ਜਾਂ ਉਹ ਸੁੱਤੀ ਹੁੰਦੀ ਸੀ। ਜਦ ਲੜਕੀ ਨੇ ਕਈ ਵਾਰ ਇਸ ਦਾ ਵਿਰੋਧ ਕੀਤਾ ਤਾਂ ਰਾਜਪਾਲ ਲੜਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਲੜਕੀ ਸਹਿਮੀ ਹੋਣ ਕਰਕੇ ਉਸ ਨੂੰ ਕੁਝ ਵੀ ਨਹੀਂ ਦੱਸਦੀ ਸੀ। ਉਸ ਨੇ ਦੱਸਿਆ ਕਿ ਲੜਕੀ ਨੇ ਉਸ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਜਦ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਪਿਤਾ ਨੇ ਉਸ ਨੂੰ ਅਗਵਾ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ। ਮਾਂ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਉਸ ਨੂੰ ਦੱਸਦੀ ਹੈ ਕਿ ਕੁਝ ਨਕਾਬਪੋਸ਼ ਮੋਟਰਸਾਈਕਲ ਸਵਾਰ ਉਨ੍ਹਾਂ ਦੇ ਘਰ ਆ ਕੇ ਦਰਵਾਜ਼ਾ ਖੜਕਾ ਕੇ ਉਸ ਦਾ ਨਾਂ ਪੁਕਾਰਦੇ ਸਨ ਪਰ ਉਸ ਨੇ ਕਦੇ ਦਰਵਾਜ਼ਾ ਨਹੀਂ ਖੋਲ੍ਹਿਆ।
ਸਬ ਇੰਸਪੈਕਟਰ ਸੀਮਾ ਨੇ ਲੜਕੀ ਅਤੇ ਉਸ ਦੀ ਮਾਂ ਦੇ ਬਿਆਨਾਂ 'ਤੇ ਰਾਜਪਾਲ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮਕਸੂਦਾਂ ਏ. ਐੱਸ. ਆਈ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਜਦ ਉਹ ਮੌਕੇ 'ਤੇ ਪੁੱਜੇ ਤਾਂ ਮੁਲਜ਼ਮ ਰਾਜਪਾਲ ਉੱਥੋਂ ਫਰਾਰ ਹੋ ਚੁੱਕਾ ਸੀ, ਜਿਸ ਨੂੰ ਬਾਅਦ 'ਚ ਪਿੰਡ ਸ਼ੇਖੇ ਦੇ ਫਲਾਈਓਵਰ ਨੇੜਿਓਂ ਕਾਬੂ ਕਰ ਲਿਆ ਗਿਆ। ਪੁਲਸ ਵੱਲੋਂ ਨਾਬਾਲਗ ਲੜਕੀ ਦਾ ਸਿਵਲ ਹਸਪਤਾਲ ਤੋਂ ਡਾਕਟਰੀ ਮੁਆਇਨਾ ਕਰਵਾਇਆ ਗਿਆ ਹੈ। ਰਜਿੰਦਰ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਰਾਜਪਾਲ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬ ਲਾਟਰੀਜ਼ ਵਿਭਾਗ ਨੇ ਐਲਾਨਿਆ ਹੋਲੀ ਬੰਪਰ ਦਾ ਨਤੀਜਾ
NEXT STORY