ਮੋਗਾ (ਆਜ਼ਾਦ, ਗੋਪੀ ਰਾਊਕੇ) : ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਦਾਤੇਵਾਲ ਦੇ ਸਰਪੰਚ ’ਤੇ ਇਕ ਲੜਕੀ ਨੇ ਕਥਿਤ ਤੌਰ ’ਤੇ ਛੇੜ-ਛਾੜ ਦਾ ਦੋਸ਼ ਲਗਾਇਆ ਹੈ, ਇਸ ਸਬੰਧ ਵਿਚ ਥਾਣਾ ਕੋਟ ਈਸੇ ਖਾਂ ਦੀ ਪੁਲਸ ਨੇ ਛੇੜ-ਛਾੜ ਦੇ ਦੋਸ਼ਾਂ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਇਕ ਪ੍ਰਾਈਵੇਟ ਤੌਰ ’ਤੇ ਨੌਕਰੀ ਕਰਦੀ ਲੜਕੀ ਨੇ ਦੋਸ਼ ਲਗਾਇਆ ਸੀ ਜਦੋਂ ਮੈਂ ਘਰੋਂ ਡਿਊਟੀ ’ਤੇ ਜਾਂਦੀ ਹਾਂ ਤਾਂ ਅਕਸਰ ਸਰਪੰਚ ਗੁਰਚਰਨ ਸਿੰਘ ਮੇਰੇ ਪਿੱਛੇ ਆਉਂਦਾ ਸੀ ਅਤੇ ਇਕ ਦਿਨ ਉਸ ਨੇ ਰੋਕ ਕੇ ਮੈਨੂੰ ਕਿਹਾ ਤੂੰ ਆਟੋ ’ਤੇ ਆਉਂਦੀ ਹੈ ਅਤੇ ਮੈਂ ਤੈਨੂੰ ਸਕੂਟਰੀ ਲੈ ਦੇਵਾਂਗਾ। ਪੀੜਤਾ ਨੇ ਦੋਸ਼ ਲਗਾਇਆ ਕਿ ਸਰਪੰਚ ਨੇ ਇਸ ਬਦਲੇ ਮੈਂਨੂੰ ਕਥਿਤ ਨਾਜਾਇਜ਼ ਸਬੰਧ ਬਣਾਉਣ ਲਈ ਜ਼ੋਰ ਪਾਇਆ। ਪੀੜਤ ਦਾ ਦੋਸ਼ ਹੈ ਕਿ ਸਰਪੰਚ ਮੈਨੂੰ ਆਉਂਦੀ ਜਾਂਦੀ ਨੂੰ ਕਥਿਤ ਤੌਰ ’ਤੇ ਗਲਤ ਇਸ਼ਾਰੇ ਵੀ ਕਰਦਾ ਸੀ। ਪੀੜਤਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਪੰਚਾਇਤ ਵਿਚ ਵੀ ਰੱਖਿਆ ਸੀ ਪਰ ਫ਼ਿਰ ਵੀ ਇਨਸਾਫ਼ ਨਾ ਮਿਲਿਆ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਸਰਪੰਚ ਗੁਰਚਰਨ ਸਿੰਘ ਵਿਰੁੱਧ ਛੇੜ-ਛਾੜ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਰਪੰਚ ਗੁਰਚਰਨ ਸਿੰਘ ਨੇ ਆਪਣੇ ’ਤੇ ਦਰਜ ਹੋਏ ਮਾਮਲੇ ਨੂੰ ਝੂਠਾ ਕਰਾਰ ਦਿੰਦੇ ਹੋਏ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਮੈਨੂੰ ਹੁਕਮਰਾਨ ਧਿਰ ਦੇ ਕਥਿਤ ਦਬਾਅ ਕਰ ਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਪੰਚੀ ਦੇ ਅਹੁਦੇ ਤੋਂ ਲਾਂਭੇ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਪਰ ਇਸ ਮਗਰੋਂ ਮੇਰੇ ਪਿੰਡ ਲੱਗੇ ਨੀਂਹ ਪੱਥਰ ਤੱਕ ਵੀ ਤੋੜ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮੇਰੇ ਵਿਚ ਕੋਈ ਕਸੂਰ ਨਾ ਹੋਣ ਕਰਕੇ ਜਦੋਂ ਮੈਂ ਦਬਾਅ ਨਾ ਮੰਨਿਆ ਤਾਂ ਹੁਣ ਕਥਿਤ ਤੌਰ ’ਤੇ ਮੈਨੂੰ ਇਸ ਮਾਮਲੇ ਵਿਚ ਉਲਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਹੀ ਨਹੀਂ ਸਗੋਂ ਸਮੁੱਚਾ ਇਲਾਕਾ ਜਾਣਦਾ ਹੈ ਕਿ ਮੇਰਾ ਕਿਰਦਾਰ ਕਿਸ ਤਰ੍ਹਾਂ ਦਾ ਹੈ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰਵਾਉਣ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ ਜਾਵੇ।
ਸੁਖਬੀਰ ਵੱਲੋਂ ਇੰਦਰਾ ਗਾਂਧੀ ਦੇ ਕਾਤਲ ਦੇ ਘਰ ਫੇਰੀ ਦਾ ਮੁੱਦਾ ਗਰਮਾਇਆ, 'ਆਪ' ਨੇ ਲਿਆ ਨਿਸ਼ਾਨੇ 'ਤੇ
NEXT STORY