ਭਿੱਖੀਵਿੰਡ/ਬੀੜ ਸਾਹਿਬ, (ਭਾਟੀਆ, ਬਖਤਾਵਰ, ਲਾਲੂ ਘੁੰਮਣ )- ਭਿੱਖੀਵਿੰਡ ਚੌਕ ਦੀ ਟ੍ਰੈਫਿਕ ਸਮੱਸਿਆ ਤੋਂ ਇਨ੍ਹੀਂ ਦਿਨੀਂ ਪੂਰੇ ਸਰਹੱਦੀ ਇਲਾਕੇ ਦੇ ਲੋਕ ਹੈਰਾਨ ਤੇ ਪ੍ਰਸ਼ਾਨ ਹਨ ਕਿ ਚੌਕ ਵਿਚ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਟ੍ਰੈਫਿਕ 'ਤੇ ਨਜ਼ਰ ਰੱਖਣ ਦੀ ਬਜਾਏ ਹਮੇਸ਼ਾ ਆਪਣੇ ਫੋਨ 'ਤੇ ਗੱਲਬਾਤ ਵਿਚ ਰੁੱਝੇ ਹੁੰਦੇ ਹਨ। ਭਿੱਖੀਵਿੰਡ ਦਾ ਮੁੱਖ ਚੌਕ ਜੋ ਕਿ ਆਸ-ਪਾਸ ਦੇ ਲੋਕਾਂ ਲਈ ਇਕੋ-ਇਕ ਰਸਤਾ ਹੈ, ਜਿਸ ਕਰ ਕੇ ਖੇਮਕਰਨ, ਪੱਟੀ, ਖਾਲੜਾ ਤੇ ਅੰਮ੍ਰਿਤਸਰ ਨੂੰ ਆਉਣ-ਜਾਣ ਵਾਲੀਆਂ ਗੱਡੀਆ ਦੀ ਤਾਦਾਦ ਇੰਨੀ ਜ਼ਿਆਦਾ ਹੁੰਦੀ ਹੈ ਕਿ ਭਿੱਖੀਵਿੰਡ ਮੁੱਖ ਚੌਕ ਵਿਚ ਘੱਟੋ-ਘੱਟ ਪੰਜ ਕਰਮਚਾਰੀਆਂ ਦੀ ਟੀਮ ਪੂਰੀ ਤਨਦੇਹੀ ਨਾਲ ਕੰਮ ਕਰੇ ਤਾਂ ਇਸ ਚੌਕ ਦੀ ਟ੍ਰੈਫਿਕ ਸਹੀ ਚਲਦੀ ਰਹਿੰਦੀ ਹੈ ਪਰ ਭਿੱਖੀਵਿੰਡ ਚੌਕ 'ਚ ਤਾਇਨਾਤ ਪੁਲਸ ਮੁਲਾਜ਼ਮ ਘੱਟ ਤਜਰਬੇਕਾਰ ਤੇ ਜ਼ਿਆਦਾਤਾਰ ਨੇੜਲੀਆ ਦੁਕਾਨਾਂ 'ਤੇ ਬੈਠ ਕੇ ਮੌਜ ਮਸਤੀ ਵਿਚ ਲੱਗੇ ਰਹਿੰਦੇ ਹਨ, ਜੇਕਰ ਚੌਕ ਵਿਚ ਆ ਵੀ ਜਾਂਦੇ ਹਨ ਤਾਂ ਉਥੇ ਹਮੇਸ਼ਾ ਹੀ ਉਨ੍ਹਾਂ ਦੇ ਕੰਨ ਨੂੰ ਫੋਨ ਲੱਗੇ ਹੁੰਦੇ ਹਨ। ਇਸ ਚੌਕ 'ਚ ਜਗ੍ਹਾ ਘੱਟ ਹੋਣ ਕਾਰਨ ਕਈ ਵਾਰ ਵੱਡੀਆਂ ਗੱਡੀਆਂ ਜੋ ਕਿ ਰਾਜਸਥਾਨ, ਹਰੀਕੇ, ਪੱਟੀ ਤੋਂ ਅੰਮ੍ਰਿਤਸਰ ਜਾਣ ਲਈ ਜਦੋਂ ਇੱਥੇ ਪਹੁੰਚਦੀਆਂ ਹਨ ਤਾਂ ਟ੍ਰੈਫਿਕ ਮੁਲਾਜ਼ਮਾਂ ਕੋਲੋਂ ਕੰਟਰੋਲ ਨਾ ਹੋਣ ਕਰ ਕੇ ਇਕ ਵੀ ਗੱਡੀ ਰਸਤੇ ਵਿਚ ਆ ਜਾਣ ਕਰ ਕੇ ਲੰਬੀਆਂ ਤੇ ਭਾਰੀ ਗੱਡੀਆਂ ਚੌਕ 'ਚ ਮੁਸੀਬਤ ਬਣ ਕੇ ਖੜ੍ਹ ਜਾਂਦੀਆਂ ਹਨ, ਜਿਸ ਕਾਰਨ ਚਾਰੇ ਸੜਕਾਂ ਉਪਰ ਕਰੀਬ ਇਕ ਕਿਲੋਮੀਟਰ ਤੱਕ ਲੰਬਾ ਜਾਮ ਵੀ ਲੱਗ ਜਾਂਦਾ ਹੈ।
ਇਸ ਮੌਕੇ ਗੁਲਸ਼ਨ ਕੁਮਾਰ ਅਲਗੋ, ਹੈਪੀ ਸੰਧੂ, ਗੁਰਚੇਤ ਸਿੰਘ, ਯਾਦਵਿੰਦਰ ਸਿੰਘ, ਭਿੱਖੀਵਿੰਡ, ਵਰਿੰਦਰ ਸਿੰਘ ਨੰਦਾ, ਪਲਵਿੰਦਰ ਲਾਡੀ, ਰਣਜੀਤ ਸਿੰਘ ਰਾਣਾ, ਗੁਰਜੰਟ ਸਿੰਘ ਜੰਟਾ ਤੇ ਬੇਅੰਤ ਸਿੰਘ ਆਦਿ ਨੇ ਵੀ ਚੌਕ ਵਿਚ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਜਵਾਬਦੇਹ ਬਣਾਉਣ ਤੇ ਨਫਰੀ ਵਧਾਉਣ ਦੀ ਜ਼ਿਲਾ ਪੁਲਸ ਮੁਖੀ ਕੋਲੋਂ ਜਿੱਥੇ ਮੰਗ ਕੀਤੀ ਹੈ, ਉਥੇ ਉਨ੍ਹਾਂ ਨੇ ਇਸ ਚੌਕ ਵਿਚ ਫੁਰਤੀਲੇ ਅਤੇ ਆਪਣੀ ਡਿਊਟੀ ਨੂੰ ਫਰਜ਼ ਸਮਝ ਕੇ ਨਿਭਾਉਣ ਵਾਲੇ ਕਰਮਚਾਰੀ ਲਾਉਣ ਦੀ ਅਪੀਲ ਕੀਤੀ ਹੈ ।
ਸੜਕਾਂ 'ਤੇ ਹੋ ਰਹੇ ਹਨ ਨਾਜਾਇਜ਼ ਕਬਜ਼ੇ
ਵਲਟੋਹਾ, (ਜ.ਬ.)-ਕਸਬਾ ਅਲਗੋਕੋਠੀ 'ਚ ਲੋਕ ਟ੍ਰੈਫਿਕ ਦੀ ਭਾਰੀ ਸਮੱਸਿਆ ਨਾਲ ਜੂਝ ਰਹੇ ਹਨ। ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਕੀਤਾ ਗਿਆ ਵਾਧਾ ਅਤੇ ਸੜਕ ਦੀ ਜਗ੍ਹਾ ਉਪਰ ਕੀਤਾ ਗਿਆ ਨਾਜਾਇਜ਼ ਕਬਜ਼ਾ ਇਸ ਸਮੱਸਿਆ ਨੂੰ ਹੋਰ ਗੰਭੀਰ ਕਰ ਰਿਹਾ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਮੀਟੀ ਬੈਠਾ ਹੈ। ਕਸਬੇ ਵਿਚ ਟ੍ਰੈਫਿਕ ਦੇ ਲੰਬੇ-ਲੰਬੇ ਜਾਮ ਦੇਖੇ ਜਾ ਸਕਦੇ ਹਨ ਅਤੇ ਲੋਕਾਂ ਨੂੰ ਥੋੜ੍ਹੀ ਹੀ ਦੂਰੀ ਤੈਅ ਕਰਨ ਲਈ ਘੰਟਿਆਂਬੱਧੀ ਸਮਾਂ ਜਾਮ ਵਿਚ ਬਰਬਾਦ ਕਰਨਾ ਪੈਂਦਾ ਹੈ। ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਸਬਾ ਅਲਗੋਕੋਠੀ ਵਿਖੇ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਵੱਲੋਂ ਸੜਕ ਉਪਰ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਰਾਹਗੀਰਾਂ ਨੂੰ ਵ੍ਹੀਕਲ ਲਿਜਾਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਸਬੰਧੀ ਜਦੋਂ ਅਲਗੋਕੋਠੀ ਦੇ ਚੌਕੀ ਇੰਚਾਰਜ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਚੌਕੀ ਵਿਚ ਮੁਲਾਜ਼ਮਾਂ ਦੀ ਘਾਟ ਕਰਨ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਅਤੇ ਮੇਰੇ ਵੱਲੋਂ ਆਪਣੇ ਉੁੱਚ ਅਧਿਕਾਰੀਆਂ ਨੂੰ ਚੌਕੀ ਵਿਚ ਨਫਰੀ ਵਧਾਉਣ ਸਬੰਧੀ ਜਾਣੂ ਕਰਵਾਇਆ ਹੈ, ਜਲਦ ਹੀ ਇਸ ਦਾ ਹੱਲ ਕੱਢਿਆ ਜਾਵੇਗਾ।
ਕਿਸਾਨ ਨੇ ਲਾਇਆ ਜ਼ਮੀਨ ਹੜੱਪਣ ਦਾ ਦੋਸ਼
NEXT STORY