ਲੁਧਿਆਣਾ, (ਰਾਮ)- ਇਕ ਪਾਸੇ ਜਿਥੇ ਮਹਾਨਗਰ ਦੀ ਪੁਲਸ ਛੋਟੇ-ਮੋਟੇ ਦੋਸ਼ੀਆਂ ਨੂੰ ਫੜ ਕੇ ਆਪਣੀ ਪਿੱਠ ਥਪ-ਥਪਾਉਂਦੀ ਹਰ ਰੋਜ਼ ਨਜ਼ਰ ਆਉਂਦੀ ਹੈ, ਉਥੇ ਹੀ ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਅਜਿਹੇ ਬਹੁਤ ਅਸਮਾਜਿਕ ਧੰਦੇ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੇ ਹਨ। ਜਿਨ੍ਹਾਂ ਨਾਲ ਲੋਕਾਂ ਦੇ ਘਰ ਟੁੱਟ ਰਹੇ ਹਨ ਪਰ ਜ਼ਿਲਾ ਪੁਲਸ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਸਿਰਫ ਆਪਣੇ ਉੱਚ ਅਧਿਕਾਰੀਆਂ ਨੂੰ ਦਿਖਾਉਣ ਲਈ ਖਾਨਾਪੂਰਤੀ ਦੀ ਕਾਰਵਾਈ ਕਰਨ ਤੱਕ ਹੀ ਸਿਮਟ ਜਾਂਦੀ ਹੈ। ਇਨ੍ਹਾਂ ਅਸਮਾਜਿਕ ਧੰਦਿਆਂ 'ਚੋਂ ਹੀ ਇਕ ਹੈ ਦੜੇ-ਸੱਟੇ ਦਾ ਨਾਜਾਇਜ਼ ਧੰਦਾ, ਜਿਸ ਦੇ ਸ਼ਿਕਾਰ ਆਮ ਦਿਹਾੜੀਦਾਰ ਅਤੇ ਗਰੀਬ ਵਰਗ ਦੇ ਲੋਕ ਹੋ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਘਰਾਂ 'ਚ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ। ਦੜੇ-ਸੱਟੇ ਦਾ ਇਹ ਗੋਰਖਧੰਦਾ ਏ. ਸੀ. ਪੀ. ਈਸਟ ਦੇ ਅਧੀਨ ਆਉਂਦੇ ਥਾਣੇ ਮੋਤੀ ਨਗਰ ਅਤੇ ਡਵੀਜ਼ਨ ਨੰ. 7 ਦੇ ਵੱਖ-ਵੱਖ ਇਲਾਕਿਆਂ 'ਚ ਜ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਨੂੰ ਰੋਕਣ ਵਾਲਾ ਕੋਈ ਵੀ ਨਜ਼ਰ ਨਹੀਂ ਆਉਂਦਾ। ਸਰਕਾਰੀ ਲਾਟਰੀ ਦੀ ਆੜ 'ਚ ਇਨ੍ਹਾਂ ਥਾਣਿਆਂ ਦੀਆਂ ਹੱਦਾਂ 'ਚ ਖੁੱਲ੍ਹੇ ਹੋਏ ਬਹੁਤ ਸਾਰੇ ਲਾਟਰੀ ਸਟਾਲ ਸਿਰਫ ਵਿਖਾਉਣ ਲਈ ਹੀ ਸਰਕਾਰੀ ਲਾਟਰੀ ਦੀ ਵਿਕਰੀ ਕਰਦੇ ਹਨ। ਜਦਕਿ ਉਨ੍ਹਾਂ ਦਾ ਮੁੱਖ ਧੰਦਾ ਦੜਾ-ਸੱਟਾ ਹੀ ਹੈ, ਜਿਨ੍ਹਾਂ ਦੇ ਸਾਹਮਣੇ ਇਨ੍ਹਾਂ ਥਾਣਿਆਂ ਦੀ ਪੁਲਸ ਬਾਕੀ ਹੋਰ ਮਾਮਲਿਆਂ ਦੀ ਤਰ੍ਹਾਂ ਹੀ ਇਸ ਮਾਮਲੇ 'ਚ ਕਿਸੇ ਠੋਸ ਸ਼ਿਕਾਇਤਕਰਤਾ ਦਾ ਇੰਤਜ਼ਾਰ ਕਰ ਰਹੀ ਹੈ, ਤਾਂ ਕਿ ਉਹ ਕੋਈ ਕਾਰਵਾਈ ਕਰ ਸਕੇ।
ਇਨ੍ਹਾਂ ਇਲਾਕਿਆਂ 'ਚ ਚੱਲਦਾ ਦੜਾ-ਸੱਟਾ
ਜੇਕਰ ਦੇਖਿਆ ਜਾਵੇ ਤਾਂ ਦੜੇ-ਸੱਟੇ ਦਾ ਇਹ ਨਾਜਾਇਜ਼ ਕਾਰੋਬਾਰ ਮੋਤੀ ਨਗਰ, ਜੀਵਨ ਨਗਰ, ਵੀਰ ਪੈਲੇਸ, ਈ. ਡਬਲਿਯੂ. ਐੱਸ. ਕਾਲੋਨੀ, ਤਾਜਪੁਰ ਰੋਡ, ਸੈਕਟਰ-32, ਗੋਲ ਮਾਰਕੀਟ ਅਤੇ ਆਸ-ਪਾਸ ਦੇ ਹੋਰ ਇਲਾਕਿਆਂ 'ਚ ਖੁੱਲ੍ਹੇਆਮ ਚੱਲ ਰਿਹਾ ਹੈ ਪਰ ਪੁਲਸ ਅਧਿਕਾਰੀ ਮੀਡੀਆ ਤੋਂ ਹੀ ਇਨ੍ਹਾਂ ਅੱਡਿਆਂ ਦੀ ਜਾਣਕਾਰੀ ਮੰਗਦੇ ਦੇਖੇ ਜਾਂਦੇ ਹਨ, ਜਿਸ ਨਾਲ ਉਹ ਖੁਦ ਨੂੰ ਅਜਿਹੇ ਅੱਡਿਆਂ ਬਾਰੇ ਅਣਜਾਣ ਜ਼ਾਹਿਰ ਕਰਦੇ ਹਨ।
11 ਦਾ ਮਿਲਦਾ ਹੈ 100
ਦੜੇ-ਸੱਟੇ ਦੇ ਚੱਲ ਰਹੇ ਇਸ ਕਾਲੇ ਕਾਰੋਬਾਰ ਦੀ ਗਹਿਰਾਈ ਜਾਣਨ ਲਈ ਜਦੋਂ 'ਜਗ ਬਾਣੀ' ਟੀਮ ਨੇ ਅਜਿਹੀਆਂ ਦੁਕਾਨਾਂ 'ਤੇ ਜਾ ਕੇ ਖੁਦ ਦੇਖਿਆ ਤਾਂ ਉਥੇ ਰੋਜ਼ਾਨਾ ਆਪਣੀ ਜੀਵਿਕਾ ਕਮਾ ਕੇ ਪਰਿਵਾਰ ਪਾਲਣ ਵਾਲੇ ਗਰੀਬ ਲੋਕਾਂ ਦਾ ਜਮਾਵੜਾ ਜ਼ਿਆਦਾ ਦੇਖਣ ਨੂੰ ਮਿਲਿਆ। ਜਿਨ੍ਹਾਂ ਨੂੰ ਦੜਾ-ਸੱਟਾ ਲਾਉਣ 'ਤੇ 11 ਰੁਪਏ ਦੇ ਬਦਲੇ 100 ਰੁਪਏ ਅਤੇ 10 ਦੇ ਬਦਲੇ 90 ਰੁਪਏ ਦਾ ਲਾਲਚ ਸ਼ਰੇਆਮ ਦਿੱਤਾ ਜਾ ਰਿਹਾ ਸੀ। ਦੜੇ-ਸੱਟੇ ਦੇ ਸ਼ਾਤਿਰ ਖਿਡਾਰੀ ਅਜਿਹੀਆਂ ਚਾਲਾਂ ਨਾਲ ਹੀ ਅਨਪੜ੍ਹ ਅਤੇ ਗਰੀਬ ਲੋਕਾਂ ਨੂੰ ਆਰਾਮ ਨਾਲ ਆਪਣੇ ਜਾਲ 'ਚ ਫਸਾ ਰਹੇ ਸਨ।
ਕੰਮ ਕਰਨ ਵਾਲੇ ਵੀ ਕਰਦੇ ਨੇ ਮੋਟੀ ਕਮਾਈ
ਦੜੇ-ਸੱਟੇ ਦੀਆਂ ਅਜਿਹੀਆਂ ਦੁਕਾਨਾਂ 'ਤੇ ਕੰਮ ਕਰਨ ਵਾਲੇ ਵਿਅਕਤੀ ਵੀ ਮੋਟੀ ਕਮਾਈ ਕਰਦੇ ਹਨ, ਜਿਨ੍ਹਾਂ ਨੂੰ ਜਿੱਥੇ ਮਾਲਕ ਪਹਿਲਾਂ ਹੀ 500 ਰੁਪਏ ਦਿਹਾੜੀ ਦਿੰਦਾ ਹੈ, ਉਥੇ ਹੀ 110 ਰੁਪਏ ਦਾ ਸੱਟਾ ਲਾਉਣ ਵਾਲੇ ਨੂੰ ਸੱਟਾ ਨਾ ਲੱਗਣ 'ਤੇ 100 ਰੁਪਏ ਤਾਂ ਵਾਪਸ ਕਰ ਦਿੱਤੇ ਜਾਂਦੇ ਹਨ ਪਰ 10 ਰੁਪਏ ਮਾਲਕ ਦੀ ਕਮਾਈ 'ਚ ਜੁੜ ਜਾਂਦੇ ਹਨ। ਜਿੱਥੋਂ ਕੰਮ ਕਰਨ ਵਾਲੇ ਨੂੰ 100 'ਚੋਂ 8 ਰੁਪਏ ਦਾ ਕਮਿਸ਼ਨ ਮਿਲਦਾ ਹੈ, ਜਿਸ ਨਾਲ 100 ਰੁਪਏ 'ਚੋਂ 18 ਰੁਪਏ ਦੀ ਕਮਾਈ ਸੱਟੇ ਵਾਲੇ ਨੂੰ ਹੁੰਦੀ ਹੈ ਪਰ ਸੱਟਾ ਲਾਉਣ ਵਾਲਾ ਸਮਝਦਾ ਹੈ ਕਿ ਉਸ ਨੂੰ ਪੈਸੇ ਵਾਪਸ ਮਿਲ ਗਏ ਹਨ।
ਪੁਲਸ ਦੀ ਮਿਲੀਭੁਗਤ ਨਾਲ ਹੁੰਦਾ ਹੈ ਧੰਦਾ
ਇਸ ਧੰਦੇ ਦੀ ਜੜ੍ਹ ਤੱਕ ਪਹੁੰਚਣ 'ਤੇ ਪਤਾ ਚੱਲਦਾ ਹੈ ਕਿ ਇਹ ਸਾਰਾ ਧੰਦਾ ਪੁਲਸ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੀ ਨਹੀਂ ਹੈ, ਕਿਉਂਕਿ ਦੇਖਿਆ ਜਾਵੇ ਤਾਂ ਪੁਲਸ ਦੀ ਨਜ਼ਰ ਤੋਂ ਕੁਝ ਵੀ ਬਚਿਆ ਨਹੀਂ ਰਹਿ ਸਕਦਾ। ਫਿਰ ਅਜਿਹੇ ਲੁੱਟੇ ਦੇ ਅੱਡੇ ਕਿਵੇਂ ਸ਼ਰੇਆਮ ਚੱਲਦੇ ਹਨ ਪਰ ਪੁਲਸ ਸਭ ਕੁਝ ਦੇਖ ਕੇ ਵੀ ਆਪਣੀਆਂ ਅੱਖਾਂ ਬੰਦ ਕਰ ਕੇ ਬੈਠੀ ਹੋਈ ਨਜ਼ਰ ਆ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਲਾਟਰੀ ਸਟਾਲ ਖੁੱਲ੍ਹਣ ਤੋਂ ਪਹਿਲਾਂ ਸਥਾਨਕ ਥਾਣਾ ਪੁਲਸ ਅਤੇ ਉਸ ਦੇ ਉੱਚ ਅਧਿਕਾਰੀ ਨਾਲ ਸੈਟਿੰਗ ਹੁੰਦੀ ਹੈ। ਉਸ ਦੇ ਬਾਅਦ ਹੀ ਸਟਾਲ ਖੁੱਲ੍ਹਦਾ ਹੈ। ਜਿੱਥੇ ਸਰਕਾਰੀ ਲਾਟਰੀ ਦੀ ਆੜ 'ਚ ਦੜੇ-ਸੱਟੇ ਦਾ ਧੰਦਾ ਹੀ ਵਧਦਾ-ਫੁੱਲਦਾ ਹੈ।
ਨੇਪਾਲ ਦੀ ਲਾਟਰੀ ਤੋਂ ਹੁੰਦੀ ਮੋਟੀ ਕਮਾਈ
ਇਸ ਧੰਦੇ ਦੀ ਗਹਿਰਾਈ ਦੇਖਣ 'ਤੇ ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਤੇ ਨੇਪਾਲ ਦੀ ਲਾਟਰੀ 'ਤੇ ਸੱਟਾ ਲੱਗਦਾ ਹੈ, ਜਿਸ 'ਚੋਂ ਜ਼ਿਆਦਾ ਕਮਾਈ ਨੇਪਾਲ ਦੀ ਲਾਟਰੀ ਤੋਂ ਹੁੰਦੀ ਹੈ। ਕਿਉਂਕਿ ਨੇਪਾਲ ਦੀ ਲਾਟਰੀ ਹਰ 15-15 ਮਿੰਟ ਬਾਅਦ ਨਿਕਲਦੀ ਹੈ ਅਤੇ ਪੰਜਾਬ ਦੀ ਲਾਟਰੀ 20-20 ਮਿੰਟ ਬਾਅਦ ਨਿਕਲਦੀ ਹੈ, ਜਿਸ 'ਚ ਤਿੰਨ ਘਰ ਏ., ਬੀ., ਸੀ. ਹੁੰਦੇ ਹਨ।
ਹੱਥ ਨਾਲ ਬਣਾ ਕੇ ਦਿੰਦੇ ਨੇ ਪਰਚੀ
ਦੜੇ-ਸੱਟੇ ਦਾ ਸਭ ਤੋਂ ਵੱਡਾ ਪ੍ਰਮਾਣ ਇਹ ਹੀ ਹੈ ਕਿ ਦੁਕਾਨਦਾਰ ਹੱਥ ਨਾਲ ਪਰਚੀ ਬਣਾ ਕੇ ਦਿੰਦੇ ਹਨ, ਜਦੋਂਕਿ ਸਰਕਾਰੀ ਲਾਟਰੀ 'ਚ ਕੰਪਿਊਟਰ ਨਾਲ ਪਰਚੀ ਨਿਕਲਦੀ ਹੈ। ਹੱਥ ਨਾਲ ਬਣਾਈ ਗਈ ਪਰਚੀ 'ਤੇ ਕੋਡਿੰਗ ਭਾਸ਼ਾ ਲਿਖੀ ਹੁੰਦੀ ਹੈ, ਜੋ ਸਿਰਫ ਦੁਕਾਨਦਾਰ ਅਤੇ ਰੋਜ਼ਾਨਾ ਸੱਟਾ ਲਾਉਣ ਵਾਲੇ ਗਾਹਕ ਹੀ ਸਮਝਦੇ ਹਨ।
ਕੀ ਕਹਿਣੈ ਏ. ਡੀ. ਸੀ. ਪੀ.-4 ਦਾ
ਦੜੇ-ਸੱਟੇ ਦੇ ਇਸ ਧੰਦੇ ਨੂੰ ਲੈ ਕੇ ਏ. ਡੀ. ਸੀ. ਪੀ.-4 ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਕਿਸੇ ਜਗ੍ਹਾ 'ਤੇ ਅਜਿਹਾ ਧੰਦਾ ਚੱਲ ਰਿਹਾ ਹੈ ਤਾਂ ਪੁਲਸ ਜ਼ਰੂਰ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਅੱਡਿਆਂ ਬਾਰੇ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਜਾਣਕਾਰੀ ਦੇਣ, ਜਿਸ 'ਤੇ ਤੁਰੰਤ ਕਾਰਵਾਈ ਹੋਵੇਗੀ।
100 ਪੇਟੀਆਂ ਸ਼ਰਾਬ ਨਾਲ ਲੱਦੇ ਕੈਂਟਰ ਸਣੇ 2 ਗ੍ਰਿਫਤਾਰ
NEXT STORY