ਚੰਡੀਗਡ਼੍ਹ/ਪਟਿਆਲਾ, (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਭਾਵੇਂ ਬਿਜਲੀ ਬਿੱਲਾਂ ਦੀ ਉਗਰਾਹੀ ’ਤੇ ਪੂਰਾ ਜ਼ੋਰ ਲਗਾਇਆ ਗਿਆ ਹੈ ਪਰ ਇਸਦੇ ਬਾਵਜੂਦ ਸਰਕਾਰੀ ਵਿਭਾਗਾਂ ਵੱਲ ਇਸਦਾ 1967 ਕਰੋਡ਼ ਰੁਪਿਆ ਫਸ ਗਿਆ ਹੈ। ਸੂਬੇ ਵਿਚ ਸਰਹੱਦੀ ਜ਼ੋਨ ਵੱਲ ਇਸਦਾ ਸਭ ਤੋਂ ਵੱਧ 549 ਕਰੋਡ਼ ਰੁਪਏ ਅਤੇ ਸਭ ਤੋਂ ਘੱਟ ਕੇਂਦਰੀ ਜ਼ੋਨ ਵੱਲ 92 ਕਰੋਡ਼ ਰੁਪਏ ਬਕਾਇਆ ਹੈ। ਪਾਵਰਕਾਮ ਦੇ ਜੁਲਾਈ ਅਖੀਰ ਤੱਕ ਦੇ ਅੰਕਡ਼ਿਆਂ ਮੁਤਾਬਕ ਸਰਹੱਦੀ ਜ਼ੋਨ ਵਿਚਲੇ ਸਰਕਾਰੀ ਦਫਤਰਾਂ ਵੱਲ ਇਸਦਾ ਸਭ ਤੋਂ ਵੱਧ 549 ਕਰੋਡ਼ 26 ਲੱਖ ਰੁਪਏ ਬਕਾਇਆ ਹੈ। ਇਸ ਮਗਰੋਂ ਦੱਖਣੀ ਜ਼ੋਨ ਵੱਲ 539 ਕਰੋਡ਼ 95 ਲੱਖ ਰੁਪਏ ਬਕਾਇਆ ਹੈ। ਪੱਛਮੀ ਜ਼ੋਨ ਵਿਚ 479 ਕਰੋਡ਼ 45 ਲੱਖ ਰੁਪਏ ਸਰਕਾਰੀ ਵਿਭਾਗਾਂ ਵੱਲ ਬਕਾਇਆ ਹੈ ਜਦਕਿ ਉੱਤਰੀ ਜ਼ੋਨ ਵੱਲ 306 ਕਰੋਡ਼ 3 ਲੱਖ ਰੁਪਏ ਅਤੇ ਕੇਂਦਰੀ ਜ਼ੋਨ ਵੱਲ 92 ਕਰੋਡ਼ 97 ਲੱਖ ਰੁਪਏ ਬਕਾਇਆ ਹਨ। ਜਿਹਡ਼ੇ ਵਿਭਾਗਾਂ ਵੱਲੋਂ ਸਭ ਤੋਂ ਵੱਧ ਬਕਾਇਆ ਹੈ, ਉਹਨਾਂ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਸਭ ਤੋਂ ਮੋਹਰੀ ਹੈ ਹਾਲਾਂਕਿ ਪਿਛਲੇ ਦਿਨੀਂ 300 ਕਰੋਡ਼ ਰੁਪਏ ਦੀ ਰਾਹਤ ਮੁੱਖ ਮੰਤਰੀ ਵੱਲੋਂ ਪ੍ਰਦਾਨ ਕੀਤੀ ਗਈ ਹੈ। ਇਸ ਵਿਭਾਗ ਨੇ 1082 ਕਰੋਡ਼ ਰੁਪਏ ਬਿਜਲੀ ਬਿੱਲਾਂ ਦੇ ਤਾਰਨੇ ਹਨ। ਇਸ ਮਗਰੋਂ ਸਥਾਨਕ ਸਰਕਾਰ ਵਿਭਾਗ ਦਾ ਨੰਬਰ ਹੈ ਜਿਸਨੇ 355 ਕਰੋਡ਼ ਰੁਪਏ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਕਰਨੀ ਹੈ ਜਦਕਿ ਸਿੰਜਾਈ ਵਿਭਾਗ ਨੈ 165 ਕਰੋਡ਼ 42 ਲੱਖ ਰੁਪਏ ਦੇ ਬਿਜਲੀ ਬਿੱਲ ਅਦਾ ਕਰਨੇ ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲ 74 ਕਰੋਡ਼ 91ਲੱਖ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲ 67 ਕਰੋਡ਼ 93 ਲੱਖ ਰੁਪਏ, ਲੋਕ ਨਿਰਮਾਣ ਵਿਭਾਗ ਵੱਲ 64 ਕਰੋਡ਼ 84 ਲੱਖ ਰੁਪਏ, ਸਨਅਤ ਤੇ ਵਣਜ ਵਿਭਾਗ ਵੱਲ 60 ਕਰੋਡ਼ 13 ਲੱਖ ਰੁਪਏ, ਗ੍ਰਹਿ ਮਾਮਲੇ ਤੇ ਜੇਲ੍ਹਾਂ ਵਿਭਾਗ ਵੱਲ 22 ਕਰੋਡ਼ 11 ਲੱਖ ਰੁਪਏ, ਮੁਡ਼ ਵਸੇਬਾ ਤੇ ਕੁਦਰਤੀ ਆਫਤ ਵਿਭਾਗ ਵੱਲ 10 ਕਰੋਡ਼ 82 ਲੱਖ ਰੁਪਏ ਬਕਾਇਆ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਬਿਜਲੀ ਵਿਭਾਗ ਵੱਲ ਵੀ ਪਾਵਰਕਾਮ ਦਾ 8 ਕਰੋਡ਼ 96 ਲੱਖ ਰੁਪਏ ਦਾ ਬਕਾਇਆ ਖਡ਼੍ਹਾ ਹੈ। ਇਸ ਤਰ੍ਹਾਂ ਪਾਵਰਕਾਮ ਦਾ ਵੱਖ ਵੱਖ ਵਿਭਾਗਾਂ ਵੱਲ 1967 ਕਰੋਡ਼ 69 ਲੱਖ ਰੁਪਏ ਦਾ ਬਿਜਲੀ ਬਿੱਲਾਂ ਦਾ ਬਕਾਇਆ ਸਰਕਾਰੀ ਵਿਭਾਗਾਂ ਵੱਲ ਖਡ਼੍ਹਾ ਹੈ।
ਇਹਨਾਂ ਦਾ ਨਹੀਂ ਕੋਈ ਬਕਾਇਆ
ਸਰਕਾਰ ਦੇ ਅਰਥਚਾਰਾ ਤੇ ਅੰਕਡ਼ਾ ਵਿਭਾਗ, ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ, ਆਜ਼ਾਦੀ ਘੁਲਾਟੀਆ ਭਲਾਈ ਵਿਭਾਗ, ਚੋਣਾਂ, ਲੇਬਰ, ਸੰਸਦੀ ਮਾਮਲੇ ਵਿਭਾਗ, ਪ੍ਰਿੰਟਿੰਗ ਤੇ ਸਟੇਸ਼ਨਰੀ, ਨਿਵੇਸ਼ ਪ੍ਰੋਤਸਾਹਨ ਤੇ ਪੈਨਸ਼ਨਰ ਭਲਾਈ ਵਿਭਾਗ ਵੱਲ ਬਿਜਲੀ ਬਿੱਲਾਂ ਦਾ ਕੋਈ ਬਕਾਇਆ ਨਹੀਂ ਖਡ਼੍ਹਾ। ਇਹਨਾਂ ਨੇ ਆਪਣੇ ਬਿਜਲੀ ਬਿੱਲ ਭਰੇ ਹੋਏ ਹਨ।
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
NEXT STORY