ਜਲੰਧਰ (ਨਰਿੰਦਰ) : ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਆਈ ਮੁਆਵਜ਼ਾ ਰਾਸ਼ੀ ਦੇ ਕਰੋੜਾਂ ਰੁਪਏ ਸਰਕਾਰੀ ਖਾਤਿਆਂ 'ਚੋਂ ਹੈਕ ਕਰਕੇ ਸ਼ਾਤਰਾਂ ਨੇ ਉਡਾ ਲਏ। ਹਾਲਾਂਕਿ ਫਾਜ਼ਿਲਕਾ, ਅਬੋਹਰ, ਜਲਾਲਾਬਾਦ ਸ਼ਹਿਰਾਂ 'ਚ ਇਸ ਸੰਦਰਭ 'ਚ ਕੇਸ ਵੀ ਦਰਜ ਹੋਏ ਹਨ ਪਰ ਪ੍ਰਸ਼ਾਸਨ ਪੰਜਾਬ ਭਰ 'ਚ ਅਜੇ ਖਾਤੇ ਖੰਗਾਲਣ 'ਚ ਲੱਗਾ ਹੈ ਕਿ ਹੈਕਰਾਂ ਨੇ ਕਿੰਨੀ ਰਕਮ ਉਡਾਈ ਹੈ। ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਚੰਡੀਗੜ੍ਹ ਸਥਿਤ ਸਹਾਇਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਦਾ ਕਹਿਣਾ ਸੀ ਕਿ ਅਜੇ ਫਾਜ਼ਿਲਕਾ ਜ਼ਿਲੇ 'ਚ ਕਾਰਵਾਈ ਹੋਈ ਹੈ, ਜਿੱਥੇ ਕਰੀਬ 1700 ਮਾਮਲੇ ਸਾਹਮਣੇ ਆਏ ਹਨ, ਹੋਰ ਥਾਵਾਂ ਦੀ ਜਾਂਚ ਜਾਰੀ ਹੈ, ਜਦੋਂ ਕਿ ਖੇਤੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਤੁਰੰਤ ਪ੍ਰਭਾਵ ਨਾਲ ਸਾਰੇ ਖਾਤਿਆਂ ਦੇ ਪਾਸਵਰਡ ਬਦਲ ਦਿੱਤੇ ਗਏ ਹਨ ਅਤੇ ਜਿਨ੍ਹਾਂ ਲੋਕਾਂ ਦੇ ਖਾਤਿਆਂ 'ਚ ਰਾਸ਼ੀ ਤਬਦੀਲ ਕੀਤੀ ਗਈ, ਉਨ੍ਹਾਂ 'ਚੋਂ ਜਲਦੀ ਹੀ ਰਾਸ਼ੀ ਵਸੂਲੀ ਜਾਵੇਗੀ ਪਰ ਮਾਮਲਾ ਸਿਰਫ ਫਾਜ਼ਿਲਕਾ ਜ਼ਿਲੇ ਦਾ ਨਹੀਂ, ਸਗੋਂ ਸੂਬੇ ਦੇ ਇਕ ਦਰਜਨ ਤੋਂ ਜ਼ਿਆਦਾ ਜ਼ਿਲਿਆਂ 'ਚ ਇਹ ਘੋਟਾਲਾ ਹੋਇਆ ਹੈ। ਸੂਤਰਾਂ ਨੇ ਖੁਲਾਸਾ ਕੀਤਾ ਕਿ ਅਸਲ 'ਚ ਕੰਪਿਊਟਰ ਚਲਾਉਣ 'ਚ ਅਣਜਾਣ ਫਾਜ਼ਿਲਕਾ ਦੇ ਸਰਕਾਰੀ ਅਧਿਕਾਰੀਆਂ ਨੇ ਆਨਲਾਈਨ ਕੰਮ ਪ੍ਰਾਈਵੇਟ ਕੰਪਿਊਟਰ ਸੰਚਾਲਕਾਂ ਨੂੰ ਦੇ ਰੱਖਿਆ ਸੀ ਅਤੇ ਉਨ੍ਹਾਂ ਨੇ ਆਈ. ਡੀ. ਅਤੇ ਪਾਸਵਰਡ ਵੀ ਦਿੱਤੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਹਰ ਗੱਲ ਦੀ ਜਾਣਕਾਰੀ ਹੁੰਦੀ ਸੀ।
ਅਧਿਕਾਰੀ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ। ਸਰਕਾਰ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਪ੍ਰਤੀ ਕੁਇੰਟਲ ਫਸਲ 100 ਰੁਪਏ ਦੇਣ ਦੇ ਲਈ ਫਾਰਮ ਭਰਨ ਲਈ ਕਿਹਾ ਸੀ। ਸਰਕਾਰ ਨੇ ਫਿਲਹਾਲ ਕਿਸਾਨਾਂ ਨੂੰ 20 ਕਰੋੜ ਰੁਪਏ ਜਾਰੀ ਕੀਤੇ ਹਨ ਪਰ ਅਚਾਨਕ ਹੀ ਬਿਨਾਂ ਕਿਸੇ ਜਾਂਚ-ਪੜਤਾਲ ਦੇ ਲੋਕਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਹੋਣ ਲੱਗੇ, ਜੋ ਨਾ ਤਾਂ ਕਿਸਾਨ ਸਨ ਅਤੇ ਨਾ ਹੀ ਉਹ ਲੋਕ, ਜਿਨ੍ਹਾਂ ਕੋਲ ਕੋਈ ਜ਼ਮੀਨ ਸੀ। ਜ਼ਿਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਤੁਰੰਤ ਹੀ ਮੁਆਵਜ਼ਾ ਰਾਸ਼ੀ ਦੇ ਫਾਰਮ ਭਰਨ ਵਾਲੇ ਕੰਪਿਊਟਰ ਕੇਂਦਰਾਂ 'ਤੇ ਛਾਪੇਮਾਰੀ ਸ਼ੁਰੂ ਹੋ ਗਈ ਅਤੇ ਕੁਝ ਦੇ ਕੰਪਿਊਟਰ ਕਬਜ਼ੇ 'ਚ ਲੈ ਲਏ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।
ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ (ਪੜ੍ਹੋ 18 ਨਵੰਬਰ ਦੀਆਂ ਖਾਸ ਖਬਰਾਂ)
NEXT STORY