ਸਮਰਾਲਾ (ਗਰਗ) : ਪੰਜਾਬ ਪੁਲਸ ਦੇ ਇੱਕ ਸਹਾਇਕ ਥਾਣੇਦਾਰ ਨੇ ਦੇਰ ਰਾਤ ਇਥੋਂ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਕਥਿਤ ਤੌਰ ’ਤੇ ਨਸ਼ੇ ਵਿੱਚ ਟੱਲੀ ਇਸ ਥਾਣੇਦਾਰ ਨੇ ਡਿਊਟੀ ਉੱਤੇ ਤਾਇਨਾਤ ਮਹਿਲਾ ਡਾਕਟਰ ਸਮੇਤ ਹੋਰ ਸਟਾਫ਼ ਨੂੰ ਗੋਲੀ ਤੱਕ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਥਾਣੇਦਾਰ ਦੀ ਅੱਜ ਵਾਇਰਲ ਹੋਈ ਵੀਡੀਓ ਵਿੱਚ ਉਹ 2 ਮਿੰਟ ਵਿੱਚ ਗੋਲੀ ਮਾਰ ਦੇਣ ਦੀ ਧਮਕੀ ਦਿੰਦਾ ਹੋਇਆ ਸਾਫ਼ ਸੁਣਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਇਹ ਥਾਣੇਦਾਰ ਉੱਥੇ ਹਾਜਰ ਸਟਾਫ਼ ਨੂੰ ਧਮਕੀਆਂ ਦਿੰਦਾ ਰਿਹਾ ਕਿ ਉਹ ਸਭ ਦੀ ਵੀਡੀਓ ਬਣਾ ਰਿਹਾ ਹੈ ਅਤੇ ਸਵੇਰੇ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਜਾਕੇ ਰਿਪੋਰਟ ਕਰੇਗਾ। ਜਦੋਂ ਕਾਫੀ ਦੇਰ ਤੱਕ ਇਹ ਥਾਣੇਦਾਰ ਆਪਣਾ ਪੁਲਸੀਆ ਰੋਹਬ ਵਿਖਾਉਦਾ ਹੋਇਆ ਸਟਾਫ਼ ਨੂੰ ਡਰਾਉਦਾ-ਧਮਕਾਉਦਾ ਰਿਹਾ ਤਾਂ ਹਸਪਤਾਲ ਪ੍ਰਸਾਸ਼ਨ ਵੱਲੋਂ ਸਥਾਨਕ ਪੁਲਸ ਨੂੰ ਸੂਚਨਾ ਦੇਣ ’ਤੇ ਮੌਕੇ ਉੱਤੇ ਆਏ ਪੁਲਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਇਸ ਨੂੰ ਕਾਬੂ ਕੀਤਾ ਅਤੇ ਉਸ ਦਾ ਮੈਡੀਕਲ ਕਰਵਾਇਆ ਗਿਆ। ਇਸ ਦੇ ਵਿਰੋਧ ਵਿੱਚ ਅੱਜ ਸਵੇਰੇ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ਼ ਨੇ ਮੈਡੀਕਲ ਸੇਵਾਵਾਂ ਠੱਪ ਕਰਦੇ ਹੋਏ ਹੰਗਾਮਾ ਕਰਨ ਵਾਲੇ ਇਸ ਥਾਣੇਦਾਰ ’ਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਜਿਸ ਉਪਰੰਤ ਸਮਰਾਲਾ ਥਾਣੇ ਵਿੱਚ ਲੁਧਿਆਣਾ ਵਿਖੇ ਕਿਚਲੂ ਨਗਰ ਇਲਾਕੇ ’ਚ ਤਾਇਨਾਤ ਇਸ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਖਿਲਾਫ਼ ਪੁਲਸ ਨੇ ਸਰਕਾਰੀ ਡਾਕਟਰ ਦੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਅਧੀਨ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਡਿੰਪੀ ਢਿੱਲੋਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਤੋਂ ਭੜਕੇ ਟਰਾਂਸਪੋਰਟਰ, ਮੰਤਰੀ ਵੜਿੰਗ ਨੂੰ ਦਿੱਤਾ ਅਲਟੀਮੇਟਮ
ਓਧਰ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਹਸਪਤਾਲ ਵਿੱਚ ਹੰਗਾਮਾ ਕਰਨ ਵਾਲੇ ਏ. ਐੱਸ. ਆਈ. ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਏ. ਐੱਸ. ਆਈ. ਨੇੜਲੇ ਪਿੰਡ ਰਾਜੇਵਾਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਉਸ ਦੀ ਡਿਊਟੀ ਲੁਧਿਆਣਾ ਦੇ ਕਿਚਲੂ ਨਗਰ ਵਿਖੇ ਬਤੌਰ ਚੋਂਕੀ ਇੰਚਾਰਜ ਸੀ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਹਸਪਤਾਲ ਪਹੁੰਚ ਗਿਆ, ਜਿਥੇ ਇਹ ਸਾਰਾ ਹੰਗਾਮਾ ਹੋਇਆ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ’ਤੇ ਵਿਨ੍ਹਿਆ ਨਿਸ਼ਾਨਾ, ਲਗਾਏ ਵੱਡੇ ਦੋਸ਼
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਡਰੱਗਜ਼ ਮਾਮਲਾ : ਬਿਕਰਮ ਮਜੀਠੀਆ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ 6 ਦਸੰਬਰ ਨੂੰ ਹੋਵੇਗੀ ਸੁਣਵਾਈ
NEXT STORY