ਛੇਹਰਟਾ, (ਜਤਿੰਦਰ)- ਜਿਥੇ ਸਰਕਾਰ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਨਹੀਂ ਥੱਕਦੀ, ਉਥੇ ਇਨ੍ਹਾਂ ਝੂਠੀਆਂ ਗੱਲਾਂ ਦੀ ਪੋਲ ਪੰਜਾਬ ਦੇ ਸਰਕਾਰੀ ਸਕੂਲ ਬਹੁਤ ਚੰਗੀ ਤਰ੍ਹਾਂ ਖੋਲ੍ਹ ਰਹੇ ਹਨ। ਕੁਝ ਇਹੋ ਜਿਹਾ ਹੀ ਨਜ਼ਾਰਾ ਸਰਕਾਰੀ ਹਾਈ ਸਕੂਲ ਮਾਹਲ 'ਚ ਦੇਖਣ ਨੂੰ ਮਿਲਦਾ ਹੈ, ਜਿਥੇ ਇਨ੍ਹਾਂ ਸਰਕਾਰੀ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਕਲਦੀ ਦਿਖਾਈ ਦਿੰਦੀ ਹੈ। ਜੇਕਰ ਇਸ ਸਕੂਲ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਸਕੂਲ ਵਿਚ 400 ਦੇ ਕਰੀਬ ਬੱਚੇ ਪੜ੍ਹਦੇ ਹਨ, ਪਿੰਡ ਮਾਹਲ ਅਤੇ ਨੇੜੇ ਲੱਗਦੇ ਪਿੰਡਾਂ 'ਚੋਂ ਕਈ ਮੱਧ ਵਰਗ ਦੇ ਪਰਿਵਾਰਾਂ ਦੇ ਬੱਚੇ ਇਥੇ ਪੜ੍ਹਾਈ ਕਰਨ ਲਈ ਆਉਂਦੇ ਹਨ। ਇਸ ਸਕੂਲ ਵਿਚ ਜੋ ਮੁਸ਼ਕਿਲਾਂ ਅਧਿਆਪਕਾਂ ਅਤੇ ਬੱਚਿਆਂ ਨੂੰ ਆ ਰਹੀਆਂ ਹਨ, ਉਨ੍ਹਾਂ 'ਚ ਸਭ ਤੋਂ ਵੱਡੀ ਮੁਸ਼ਕਿਲ ਸਕੂਲ ਦੀ ਗਰਾਊਂਡ ਦੀ ਹੈ, ਜੋ ਕਿ ਬਹੁਤ ਨੀਵੀਂ ਹੈ। ਜਦ ਕਦੇ ਥੋੜ੍ਹੀ ਜਿਹੀ ਵੀ ਬਾਰਿਸ਼ ਹੋ ਜਾਵੇ ਤਾਂ ਸਕੂਲ ਦੇ ਸਟਾਫ ਤੇ ਬੱਚਿਆਂ ਦਾ ਆਉਣਾ-ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਾਉਣ ਲਈ ਕਮਰਿਆਂ ਦੀ ਬਹੁਤ ਘਾਟ ਹੈ। ਕਈ ਕਲਾਸਾਂ ਦੇ ਬੱਚਿਆਂ ਨੂੰ ਇਕ ਹੀ ਕਮਰੇ ਵਿਚ ਪੜ੍ਹਾਇਆ ਜਾਂਦਾ ਹੈ, ਬੱਚਿਆਂ ਦੇ ਬੈਠਣ ਲਈ ਫਰਨੀਚਰ ਦੀ ਵੀ ਬਹੁਤ ਘਾਟ ਹੈ, ਜਿਸ ਕਾਰਨ ਬੱਚੇ ਜ਼ਮੀਨ 'ਤੇ ਬੈਠਣ ਲਈ ਮਜਬੂਰ ਹੋ ਹਨ। ਸਕੂਲ ਵਿਚ ਕੰਪਿਊਟਰ ਲੈਬ ਹੋਣ ਦੇ ਬਾਵਜੂਦ ਤਕਰੀਬਨ ਸਾਰੇ ਕੰਪਿਊਟਰ ਖਰਾਬ ਪਏ ਹਨ, ਜਿਸ ਕਾਰਨ ਬੱਚੇ ਕੰਪਿਊਟਰ ਵਿਸ਼ੇ ਅਤੇ ਨਵੀਆਂ ਤਕਨੀਕਾਂ ਤੋਂ ਜਾਣੂ ਹੋਣ ਤੋਂ ਵਾਂਝੇ ਹੋ ਰਹੇ ਹਨ। ਸਕੂਲ ਵਿਚ ਅਧਿਆਪਕਾਂ ਦੀ ਕਮੀ ਦੀ ਗੱਲ ਕਰੀਏ ਤਾਂ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਨੂੰ ਪੜ੍ਹਾਉਣ ਲਈ ਇਕ-ਇਕ ਹੀ ਅਧਿਆਪਕ ਮੌਜੂਦ ਹੈ। ਅਧਿਆਪਕਾਂ ਦੀ ਕਮੀ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਬੀ. ਐੱਸ. ਭੰਗੂ ਮੁਤਾਬਿਕ ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਸਿੱਖਿਆ ਵਿਭਾਗ ਦੇ ਅਫਸਰਾਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਮੁਤਾਬਿਕ 'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ' ਵਾਲੀ ਕਹਾਵਤ ਮੁਤਾਬਿਕ ਸਿੱਖਿਆ ਅਫਸਰ ਉਨ੍ਹਾਂ ਨੂੰ ਲਾਰਾ ਲਾ ਕੇ ਤੋਰ ਦਿੰਦੇ ਹਨ।
ਡਾ. ਭੰਗੂ ਨੇ ਦੱਸਿਆ ਕਿ ਸਕੂਲ ਵਿਚ ਚੌਕੀਦਾਰ ਅਤੇ ਚਪੜਾਸੀ ਦੀਆਂ ਅਸਾਮੀਆਂ ਹੋਣ ਦੇ ਬਾਵਜੂਦ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਿਆ ਨਹੀਂ ਜਾ ਰਿਹਾ, ਜਿਸ ਕਾਰਨ ਸਕੂਲ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਮੇਨ ਕੰਧ ਟੁੱਟੀ ਹੋਣ ਕਰ ਕੇ ਛੁੱਟੀ ਤੋਂ ਬਾਅਦ ਸਕੂਲ ਸ਼ਰਾਬੀਆਂ ਤੇ ਜੁਆਰੀਆਂ ਦਾ ਅੱਡਾ ਬਣ ਜਾਂਦਾ ਹੈ। ਇਸ ਸਬੰਧੀ ਵੀ ਉਹ ਉਨ੍ਹਾਂ ਦੇ ਅਧੀਨ ਆਉਂਦੇ ਥਾਣੇ ਵਿਚ ਕਈ ਵਾਰ ਲਿਖਤੀ ਦਰਖਾਸਤ ਦੇ ਚੁੱਕੇ ਹਨ ਪਰ ਉਹ ਵੀ ਗੱਲ ਟਾਲਮਟੋਲ ਕਰ ਕੇ ਤੋਰ ਦਿੰਦੇ ਹਨ। ਅਖੀਰ 'ਚ ਸਕੂਲ ਦੀ ਮੈਨੇਜਮੈਂਟ ਨੇ ਮੁੱਖ ਮੰਤਰੀ ਤੇ ਸਿੱਖਿਆ ਅਫਸਰਾਂ ਨੂੰ ਇਨ੍ਹਾਂ ਮੁਸ਼ਕਿਲਾਂ ਵੱਲ ਧਿਆਨ ਦੇਣ ਲਈ ਕਿਹਾ ਤੇ ਜੇਕਰ ਸਰਕਾਰ ਇਨ੍ਹਾਂ ਮੁਸ਼ਕਿਲਾਂ ਵੱਲ ਧਿਆਨ ਨਹੀ ਦਿੰਦੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਜਦੋਂ ਇਸ ਸਬੰਧੀ ਡੀ. ਓ. ਸੁਨੀਤਾ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆਵਾਂ ਮੇਰੇ ਧਿਆਨ 'ਚ ਨਹੀਂ ਸਨ ਪਰ ਹੁਣ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਨ੍ਹਾਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ। ਸਕੂਲ ਦੀ ਮੈਨੇਜਮੈਂਟ ਦੀ ਕਮੇਟੀ ਦੇ ਮੈਂਬਰ ਚੇਅਰਮੈਨ ਡਾ. ਬੀ. ਐੱਸ. ਭੰਗੂ, ਮਹਿਲ ਸਿੰਘ, ਗਿਆਨ ਸਿੰਘ, ਬੱਗਾ ਮਾਹਲ, ਅਵਤਾਰ ਸਿੰਘ, ਲਖਵਿੰਦਰ ਕੌਰ, ਬਲਵਿੰਦਰ ਕੌਰ, ਨਰਿੰਦਰ ਸਿੰਘ, ਮੰਗਾ ਪ੍ਰਧਾਨ ਆਦਿ ਨੇ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਦੂਰ ਕਰਨ ਦੀ ਮੰਗ ਕੀਤੀ ਹੈ।
ਸੱਟਾਂ ਮਾਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਪੁਲਸ 'ਤੇ ਲਾਏ ਦੋਸ਼
NEXT STORY