ਮੌੜ ਮੰਡੀ(ਪ੍ਰਵੀਨ)- ਬੀਤੀ 19 ਜੂਨ ਨੂੰ ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ ਦੀ ਪੱਕੀ ਤਾਇਨਾਤੀ ਨੂੰ ਲੈ ਕੇ ਬਾਬਾ ਦਵਿੰਦਰ ਸਿੰਘ ਦੀ ਅਗਵਾਈ ’ਚ ਭਾਰੀ ਗਿਣਤੀ ਇਲਾਕਾ ਵਾਸੀਆਂ ਨੇ ਮੌੜ ਮੰਡੀ ਨੂੰ ਬੰਦ ਰੱਖ ਕੇ ਵੱਡਾ ਸੰਘਰਸ਼ ਲੜਿਆ ਸੀ ਅਤੇ ਸੰਘਰਸ਼ ਦਾ ਨਤੀਜਾ ਇਹ ਨਿਕਲਿਆ ਸੀ ਕਿ ਉਸ ਦਿਨ ਏ. ਡੀ. ਸੀ. ਬਠਿੰਡਾ ਸਾਕਸ਼ੀ ਸਾਹਨੀ ਸੰਘਰਸ਼ ਨੂੰ ਖਤਮ ਕਰਵਾਉਣ ਲਈ ਆਪਣੇ ਨਾਲ ਚਾਰ ਡਾਕਟਰਾਂ ਨੂੰ ਲੈ ਕੇ ਸਿਵਲ ਹਸਪਤਾਲ ਮੌੜ ਵਿਖੇ ਪਹੁੰਚੇ ਸਨ ਪਰ ਇਕ ਹਫ਼ਤਾ ਬੀਤਣ ਦੀ ਦੇਰ ਸੀ ਕਿ ਸਰਕਾਰੀ ਹਸਪਤਾਲ ਮੌੜ ਦਾ ਹਾਲ ਫਿਰ ਬੇਹਾਲ ਹੋ ਗਿਆ। ਕੱਲ ਜਦ ਇਕ ਲੜਾਈ ਸਮੇਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਮੌੜ ਵਿਖੇ ਪਹੁੰਚਾਇਆ ਗਿਆ ਤਾਂ ਡਾਕਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਤਲਵੰਡੀ ਸਾਬੋ ਵਿਖੇ ਰੈਫ਼ਰ ਕਰ ਦਿੱਤਾ ਗਿਆ। ਅੱਜ ਜਦ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਉਨ੍ਹਾਂ ਪਾਇਆ ਕਿ ਹਸਪਤਾਲ ਵਿਖੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਹਸਪਤਾਲ ਦੀ ਅਸਲੀ ਹਾਲਤ ਬਾਰੇ ਉਨ੍ਹਾਂ ਤੁਰੰਤ ਹੀ ਲਾਈਵ ਵੀਡੀਓ ਵੀ ਪਾਈ। ਇਸ ਸਬੰਧੀ ਜਦ ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਕੋਈ ਸਪੱਸ਼ਟ ਜਵਾਬ ਨਾ ਮਿਲਿਆ। ਇਸ ਮੌਕੇ ਵਿਧਾਇਕ ਕਮਾਲੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ’ਚ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕੀ ਹੈ ਜਦੋਂ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ’ਚ ਅਸਮਰੱਥ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸੰਘਰਸ਼ ਕਾਰਨ ਬੀਤੇ ਦਿਨ ਸਰਕਾਰੀ ਹਸਪਤਾਲ ਵਿਖੇ ਪੰਜ ਡਾਕਟਰ ਤਾਇਨਾਤ ਕੀਤੇ ਗਏ ਸਨ ਪਰ ਇਹ ਸਿਰਫ ਡਰਾਮਾ ਹੀ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਲੋਕਾਂ ਨੂੰ ਫਿਰ ਤੋਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ, ਜਿਸ ਦੌਰਾਨ ਆਮ ਆਦਮੀ ਪਾਰਟੀ ਲੋਕਾਂ ਦਾ ਡਟ ਕੇ ਸਾਥ ਦੇਵੇਗੀ। ਇਨਕਲਾਬ ਜ਼ਿੰਦਾਬਾਦ ਮੁਹਿੰਮ’ ਦੇ ਤਹਿਤ ਹਸਪਤਾਲ ਲਈ ਡਾਕਟਰਾਂ ਦੀ ਲੜਾਈ ਲੜਨ ਵਾਲੇ ਬਾਬਾ ਦਵਿੰਦਰ ਸਿੰਘ ਨੂੰ ਵੀ ਜਦ ਹਸਪਤਾਲ ਵਿਖੇ ਕਿਸੇ ਵੀ ਡਾਕਟਰ ਦੇ ਮੌਜੂਦ ਨਾ ਹੋਣ ਦਾ ਪਤਾ ਲੱਗਾ ਤਾਂ ਉਹ ਵੀ ਆਪਣੇ ਸਾਥੀਆਂ ਸਮੇਤ ਸਿਵਲ ਹਸਪਤਾਲ ਮੌੜ ਵਿਖੇ ਪੁੱਜ ਗਏ। ਉਨ੍ਹਾਂ ਕਿਹਾ ਕਿ ਕੱਲ ਵੀ ਸਿਵਲ ਹਸਪਤਾਲ ’ਚ ਕੋਈ ਡਾਕਟਰ ਮੌਜੂਦ ਨਹੀ ਸੀ, ਜਿਸ ਸਬੰਧੀ ਅਸੀਂ ਉਸੇ ਵਕਤ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਸੀ, ਤਾਂ ਉਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਕੱਲ ਤੋਂ ਇਹੋ ਜਿਹੀ ਗੱਲ ਨਹੀਂ ਹੋਵੇਗੀ।ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜ ਦਿਨਾਂ ’ਚ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਤਾਇਨਾਤੀ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ ਉਹ ਫਿਰ ਤੋਂ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਮੂਰਤੀ ਕੌਰ ਸੰਦੋਹਾ, ਓਮ ਪ੍ਰਕਾਸ਼ ਅਾਜ਼ਾਦ, ਰੇਸ਼ਮ ਸਿੰਘ ਕੁੱਤੀਵਾਲ, ਗੁਰਚਰਨ ਸਿੰਘ ਮੂਸਾ, ਹਰਪਾਲ ਸਿੰਘ ਚਾਉਕੇ, ਤਰਸੇਮ ਕੁਮਾਰ ਸੇਮੀ ਕੌਂਸਲਰ ਤੋਂ ਇਲਾਵਾ ਭਾਰੀ ਗਿਣਤੀ ’ਚ ਇਲਾਕਾ ਵਾਸੀ ਹਸਪਤਾਲ ਵਿਖੇ ਮੌਜੂਦ ਸਨ।
ਤੇਜ਼ ਬਾਰਿਸ਼ ਕਾਰਨ ਬੇਕਾਬੂ ਕਾਰ ਦਰੱਖਤ ਨਾਲ ਟਕਰਾਈ
NEXT STORY