ਸਮਰਾਲਾ (ਗਰਗ, ਗੁਰਪ੍ਰੀਤ)– ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪੰਜਾਬ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਅੰਦਰ ਆਏ ਹਡ਼੍ਹਾਂ ਲਈ ਭਾਖਡ਼ਾ-ਬਿਆਸ ਮੈਨੇਜਮੈਂਟ ਬੋਰਡ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ। ਜਦੋਂ ਕਿਸਾਨਾਂ ਨੂੰ ਪਾਣੀ ਦੀ ਲੋਡ਼ ਸੀ ਤਾਂ ਬੋਰਡ ਵੱਲੋਂਂ ਲੋਡ਼ੀਂਦੀ ਮਾਤਰਾ ’ਚ ਪਾਣੀ ਨਹੀਂ ਛੱਡਿਆ ਗਿਆ ਪਰ ਜਦੋਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਤਾਂ ਇੱਕਦਮ ਪਾਣੀ ਛੱਡ ਕੇ ਪੰਜਾਬ ’ਚ ਹਡ਼੍ਹ ਲਿਆ ਦਿੱਤੇ ਗਏ। ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਦਰਿਆਵਾਂ ਤੇ ਨਹਿਰਾਂ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ। ਜਦੋਂ ਬੋਰਡ ਵੱਲੋਂ ਪਾਣੀ ਛੱਡਿਆ ਗਿਆ ਤਾਂ ਸਫਾਈ ਨਾ ਹੋਣ ਕਰਕੇ ਓਵਰਫਲੋਅ ਹੋਏ ਇਸ ਪਾਣੀ ਨੇ ਕਿਸਾਨਾਂ ਦੇ ਖੇਤਾਂ ’ਚ ਤੇ ਘਰਾਂ ’ਚ ਵਡ਼ ਕੇ ਤਬਾਹੀ ਮਚਾ ਦਿੱਤੀ। ਜਿਸਦੇ ਨਾਲ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸਦੀ ਭਰਪਾਈ ਕਰਨ ਲਈ ਪੰਜਾਬ ਸਰਕਾਰ 40 ਹਜ਼ਾਰ ਰੁਪਏ ਪ੍ਰਤੀ ਏਕਡ਼ ਮੁਆਵਜ਼ਾ ਦੇਵੇ। ਘਰਾਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਦਾ ਬੀਜ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਜਿਸਦਾ ਜਥੇਬੰਦੀ ਸਵਾਗਤ ਕਰਦੀ ਹੈ ਅਤੇ ਇਹ ਮੰਗ ਵੀ ਕਰਦੀ ਹੈ ਕਿ ਕਿਸਾਨਾਂ ਨੂੰ ਫ਼ਸਲਾਂ ਲਈ ਖਾਦ ਅਤੇ ਕਣਕ ਦਾ ਬੀਜ 15 ਅਕਤੂਬਰ ਤੱਕ ਮੁਹੱਈਆ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਲੱਖੋਵਾਲ ਨੇ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਅੱਗ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਮਸ਼ੀਨਾਂ ’ਤੇ ਦਿੱਤੀ ਜਾਂਦੀ ਸਬਸਿਡੀ ’ਤੇ ਕਟੌਤੀ ਕਰਨ ਦੀ ਨਿੰਦਿਆ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ 90 ਫੀਸਦੀ ਸਬਸਿਡੀ ’ਤੇ ਮਸ਼ੀਨਰੀ ਦਿੱਤੀ ਜਾਵੇ। ਵਾਧੂ ਖਰਚੇ ਦੀ ਭਰਪਾਈ ਲਈ ਤਿੰਨ ਹਜ਼ਰ ਰੁਪਏ ਪ੍ਰਤੀ ਏਕਡ਼ ਮੁਆਵਜ਼ ਦਿੱਤਾ ਜਾਵੇ ਤਾਂ ਹੀ ਪਰਾਲੀ ਨੂੰ ਅੱਗ ਨਾਂ ਲਾਉਣ ਦੀ ਮੁਹਿੰਮ ਸਫ਼ਲ ਹੋ ਸਕੇਗੀ। ਸਾਰੇ ਕਿਸਾਨਾਂ ਦਾ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ। ਆਵਾਰਾ ਪਸ਼ੂਆਂ ਤੇ ਆਵਾਰਾ ਡੰਗਰਾਂ ਦਾ ਸਥਾਈ ਹੱਲ ਕੀਤਾ ਜਾਵੇ ਤੇ ਪੰਜਾਬ ’ਚ ਪੰਜ ਸਲਾਟਰ ਹਾਊਸ ਖੋਲਕੇ ਪਸ਼ੂਆਂ ਦਾ ਮੀਟ ਬਾਹਰਲੇ ਦੇਸ਼ਾਂ ਨੂੰ ਭੇਜਿਆ ਜਾਵੇ। ਇਸ ਤੋਂ ਇਲਾਵਾ ਹੋਰ ਮੰਗਾਂ ’ਚ ਪੰਜਾਬ ਦੀਆਂ ਨਹਿਰਾਂ ’ਚ ਪਾਣੀ ਛੱਡਿਆ ਜਾਵੇ, ਬਾਹਰ ਜਾਂਦੇ ਪਾਣੀ ਦੀ ਕੀਮਤ ਵਸੂਲੀ ਜਾਵੇ, ਐਸ.ਵਾਈ.ਐਲ ਕੇਸ ਦੀ ਪੈਰਵਾਈ ਤਕਡ਼ੇ ਹੋਕੇ ਕਰਨ, ਖਸਖਸ਼ ਦੀ ਖੇਤੀ ਦੀ ਖੁੱਲ੍ਹ ਦੇਣ ਅਤੇ ਨਕਲੀ ਦੁੱਧ, ਖਾਦ ਤੇ ਦਵਾਈਆਂ ਦਾ ਕਾਰੋਬਾਰ ਕਰਨ ਵਾਲਿਆਂ ’ਤੇ 302 ਦੇ ਮਾਮਲੇ ਦਰਜ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਮਾਸਟਰ ਸ਼ਮਸ਼ੇਰ ਸਿੰਘ ਘਡ਼ੂੰਆਂ, ਨਛੱਤਰ ਸਿੰਘ ਬੈਦਵਾਨ, ਗੁਰਵਿੰਦਰ ਸਿੰਘ ਕੂੰਮਕਲਾਂ, ਚਰਨ ਸਿੰਘ ਮੁੰਡੀਆਂ, ਹਰਮੇਲ ਸਿੰਘ ਭੁਟਹੇਡ਼ੀ, ਦਵਿੰਦਰ ਸਿੰਘ ਦੇਹਕਲਾਂ, ਕਿਰਨਪਾਲ ਸਿੰਘ ਸੋਢੀ, ਸਰਬਜੀਤ ਸਿੰਘ ਧਨਾਨਸੂ, ਰਘਬੀਰ ਸਿੰਘ ਕੂੰਮਕਲਾਂ ਅਤੇ ਪਰਮਿੰਦਰ ਸਿੰਘ ਪਾਲਮਾਜਰਾ ਆਦਿ ਹਾਜ਼ਰ ਸਨ।
ਸੜਕ ਹਾਦਸੇ ’ਚ ਅਧਿਆਪਕ ਦੀ ਮੌਤ
NEXT STORY