ਲੁਧਿਆਣਾ (ਰਾਜ) : ਪੰਜਾਬ ’ਚ ਸਰਹੱਦ ਪਾਰ ਬੈਠੇ ਪਾਕਿਸਤਾਨੀ ਆਕਾਵਾਂ ਅਤੇ ਖਤਰਨਾਕ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵੱਲੋਂ ਰਚੀਆਂ ਜਾ ਰਹੀਆਂ ਨਾਪਾਕ ਸਾਜ਼ਿਸ਼ਾਂ ਦਾ ਘੇਰਾ ਲਗਾਤਾਰ ਫ਼ੈਲਦਾ ਨਜ਼ਰ ਆ ਰਿਹਾ ਹੈ। ਕਪੂਰਥਲਾ ਅਤੇ ਪਠਾਨਕੋਟ ’ਚ ਫ਼ੌਜ ਦੀ ਜਾਸੂਸੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਹੁਣ ਉਦਯੋਗਿਕ ਨਗਰੀ ਲੁਧਿਆਣਾ ’ਚ ਵੀ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫ਼ਿਰੋਜ਼ਪੁਰ ਰੋਡ ’ਤੇ ਮੈਡੀਸਿਟੀ ਹਸਪਤਾਲ ਨੇੜੇ ਸ਼ੱਕੀ ਰੂਪ ’ਚ ਲਾਏ ਗਏ ਹਾਈਟੈੱਕ ਸੀ. ਸੀ. ਟੀ. ਵੀ. ਕੈਮਰੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦਾ ਸਿੱਧਾ ਲਿੰਕ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਪੁਖ਼ਤਾ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਇਕ ਸਾਂਝੇ ਅਤੇ ਗੁਪਤ ਆਪ੍ਰੇਸ਼ਨ ਤਹਿਤ ਇਹ ਕੈਮਰੇ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ’ਚ ਅਜੇ ਤੱਕ ਕਿਸੇ ਉੱਚ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ ਪਰ ਡੀ. ਜੀ. ਪੀ. ਅਤੇ ਪੁਲਸ ਕਮਿਸ਼ਨਰ ਜਲਦ ਹੀ ਇਸ ਮਾਮਲੇ ’ਚ ਵੱਡਾ ਖ਼ੁਲਾਸਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਤਤਕਾਲੀ SHO ਨੂੰ ਹੋਈ 3 ਸਾਲ ਦੀ ਜੇਲ੍ਹ, ਅੰਮ੍ਰਿਤਧਾਰੀ ਸਿੰਘ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ
ਸੂਤਰਾਂ ਦਾ ਦਾਅਵਾ ਹੈ ਕਿ ਜਿਸ ਜਗ੍ਹਾ ’ਤੇ ਇਹ ਕੈਮਰੇ ਫ਼ਿੱਟ ਕੀਤੇ ਗਏ ਸਨ, ਉਥੋਂ ਬੱਦੋਵਾਲ ਮਿਲਟਰੀ ਛਾਉਣੀ ਅਤੇ ਹਲਵਾਰਾ ਏਅਰਫ਼ੋਰਸ ਸਟੇਸ਼ਨ/ਏਅਰਪੋਰਟ ਦਾ ਰੂਟ ਬੇਹੱਦ ਨੇੜੇ ਹੈ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨ੍ਹਾਂ ਕੈਮਰਿਆਂ ਰਾਹੀਂ ਭਾਰਤੀ ਫ਼ੌਜ ਦੇ ਕਾਫ਼ਲਿਆਂ, ਫ਼ੌਜੀ ਸਰਗਰਮੀਆਂ ਅਤੇ ਆਸ-ਪਾਸ ਦੀਆਂ ਸੰਵੇਦਨਸ਼ੀਲ ਹਰਕਤਾਂ ਦੀ ਲਾਈਵ ਵੀਡੀਓ ਫ਼ੁਟੇਜ ਸਿੱਧੀ ਪਾਕਿਸਤਾਨ ’ਚ ਬੈਠੇ ਹੈਂਡਲਰਾਂ ਕੋਲ ਭੇਜੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ’ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਕਪੂਰਥਲਾ ਅਤੇ ਜਲੰਧਰ ’ਚ ਕਾਊਂਟਰ ਇੰਟੈਲੀਜੈਂਸ ਨੇ ਫ਼ੌਜ ਦੇ ਸੰਵੇਦਨਸ਼ੀਲ ਰੂਟਾਂ ਅਤੇ ਕਾਂਜਲੀ ਰੋਡ ਨੇੜੇ ਸੋਲਰ-ਪਾਵਰਡ 4ਜੀ ਕੈਮਰੇ ਲਾ ਕੇ ਆਈ. ਐੱਸ. ਆਈ. ਨੂੰ ਹਜ਼ਾਰਾਂ ਫ਼ੁਟੇਜ ਭੇਜਣ ਵਾਲੇ ਜਾਸੂਸਾਂ ਨੂੰ ਦਬੋਚਿਆ ਸੀ।
ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ’ਤੇ ਫ਼ੌਜ ਦੀਆਂ ਗੱਡੀਆਂ ਦੀ ਮੂਵਮੈਂਟ ਰਿਕਾਰਡ ਕਰ ਕੇ ਪਾਕਿਸਤਾਨ ਭੇਜਣ ਵਾਲੇ ਮਾਡਿਊਲ ਦਾ ਪਰਦਾਫ਼ਾਸ਼ ਕਰਦਿਆਂ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਲੁਧਿਆਣਾ ’ਚ ਵੀ ਕੈਮਰਿਆਂ ਨੂੰ ਚਲਾਉਣ ਲਈ ਸੋਲਰ ਪੈਨਲ ਸਿਸਟਮ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਤਾਂ ਜੋ ਬਿਜਲੀ ਜਾਣ ’ਤੇ ਵੀ ਨਿਗਰਾਨੀ ਨਾ ਰੁਕੇ। ਬਿਨਾਂ ਕਿਸੇ ਤਾਰ ਦੇ ਵਾਇਰਲੈੱਸ ਅਤੇ 4ਜੀ ਸਿਮ ਆਧਾਰਿਤ ਇੰਟਰਨੈੱਟ ਰਾਹੀਂ ਇਨ੍ਹਾਂ ਦਾ ਲਾਈਵ ਕਲਾਊਡ ਅਤੇ ਐਪ ਐਕਸੈਸ ਸਿੱਧਾ ਸਰਹੱਦ ਪਾਰ ਐਕਟਿਵ ਕੀਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਏਜੰਸੀਆਂ ਇਲਾਕੇ ਦਾ ਡੰਪ ਡਾਟਾ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਲੋਕੇਸ਼ਨ ਫੋਲ ਰਹੀਆਂ ਹਨ ਤਾਂ ਜੋ ਇਨ੍ਹਾਂ ਨੂੰ ਲਾਉਣ ਵਾਲੇ ਸਥਾਨਕ ਸਲੀਪਰ ਸੈੱਲ ਜਾਂ ਜਾਸੂਸਾਂ ਤੱਕ ਪਹੁੰਚਿਆ ਜਾ ਸਕੇ। ਚਰਚਾ ਹੈ ਕਿ ਜਲਦ ਹੀ ਪੰਜਾਬ ਦੇ ਡੀ. ਜੀ. ਪੀ. ਅਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਵੱਡੇ ਅੰਤਰਰਾਸ਼ਟਰੀ ਜਾਸੂਸੀ ਨੈੱਟਵਰਕ ਦਾ ਰਸਮੀ ਪਰਦਾਫ਼ਾਸ਼ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਾਂਡਾ ਦੇ ਰਸੂਲਪੁਰ 'ਚ ਹਾਜ਼ਰੀ ਲਗਾ ਰਹੀ ਮਹਿਲਾ ਨਰੇਗਾ ਮੁਲਾਜ਼ਮ 'ਤੇ ਤਾਣਿਆ ਪਿਸਤੌਲ, ਮੋਬਾਈਲ ਖੋਹ ਕੇ ਲੁਟੇਰੇ ਫ਼ਰਾਰ
NEXT STORY