ਬਠਿੰਡਾ,(ਵਰਮਾ)- ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ 350 ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਮਲੇਸ਼ੀਆ ਸਰਕਾਰ ਨਾਲ ਗੱਲਬਾਤ ਕਰਨ ਜੋ ਗੈਰ ਕਾਨੂੰਨੀ ਤੌਰ ’ਤੇ ਰਹਿਣ ਕਾਰਨ ਜੇਲ ਭੇਜ ਦਿੱਤੇ ਗਏ ਸਨ ਤੇ ਹੁਣ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਮਲੇਸ਼ੀਆ ’ਚ ਫਸੇ ਹੋਏ ਹਨ। ਇਹ ਪ੍ਰਭਾਵਤ ਨੌਜਵਾਨਾਂ ਦੇ ਪਰਿਵਾਰਾਂ ਨੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੂੰ ਨਾਲ ਲੈ ਕੇ ਇਥੇ ਪਿੰਡ ਬਾਦਲ ਵਿਚਲੀ ਰਿਹਾਇਸ਼ ’ਤੇ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕੀਤੀ। ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਮਲੇਸ਼ੀਆ ’ਚ ਗੈਰ ਕਾਨੂੰਨੀ ਤੌਰ ’ਤੇ ਰਹਿਣ ਕਾਰਨ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਹੁਣ ਕੈਂਪਾਂ ’ਚ ਨਜ਼ਰਬੰਦ ਕੀਤੇ ਹੋਏੇ ਹਨ। ਬਾਦਲ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨਾਲ ਟਰੈਵਲ ਏਜੰਟ ਠੱਗੀ ਮਾਰ ਗਏ ਹਨ ਜੋ ਇਨ੍ਹਾਂ ਨੂੰ ਕੰਮ ਦੁਆਉਣ ਦਾ ਲਾਅਰਾ ਲਗਾ ਕੇ ਮਲੇਸ਼ੀਆ ਲੈ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਆਪਣਾ ਖਰਚਾ ਆਪ ਕਰਨਾ ਪਿਆ ਤੇ ਇਸ ਦੌਰਾਨ ਹੀ ਇਹ ਵੀਜ਼ੇ ਖਤਮ ਹੋਣ ਤੋਂ ਬਾਅਦ ਵੀ ਮਲੇਸ਼ੀਆ ’ਚ ਫਸੇ ਰਹੇ।
ਬਾਦਲ ਨੇ ਮੌਕੇ ’ਤੇ ਹੀ ਮਲੇਸ਼ੀਆ ’ਚ ਭਾਰਤੀ ਹਾਈ ਕਮਿਸ਼ਨਰ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਇਨ੍ਹਾਂ ਨੌਜਵਾਨਾਂ ਦੀ ਹਰ ਸੰਭਵ ਮਦਦ ਕਰਨ ਵਾਸਤੇ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਕਿਹਾ। ਉਨ੍ਹਾਂ ਨੇ ਹਾਈ ਕਮਿਸ਼ਨਰ ਨੂੰ ਇਹ ਵੀ ਬੇਨਤੀ ਕੀਤੀ ਕਿ ਸਫਾਰਤਖਾਨੇ ਤੋਂ ਕਿਸੇ ਅਫਸਰ ਦੀ ਡਿਊਟੀ ਇਨ੍ਹਾਂ ਨੌਜਵਾਨਾਂ ਨੂੰ ਮਿਲ ਕੇ ਇਨ੍ਹਾਂ ਦੀ ਇਨ੍ਹਾਂ ਦੇ ਪੰਜਾਬ ’ਚ ਪਰਿਵਾਰਾਂ ਨਾਲ ਗੱਲਬਾਤ ਕਰਵਾਉਣ ਵਾਸਤੇ ਲਾਈ ਜਾਵੇ। ਬਾਦਲ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਉਹ ਇਹ ਮਾਮਲਾ ਵਿਦੇਸ਼ ਮੰਤਰੀ ਕੋਲ ਵੀ ਚੁੱਕਣਗੇ ਤੇ ਯਕੀਨੀ ਬਣਾਉਣਗੇ ਕਿ ਇਹ ਨੌਜਵਾਨ ਜਿੰਨੀ ਛੇਤੀ ਹੋ ਸਕੇ ਵਾਪਸ ਲਿਆਂਦੇ ਜਾਣ। ਉਨ੍ਹਾਂ ਕਿਹਾ ਕਿ ਯੂਥ ਵਿੰਗ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਨੌਜਵਾਨਾਂ ਕੋਲ ਵਾਪਸੀ ਦੀ ਟਿਕਟ ਖਰੀਦਣ ਜੋਗੇ ਪੈਸੇ ਵੀ ਨਹੀਂ ਹਨ, ਅਜਿਹੇ ਨੌਜਵਾਨਾਂ ਦੇ ਵਾਪਸੀ ਦੇ ਸਫਰ ਦਾ ਖਰਚ ਯੂਥ ਅਕਾਲੀ ਦਲ ਚੁੱਕੇਗਾ।
ਲੁਧਿਆਣਾ 'ਚ ਵੱਧ ਰਿਹੈ ਕੋਰੋਨਾ, 24 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
NEXT STORY