ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਵਿਚ ਪਾਣੀ ਦਾ ਵਧਦਾ ਪੱਧਰ ਅਤੇ ਧੁੱਸੀ ਬੰਨ੍ਹ ਦੀਆਂ ਠੋਕਰਾਂ ਤੇ ਖੇਤਾਂ ਨੂੰ ਲੱਗ ਰਹੀ ਢਾਹ ਕਾਰਨ ਦਰਿਆ ਕਿਨਾਰੇ ਵਸਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਐੱਮ.ਪੀ. ਡਾ. ਅਮਰ ਸਿੰਘ ਪੁੱਜੇ। ਐੱਮ.ਪੀ. ਅਮਰ ਸਿੰਘ ਨੇ ਪਿੰਡ ਧੁੱਲੇਵਾਲ ਵਿਖੇ ਸਤਲੁਜ ਦਰਿਆ ਦੇ ਨਾਜ਼ੁਕ ਸਥਾਨ ਧੁੱਸੀ ਬੰਨ੍ਹ ਦਾ ਦੌਰਾ ਕਰਦਿਆਂ ਉੱਥੇ ਚੱਲ ਰਹੇ ਬਚਾਅ ਕਾਰਜਾਂ ਕਰਦਿਆਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਲਈ। ਐੱਮ.ਪੀ. ਅਮਰ ਸਿੰਘ ਨੇ ਪਿੰਡ ਧੁੱਲੇਵਾਲ ਦੇ ਨਿਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕਿਹਾ ਕਿ ਉਨ੍ਹਾਂ ਦੇ ਅਖਤਿਆਰੀ ਕੋਟੇ ’ਚੋਂ ਜੋ ਵੀ ਸੰਭਵ ਸਹਾਇਤਾ ਹੈ ਉਹ ਦੇਣ ਨੂੰ ਤਿਆਰ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਮ.ਪੀ. ਅਮਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਹੜ੍ਹਾਂ ਦੀ ਮਾਰ ਕਾਰਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਕੱਲੇ ਉਨ੍ਹਾਂ ਦੇ ਲੋਕ ਸਭਾ ਹਲਕਾ ਫਤਹਿਗਡ਼੍ਹ ਸਾਹਿਬ ਦੇ ਪਿੰਡ ਧੁੱਲੇਵਾਲ ਤੇ ਸਸਰਾਲੀ ਕਾਲੋਨੀ ਵਿਚ ਸਤਲੁਜ ਦਰਿਆ ਦਾ ਵਧਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਕੋਈ ਸਿਆਸਤ ਤਾਂ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਤੋਂ ਪਹਿਲਾਂ ਜੋ ਦਰਿਆਵਾਂ ਦੇ ਨਾਜ਼ੁਕ ਸਥਾਨ ਹਨ ਉਨ੍ਹਾਂ ਦੀ ਮੁਰੰਮਤ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ, ਮਾਲ ਦਾ ਨੁਕਸਾਨ ਨਾ ਹੋ ਸਕੇ। ਐੱਮ.ਪੀ. ਅਮਰ ਸਿੰਘ ਨੇ ਕਿਹਾ ਕਿ ਹੁਣ ਵੀ ਸਰਕਾਰ ਜਦੋਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਘਟਦਾ ਹੈ ਤਾਂ ਤੁਰੰਤ ਜੋ ਵੀ ਨਾਜ਼ੁਕ ਸਥਾਨ ਹਨ ਉਨ੍ਹਾਂ ਦੀ ਮੁਰੰਮਤ ਤੁਰੰਤ ਕਰਵਾਏ ਅਤੇ ਲੋਕਾਂ ਦੀ ਮੰਗ ਅਨੁਸਾਰ ਪੱਕੀਆਂ ਠੋਕਰਾਂ ਤੇ ਪੱਥਰਾਂ ਦੇ ਸਟੱਡ ਲਗਾਏ ਜਾਣ।
ਇਸ ਮੌਕੇ ਪਿੰਡ ਵਾਸੀਆਂ ਨੇ ਵੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਡ਼੍ਹਾਂ ਤੋਂ ਪਹਿਲਾਂ ਪਿੰਡ ਧੁੱਲੇਵਾਲ ਦਾ ਧੁੱਸੀ ਬੰਨ੍ਹ ਜੋ ਕਿ ਨਾਜ਼ੁਕ ਸਥਾਨ ਹੈ ਉਸਦੀ ਮੁਰੰਮਤ ਵੱਡੇ ਪੱਧਰ ’ਤੇ ਕੀਤੀ ਜਾਵੇ। ਇਸ ਮੌਕੇ ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਜਗਜੀਤ ਸਿੰਘ ਪ੍ਰਿਥੀਪੁਰ, ਸ਼ਹਿਰੀ ਪ੍ਰਧਾਨ ਐਡਵੋਕੇਟ ਕਪਿਲ ਆਨੰਦ, ਬਲਾਕ ਪ੍ਰਧਾਨ ਪਰਮਿੰਦਰ ਤਿਵਾਡ਼ੀ, ਯੂਥ ਦਿਹਾਤੀ ਪ੍ਰਧਾਨ ਜਸਪ੍ਰੀਤ ਸਿੰਘ ਸਹਿਜੋ ਮਾਜਰਾ, ਯੂਥ ਸ਼ਹਿਰੀ ਪ੍ਰਧਾਨ ਅੰਮ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਵਿਨੀਤ ਕੁਮਾਰ ਝੜੌਦੀ, ਚੇਤਨ ਕੁਮਾਰ, ਯੁਵਰਾਜਜੀਤ ਸਿੰਘ, ਪਰਮਜੀਤ ਪੰਮੀ, ਵਿਜੈ ਰਾਣਾ, ਨੰਦ ਕਿਸ਼ੋਰ, ਸੁਖਦੀਪ ਸਿੰਘ ਬਾਜਵਾ, ਗੁਰਮੁਖ ਸਿੰਘ, ਹਰਚੰਦ ਸਿੰਘ, ਪ੍ਰਭਦੀਪ ਸਿੰਘ ਗਰੇਵਾਲ ਵੀ ਮੌਜੂਦ ਸਨ।
ਧੁੱਸੀ ਬੰਨ੍ਹ ਦੀ ਮੁਰੰਮਤ ਲਈ ਸੈਂਕੜੇ ਮਜ਼ਦੂਰ ਕੰਮ ’ਚ ਜੁਟੇ
ਸਤਲੁਜ ਦਰਿਆ ਵਿਚ ਇਸ ਸਮੇਂ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਸਮੇਂ 70 ਹਜ਼ਾਰ ਕਿਉਂਸਿਕ ਪਾਣੀ ਚੱਲ ਰਿਹਾ ਹੈ। ਪਾਣੀ ਦਾ ਤੇਜ਼ ਵਹਾਅ ਤੇ ਵਧਦਾ ਪੱਧਰ ਪਿੰਡ ਧੁੱਲੇਵਾਲ ਨੇੜੇ ਧੁੱਸੀ ਬੰਨ੍ਹ ਦੀ ਠੋਕਰ ਨੂੰ ਢਾਹ ਲਗਾ ਰਿਹਾ ਹੈ ਉੱਥੇ ਜ਼ਮੀਨ ਨੂੰ ਕੱਟਦਾ ਹੋਇਆ ਬੰਨ੍ਹ ਵੱਲ ਨੂੰ ਵਧ ਰਿਹਾ ਹੈ। ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਵਲੋਂ ਜਮੀਨ ਨੂੰ ਲੱਗ ਰਹੇ ਖੋਰੇ ਨੂੰ ਰੋਕਣ ਲਈ ਸੈਂਕਡ਼ੇ ਮਜ਼ਦੂਰਾਂ ਨਾਲ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਈਆਂ ਜਾ ਰਹੀਆਂ ਹਨ। ਜੇਕਰ ਪਾਣੀ ਦਾ ਪੱਧਰ ਹੋਰ ਨਾ ਵਧਿਆ ਤਾਂ ਧੁੱਸੀ ਬੰਨ੍ਹ ਦਾ ਬਚਾਅ ਰਹੇਗਾ ਅਤੇ ਜੇਕਰ ਆਉਣ ਵਾਲੇ ਸਮੇਂ ਵਿਚ ਭਾਖਡ਼ਾ ਡੈਮ ਤੋਂ ਪਾਣੀ ਜਿਆਦਾ ਛੱਡਿਆ ਗਿਆ ਤਾਂ ਧੁੱਸੀ ਬੰਨ੍ਹ ਨੂੰ ਖ਼ਤਰਾ ਵਧਦਾ ਜਾਵੇਗਾ। ਫਿਲਹਾਲ ਪ੍ਰਸ਼ਾਸਨ ਵਲੋਂ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ ਕਿ ਧੁੱਸੀ ਬੰਨ੍ਹ ਨੂੰ ਕਿਸੇ ਵੀ ਕਿਸਮ ਦਾ ਪਾੜ੍ਹ ਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੜ੍ਹਾਂ ਵਿਚਾਲੇ ਇਕ ਹੋਰ ਵੱਡੀ ਮੁਸੀਬਤ 'ਚ ਘਿਰ ਸਕਦੇ ਨੇ ਪੰਜਾਬ ਵਾਸੀ ! ਇਹ ਪੁਲ ਰੁੜ੍ਹਨ ਦਾ ਬਣਿਆ ਵੱਡਾ ਖ਼ਤਰਾ
NEXT STORY