ਬੰਗਾ (ਚਮਨ ਲਾਲ/ਰਾਕੇਸ਼) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਰਾਜਪਾਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਅਤੇ ਯਾਦਗਾਰ ਵਿਖੇ ਸ਼ਹੀਦ ਦੇ ਪਿਤਾ ਕਿਸ਼ਨ ਸਿੰਘ ਨੂੰ ਉਨ੍ਹਾਂ ਦੀ ਸਮਾਧ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਐੱਸ. ਐੱਸ. ਪੀ ਕੰਵਰਦੀਪ ਕੌਰ ਵੀ ਮੌਜੂਦ ਸਨ। ਖਟਕੜ ਕਲਾਂ ਵਿਖੇ ਅਜਾਇਬ ਘਰ ਦਾ ਦੌਰਾ ਕਰਦੇ ਹੋਏ ਰਾਜਪਾਲ ਨੇ ਅਜਾਇਬ ਘਰ ਦੀਆਂ ਵੱਖ-ਵੱਖ ਗੈਲਰੀਆਂ ਵੀ ਦੇਖੀਆਂ ਅਤੇ ਕਿਹਾ ਕਿ ਅਸੀਂ 23 ਸਾਲ ਦੀ ਉਮਰ ਵਿਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਦੇਸ਼ ਦੇ ਮਹਾਨ ਪ੍ਰਤੀਕ ਦੀ ਕੁਰਬਾਨੀ ਅਤੇ ਸ਼ਹਾਦਤ ਦੇ ਹਮੇਸ਼ਾਂ ਰਿਣੀ ਰਹਾਂਗੇ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦਾ ਜੀਵਨ ਅਤੇ ਫਲਸਫਾ ਲੋਕਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ।
ਇਹ ਵੀ ਪੜ੍ਹੋ : ਲੁਧਿਆਣਾ ’ਚ ਗਰਜੇ ਨਵਜੋਤ ਸਿੱਧੂ, ਨਿਸ਼ਾਨੇ ’ਤੇ ਸੁਖਬੀਰ ਸਿੰਘ ਬਾਦਲ
ਉਨ੍ਹਾਂ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਲਾਮਿਸਾਲ ਕੁਰਬਾਨੀਆਂ ਦੇਣ ਵਾਲੇ ਦੇਸ਼ ਦੇ ਸ਼ਹੀਦਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਭਾਰਤੀ ਸੰਵਿਧਾਨ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਸ਼ਹੀਦਾਂ ਦੇ ਸੁਫ਼ਨਿਆਂ ਦਾ ਭਾਰਤ ਬਣਾਉਣ ਲਈ ਵੀ ਅਪੀਲ ਕੀਤੀ। ਰਾਜਪਾਲ ਨੇ ਕਿਹਾ ਕਿ ਅਜਾਇਬ ਘਰ ਦੇ ਦੌਰੇ ਨੇ ਉਨ੍ਹਾਂ ਨੂੰ ਗਿਆਨ ਪੱਖੋਂ ਹੋਰ ਰੌਸ਼ਨ ਕੀਤਾ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਕਈ ਅਜਿਹੇ ਤੱਥ ਉਨ੍ਹਾਂ ਦੇ ਧਿਆਨ ਵਿੱਚ ਆਏ ਸਨ, ਜੋ ਉਨ੍ਹਾਂ ਲਈ ਅਣਜਾਣੇ ਸਨ। ਉਨ੍ਹਾਂ ਕਿਹਾ ਕਿ ਅਜਾਇਬ ਘਰ ਵਿਚ ਸ਼ਹੀਦ ਭਗਤ ਸਿੰਘ ਅਤੇ ਆਜ਼ਾਦੀ ਲਹਿਰ ਨਾਲ ਸਬੰਧਤ ਯਾਦਾਂ ਨੂੰ ਵਿਗਿਆਨਕ ਢੰਗ ਨਾਲ ਸੁਰੱਖਿਅਤ ਰੱਖਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ.(ਸ਼ਹਿਰੀ ਵਿਕਾਸ) ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਰਾਜਪਾਲ ਦੇ ਏ ਡੀ ਸੀ ਪੀ ਬੀ ਐਸ ਪਰਮਾਰ, ਐਸ ਪੀ (ਪੀ ਬੀ ਆਈ) ਪਿਰਥੀਪਾਲ ਸਿੰਘ, ਐਸ ਡੀ ਐਮ ਬੰਗਾ ਵਿਰਾਜ ਐਸ ਤਿੜਕੇ , ਡੀ ਐਸ ਪੀ ਬੰਗਾ ਗੁਰਪ੍ਰੀਤ ਸਿੰਘ ਤੇ ਹੋਰ ਮੌਜੂਦ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਨੂੰ ਬਣਾਇਆ ਗਿਆ ਪਾਵਰਕਾਮ ਦਾ ਡਾਇਰੈਕਟਰ
NEXT STORY