ਜਲੰਧਰ (ਧਵਨ) - ਅੱਤਵਾਦ, ਸਰਹੱਦ ਪਾਰ ਤੋਂ ਘੁਸਪੈਠ ਤੇ ਹਾਈਜੈਕਿੰਗ ਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਸਪੈਸ਼ਲ ਆਪ੍ਰੇਸ਼ਨਸ ਗਰੁੱਪ (ਐੱਸ. ਓ. ਜੀ.) ਦੇ ਗਠਨ ਦੇ ਸੂਬਾ ਪੁਲਸ ਦੇ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਅਪਰਾਧਿਕ ਘਟਨਾਵਾਂ 'ਤੇ ਪੂਰੀ ਤਰ੍ਹਾਂ ਲਗਾਮ ਲਾਈ ਜਾ ਸਕੇ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ 270 ਮੈਂਬਰੀ ਐੱਸ. ਓ. ਜੀ. ਦੇ ਗਰੁੱਪ ਨੂੰ ਬਣਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਵਿਚ ਨੌਜਵਾਨ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸੁਝਾਅ ਦਿੱਤਾ ਹੈ ਕਿ ਐੱਸ. ਓ. ਜੀ. ਟੀਮ ਦੇ ਗਰੁੱਪ ਨੂੰ ਇਸਰਾਈਲ ਵਿਚ ਟ੍ਰੇਨਿੰਗ ਦੇਣ ਲਈ ਭੇਜਿਆ ਜਾਵੇਗਾ। ਐੱਸ. ਓ. ਜੀ. ਜਵਾਨਾਂ ਨੂੰ ਕਿਸੇ ਵੀ ਸਿੱਧੀ ਜੰਗ ਦਾ ਸਾਹਮਣਾ ਕਰਨ ਦੀ ਟ੍ਰੇਨਿੰਗ ਮਿਲੇਗੀ। ਬੁਲਾਰੇ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦੀ ਹੋਣ ਵਾਲੀ ਅਗਲੀ ਬੈਠਕ ਵਿਚ ਇਸ ਸੰਬੰਧ ਵਿਚ ਰਸਮੀ ਤੌਰ 'ਤੇ ਪ੍ਰਸਤਾਵ ਲਿਆ ਕੇ ਸਰਕਾਰ ਉਸ 'ਤੇ ਆਪਣੀ ਮੋਹਰ ਲਗਾ ਦੇਵੇਗੀ।
ਪ੍ਰਸਤਾਵ ਅਨੁਸਾਰ ਐੱਸ. ਓ. ਜੀ. ਦੀ ਅਗਵਾਈ ਏ. ਡੀ. ਜੀ. ਪੀ. ਰੈਂਕ ਦਾ ਪੁਲਸ ਅਧਿਕਾਰੀ ਕਰੇਗਾ, ਜਿਸ ਦੇ ਨਾਲ ਆਈ. ਜੀ. ਤੇ ਡੀ. ਆਈ. ਜੀ. ਰੈਂਕ ਦੇ ਅਧਿਕਾਰੀ ਜੋੜੇ ਜਾਣਗੇ ਜੋ ਉਨ੍ਹਾਂ ਨੂੰ ਸਹਿਯੋਗ ਦੇਣਗੇ। ਐੱਸ. ਓ. ਜੀ. ਨੂੰ ਤਿੰਨ ਟੀਮਾਂ ਵਿਚ ਵੰਡਿਆ ਜਾਵੇਗਾ, ਜਿਨ੍ਹਾਂ ਦੀ ਅਗਵਾਈ ਐੱਸ. ਪੀ. ਰੈਂਕ ਦਾ ਅਧਿਕਾਰੀ ਕਰੇਗਾ। ਇਸ ਪੁਲਸ ਅਧਿਕਾਰੀ ਦੀ ਉਮਰ 35 ਸਾਲ ਤੋਂ ਘੱਟ ਹੋਵੇਗੀ। ਐੱਸ. ਓ. ਜੀ. ਜਵਾਨਾਂ ਦੀ ਉਮਰ 18 ਤੋਂ 25 ਸਾਲ ਹੋਵੇਗੀ।
ਇਨ੍ਹਾਂ ਜਵਾਨਾਂ ਨੂੰ ਭਾਰਤੀ ਫੌਜ ਤੇ ਐੱਨ. ਐੱਸ. ਜੀ. ਦੋਵਾਂ ਵਲੋਂ ਟ੍ਰੇਂਡ ਕੀਤਾ ਜਾਵੇਗਾ। ਟੀਮ ਦੇ ਕੋਰ ਯੂਨਿਟ ਨੂੰ ਇਸਰਾਈਲ ਭੇਜਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਐੱਸ. ਓ. ਜੀ. ਵਿਚ ਸ਼ਾਮਲ ਹੋਣ ਵਾਲੇ ਅਧਿਕਾਰੀਆਂ ਤੇ ਜਵਾਨਾਂ ਦੇ ਖਤਰੇ ਵਾਲੇ ਕੰਮ ਨੂੰ ਵੇਖਦਿਆਂ ਉਨ੍ਹਾਂ ਦਾ ਸਰਕਾਰ ਵਲੋਂ ਇਕ ਕਰੋੜ ਰੁਪਏ ਦਾ ਬੀਮਾ ਕੀਤਾ ਜਾਵੇਗਾ ਤੇ ਨਾਲ ਹੀ ਉਨ੍ਹਾਂ ਨੂੰ ਵਧੇਰੇ ਭੱਤੇ ਤੇ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ। ਹਰੇਕ ਮੈਂਬਰ ਨੂੰ ਵਧੀਆ ਮੈਡੀਕਲ ਬੀਮਾ ਵੀ ਮੁਹੱਈਆ ਕਰਵਾਇਆ ਜਾਵੇਗਾ। ਪੰਜਾਬ ਵਿਚ ਕਿਉਂਕਿ ਅੱਤਵਾਦ ਲੰਮੇ ਸਮੇਂ ਤੱਕ ਰਿਹਾ ਹੈ, ਇਸ ਲਈ ਐੱਸ. ਓ. ਜੀ.ਬਣਾਉਣ ਦਾ ਫੈਸਲਾ ਹੋਇਆ ਹੈ।
ਐੱਸ. ਓ. ਜੀ. ਵਿਚ ਸ਼ਾਮਲ ਹੋਣ ਵਾਲੇ ਜਵਾਨਾਂ ਨੂੰ 3 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਫੋਰਸ 'ਤੇ ਹਰ ਸਾਲ 5.7 ਕਰੋੜ ਰੁਪਏ ਖਰਚ ਹੋਣਗੇ। ਇਸ ਹਿਸਾਬ ਨਾਲ ਹਰ ਮਹੀਨੇ ਐੱਸ. ਓ. ਜੀ. 'ਤੇ 50 ਲੱਖ ਤੋਂ ਘੱਟ ਦਾ ਖਰਚਾ ਆਵੇਗਾ। ਬੈਠਕ ਵਿਚ ਸੁਰੇਸ਼ ਕੁਮਾਰ, ਮਨਦੀਪ ਸਿੰਘ ਸੰਧੂ, ਤੇਜਵੀਰ ਸਿੰਘ, ਡੀ. ਜੀ. ਪੀ. ਸੁਰੇਸ਼ ਅਰੋੜਾ, ਏ. ਡੀ. ਜੀ. ਪੀ. ਹਰਦੀਪ ਸਿੰਘ ਢਿੱਲੋਂ ਤੇ ਏ. ਡੀ. ਜੀ. ਪੀ. ਦਿਨਕਰ ਗੁਪਤਾ ਨੇ ਵੀ ਹਿੱਸਾ ਲਿਆ।
ਮੁਹੱਲਾ ਕਿਲੇਵਾਲਾ ਵਾਸੀਆਂ ਨੇ ਬੰਦ ਸੀਵਰੇਜ ਖੁਲ੍ਹਵਾਉਣ ਦੀ ਕੀਤੀ ਮੰਗ
NEXT STORY