ਦੋਰਾਹਾ (ਵਿਨਾਇਕ, ਗੁਰਮੀਤ) : ਕਾਰਗਿਲ ਵਿਖੇ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਫੌਜ ਦੇ ਨਾਇਕ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਉਸ ਦੇ ਨਾਨਕੇ ਪਿੰਡ ਰਾਮਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਤੋਂ ਕੁਜਝ ਹੀ ਘੰਟਿਆਂ ਬਾਅਦ ਸ਼ਹੀਦ ਪਲਵਿੰਦਰ ਸਿੰਘ ਦੀ ਦਾਦੀ ਦੀ ਵੀ ਮੌਤ ਹੋ ਗਈ। ਦਾਦੀ ਆਪਣੇ ਪੋਤਰੇ ਦੀ ਸ਼ਹਾਦਤ ਨੂੰ ਸਹਾਰ ਨਾ ਸਕੀ ਜਿਸ ਦੇ ਸਦਮੇ 'ਚ ਉਸ ਨੇ ਦਮ ਤੋੜ ਦਿੱਤਾ। ਸ਼ੁਕਰਵਾਰ ਨੂੰ ਜਿਵੇਂ ਹੀ ਸ਼ਹੀਦ ਪਲਵਿੰਦਰ ਸਿੰਘ ਗੋਲਡੀ ਦਾ ਅੰਤਿਮ ਸੰਸਕਾਰ ਉਸਦੇ ਨਾਨਕੇ ਪਿੰਡ ਰਾਮਪੁਰ (ਨੇੜੇ ਦੋਰਾਹਾ) ਵਿਖੇ ਕੀਤਾ ਗਿਆ ਤਾਂ ਆਖਰੀ ਪੱਲਾਂ ਦੌਰਾਨ ਉਸਦੀ ਦਾਦੀ ਲਾਜਵਿੰਦਰ ਕੌਰ ਉਰਫ ਲਾਜੋ ਨੇ ਆਪਣੇ ਪੋਤਰੇ ਦਾ ਆਖਰੀ ਵਾਰ ਮੂੰਹ ਦੇਖ ਕੇ ਉਸਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ। ਸ਼ਹੀਦ ਪਲਵਿੰਦਰ ਸਿੰਘ ਗੋਲਡੀ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਦੇ ਸਾਰੇ ਲੋਕ ਗਮਗੀਨ ਹਨ। ਉਹ ਆਖਰੀ ਸਮੇਂ ਤੱਕ ਬਿਲਕੁੱਲ ਤੰਦਰੁਸਤ ਸਨ। ਇਸ ਦੁੱਖਦਾਈ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਦੇ ਲੋਕਾਂ ਨੇ ਸ਼ਹੀਦ ਪਲਵਿੰਦਰ ਸਿੰਘ ਗੋਲਡੀ ਦੇ ਗ੍ਰਹਿ ਵਿਖੇ ਪੁੱਜ ਕੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਦੱਸਣਯੋਗ ਹੈ ਕਿ ਪਲਵਿੰਦਰ ਸਿੰਘ ਸਮਰਾਲਾ ਨੇੜਲੇ ਪਿੰਡ ਢੀਂਡਸਾ ਨਾਲ ਸੰਬੰਧਤ ਸੀ। ਬੀਤੀ 22 ਜੂਨ ਨੂੰ ਉਹ ਆਪਣੇ ਸੀਨੀਅਰ ਅਫ਼ਸਰ ਨਾਲ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਜੀਪ ਹਾਦਸੇ ਦਾ ਸ਼ਿਕਾਰ ਹੋ ਕੇ ਦਰਾਸ ਦਰਿਆ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ : ਵਿਆਹ ਤੋਂ 2 ਮਹੀਨੇ ਪਹਿਲਾਂ ਸ਼ਹੀਦ ਹੋਇਆ ਖੰਨਾ ਦਾ ਪਲਵਿੰਦਰ, ਭੈਣਾਂ ਸਿਹਰਾ ਬੰਨ੍ਹਿਆ, ਮੰਗਤੇਰ ਨੇ ਕੀਤਾ ਸਲਾਮ
2 ਮਹੀਨੇ ਬਾਅਦ ਵਿਆਹ ਸੀ
ਸ਼ਹੀਦ ਪਲਵਿੰਦਰ ਸਿੰਘ (30) ਦੀ ਮ੍ਰਿਤਕ ਦੇਹ 17 ਦਿਨਾਂ ਬਾਅਦ ਦਰਾਸ ਦਰਿਆ 'ਚ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਿੰਡ ਰਾਮਪੁਰ ਵਿਖੇ ਲਿਆਂਦੀ ਗਈ। ਜਵਾਨ ਦਾ 2 ਮਹੀਨੇ ਬਾਅਦ ਵਿਆਹ ਸੀ। ਮ੍ਰਿਤਕ ਦੇਹ ਦੇਖ ਕੇ ਪਰਿਵਾਰ ਸਣੇ ਪੂਰਾ ਪਿੰਡ ਗਮਗੀਨ ਮਾਹੌਲ 'ਚ ਡੁੱਬ ਗਿਆ। ਜਵਾਨ ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਦੱਸਿਆ ਕਿ 2 ਮਹੀਨੇ ਬਾਅਦ ਪਲਵਿੰਦਰ ਸਿੰਘ ਦਾ ਵਿਆਹ ਸੀ ਅਤੇ ਛੁੱਟੀ 'ਤੇ ਆਉਣ ਤੋਂ ਬਾਅਦ ਮਾਂ ਦਾ ਆਪਰੇਸ਼ਨ ਵੀ ਕਰਵਾਉਣਾ ਸੀ। ਉਸ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰਨੀਆਂ ਸਨ ਪਰ ਹਾਦਸੇ ਵਿਚ ਸਾਰੇ ਸੁਫਨੇ ਟੁੱਟ ਗਏ ਹਨ। ਮਾਂ ਸੁਰਿੰਦਰ ਕੌਰ ਦੇ ਵਿਰਲਾਪ ਨੇ ਹਰ ਅੱਖ ਨਮ ਕਰ ਦਿੱਤੀ। ਦੂਜੇ ਪਾਸੇ ਜਵਾਨ ਦੀ ਮੰਗੇਤਰ ਨੇ ਵੀ ਸ਼ਹੀਦ ਨੂੰ ਆਖਰੀ ਸਲਾਮ ਪੇਸ਼ ਕੀਤਾ। ਭੈਣਾਂ ਨੇ ਰੋਂਦੇ ਹੋਏ ਆਪਣੇ ਵੀਰ ਦੇ ਸਿਰ 'ਤੇ ਸਿਹਰਾ ਬੰਨ੍ਹ ਕੇ ਆਖਰੀ ਵਿਦਾਈ ਦਿੱਤੀ।
ਸ਼ਹੀਦ ਪਲਵਿੰਦਰ ਸਿੰਘ ਦੇ ਵੱਡੇ ਭਰਾ ਜਗਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਲਵਿੰਦਰ 2010 'ਚ ਹੀ ਫ਼ੌਜ 'ਚ ਭਰਤੀ ਹੋਇਆ ਸੀ। ਉਸਦੇ ਪਿਤਾ ਨੇ ਵੀ 24 ਸਾਲ ਫੌਜ ਦੀ ਨੌਕਰੀ ਕੀਤੀ ਸੀ। ਜਗਪ੍ਰੀਤ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਗਰੇਜੂਏਟ ਛੋਟੇ ਭਰਾ ਨੂੰ ਸਰਕਾਰੀ ਨੌਕਰੀ 'ਤੇ ਭਰਤੀ ਕਰਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਲਵਿੰਦਰ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਤਰਫੋਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ।
ਕਰੰਟ ਲੱਗਣ ਕਾਰਨ ਹੋਈ ਪਿਓ-ਪੁੱਤ ਦੀ ਮੌਤ ਤੋਂ ਬਾਅਦ ਬਿਜਲੀ ਮਹਿਕਮੇ 'ਤੇ ਫੁੱਟਿਆ ਲੋਕਾਂ ਦਾ ਗੁੱਸਾ
NEXT STORY