ਚੰਡੀਗੜ੍ਹ : ਪੰਜਾਬ ਦੀਆਂ ਮੰਡੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਅਤੇ ਨਵਿਆਉਣਯੋਗ ਊਰਜਾ ਨੂੰ ਵਧਾਵਾ ਦੇਣ ਵੱਲ ਅਹਿਮ ਕਦਮ ਚੁੱਕਦਿਆਂ ਹੋਇਆਂ ਪੰਜਾਬ ਮੰਡੀ ਬੋਰਡ ਨੇ ਪਹਿਲੇ ਫੇਜ਼ ਵਿਚ ਜ਼ਿਲ੍ਹਾ ਪਟਿਆਲਾ, ਜਲੰਧਰ, ਫਿਰੋਜ਼ਪੁਰ ਅਤੇ ਲੁਧਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਹੈ, ਜਿਸ 'ਤੇ ਜੰਗੀ ਪੱਧਰ 'ਤੇ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਯੋਜਨਾ ਤੇ ਲਗਭਗ 24.42 ਕਰੋੜ ਰੁਪਏ ਖਰਚ ਆਵੇਗਾ। ਇਸ ਪਹਿਲਕਦਮੀ ਨਾਲ ਬਿਜਲੀ ਖਰਚਿਆਂ ਵਿਚ ਸਾਲਾਨਾ ਲਗਭਗ 8.33 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸੂਬੇ ਦੀਆਂ ਮੰਡੀਆਂ ਵਿਚ ਨਵੀਨਤਮ ਤਕਨੀਕ ਲਿਆਉਣ ਦੀ ਦਿਸ਼ਾ ਵਿਚ ਮੀਲ ਪੱਥਰ ਸਾਬਤ ਹੋਵੇਗੀ।
ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਮੰਡੀਆਂ ਨੂੰ ਆਧੁਨਿਕ ਅਤੇ ਸੁਵਿਧਾਜਨਕ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਮੰਡੀਆਂ ਵਿਚ ਆਉਣ ਵਾਲੇ ਹੋਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਸ ਯੋਜਨਾ ਦੀ ਸ਼ੁਰੂਆਤ ਦਾਣਾ ਮੰਡੀ, ਪਟਿਆਲਾ ਤੋਂ ਕੀਤੀ ਜਾ ਚੁੱਕੀ ਹੈ ਅਤੇ ਪਟਿਆਲਾ ਮੰਡੀ ਵਿਖੇ 74 ਕਿਲੋਵਾਟ ਦੀ ਸਮਰੱਥਾ ਵਾਲਾ ਰੂਫ਼ ਟੌਪ ਸੋਲਰ ਪਾਵਰ ਪਲਾਂਟ ਲਗਾਇਆ ਜਾ ਰਿਹਾ ਹੈ। ਜਿਲ੍ਹਾ ਪਟਿਆਲਾ ਦੀਆਂ 10 ਵੱਖ-ਵੱਖ ਮੰਡੀਆਂ ਵਿੱਚ 656 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਤੇ ਕਰੀਬ 6.49 ਕਰੋੜ ਰੁਪਏ ਖਰਚ ਆਵੇਗਾ।
ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਦੀਆਂ 11 ਵੱਖ-ਵੱਖ ਮੰਡੀਆਂ ਵਿਚ ਲਗਭਗ 7.12 ਕਰੋੜ ਰੁਪਏ ਦੀ ਲਾਗਤ ਨਾਲ 757 ਕਿਲੋਵਾਟ ਸਮਰੱਥਾ ਦਾ ਪਲਾਂਟ ਲਗਾਇਆ ਜਾਵੇਗਾ। ਜ਼ਿਲ੍ਹਾ ਫਿਰੋਜਪੁਰ ਵਿਖੇ ਕਰੀਬ 5.10 ਕਰੋੜ ਰੁਪਏ ਦੀ ਲਾਗਤ ਨਾਲ 8 ਵੱਖ-ਵੱਖ ਮੰਡੀਆਂ ਵਿਚ 647 ਕਿਲੋਵਾਟ ਸਮਰੱਥਾ ਦਾ ਪਲਾਂਟ ਲਗਾਇਆ ਜਾਣਾ ਹੈ। ਜਿਲ੍ਹਾ ਜਲੰਧਰ ਦੀਆਂ 11 ਵੱਖ-ਵੱਖ ਮੰਡੀਆਂ ਵਿੱਚ 794 ਕਿਲੋਵਾਟ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਲਗਾਇਆ ਜਾਣਾ ਹੈ, ਜਿਸ ਤੇ ਕਰੀਬ 5.71 ਕਰੋੜ ਰੁਪਏ ਖਰਚ ਆਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ, ਜਲੰਧਰ, ਫਿਰੋਜ਼ਪੁਰ ਅਤੇ ਲੁਧਿਆਣਾ ਦੀਆਂ 40 ਵੱਖ-ਵੱਖ ਮੰਡੀਆਂ ਵਿਚ ਲਗਾਏ ਜਾਣ ਵਾਲੇ ਸੋਲਰ ਪਾਵਰ ਪਲਾਂਟ ਤੇ ਕਰੀਬ 24.42 ਕਰੋੜ ਰੁਪਏ ਖਰਚ ਆਵੇਗਾ। ਉਨ੍ਹਾਂ ਕਿਹਾ ਕਿ ਸੋਲਰ ਪਾਵਰ ਪਲਾਂਟ ਲਗਾਉਣ ਨਾਲ ਜਿੱਥੇ ਮੰਡੀਆਂ ਦੀ ਬਿਜਲੀ ਲਾਗਤ ਘਟੇਗੀ, ਉੱਥੇ ਹੀ ਲੰਬੇ ਸਮੇਂ ਦੌਰਾਨ ਸਰਕਾਰੀ ਖਰਚ ਵਿਚ ਵੀ ਮਹੱਤਵਪੂਰਨ ਕਮੀ ਆਵੇਗੀ।
ਹੜ੍ਹ ਪੀੜਤ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਬੀਜ ਲਈ ਆਨਲਾਈਨ ਫਾਰਮ ਭਰਨ ਦਾ ਕੰਮ ਸ਼ੁਰੂ
NEXT STORY