ਮੋਹਾਲੀ (ਸੰਦੀਪ) : ਖਰੜ ਦੇ ਰਹਿਣ ਵਾਲੇ ਕਮੇਸ਼ ਕੁਮਾਰ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਸੀ. ਆਈ. ਏ. ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ ਜੀਤਾ ਫ਼ੌਜੀ (46), ਮਨਜੀਤ ਸਿੰਘ ਉਰਫ ਬਿੱਲਾ (34) ਅਤੇ ਨਵੀਨ ਕੁਮਾਰ ਸ਼ਰਮਾ (34) ਸਾਰੇ ਵਾਸੀ ਮੁਕੇਰੀਆਂ, ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ .32 ਬੋਰ ਦਾ ਰਿਵਾਲਵਰ, 2 ਜ਼ਿੰਦਾ ਕਾਰਤੂਸ ਅਤੇ ਪੋਲੋ ਕਾਰ ਬਰਾਮਦ ਕੀਤੀ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਵਾਰਦਾਤ ਪਰਿਵਾਰਕ ਰੰਜਿਸ਼ ਦੇ ਚਲਦੇ ਹੀ ਕਮੇਸ਼ ਕੁਮਾਰ ਦੀ ਜੀਜੇ ਦੇ ਭਰਾ ਨੇ ਇਟਲੀ ਤੋਂ ਆਏ ਆਪਣੇ ਦੋਸਤ ਰਣਜੀਤ ਸਿੰਘ ਨੂੰ ਸੁਪਾਰੀ ਦਿੱਤੀ ਸੀ, ਜਿਸ ਕਾਰਨ ਰਣਜੀਤ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਹਵਸ ਦੇ ਭੁੱਖੇ ਭੇੜੀਏ ਨੇ ਹੈਵਾਨੀਅਤ ਦੀਆਂ ਟੱਪੀਆਂ ਹੱਦਾਂ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
ਐੱਸ. ਐੱਸ. ਪੀ. ਮੋਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ 7 ਜਨਵਰੀ ਦੀ ਰਾਤ ਤਕਰੀਬਨ 11 ਵਜੇ ਖਰੜ ਦੇ ਅਵਧ ਰੈਸਟੋਰੈਂਟ ਦੇ ਬਾਹਰ ਕਾਰ ਵਿਚ ਬੈਠੇ ਕਮੇਸ਼ ਕੁਮਾਰ ’ਤੇ ਤਿੰਨ ਨੌਜਵਾਨਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਕਮੇਸ਼ ਨੂੰ ਗੋਲ਼ੀ ਲੱਗ ਗਈ ਅਤੇ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਬੰਧਤ ਥਾਣਾ ਪੁਲਸ ਨੇ ਕਤਲ ਦੀ ਕੋਸ਼ਿਸ਼ ਦੇ ਕੇਸ ’ਚ ਕਤਲ ਦੀ ਧਾਰਾ ਜੋੜ ਦਿੱਤੀ ਸੀ। ਮਾਮਲੇ ਦੀ ਜਾਂਚ ਐੱਸ. ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਅਤੇ ਡੀ. ਐੱਸ. ਪੀ. ਗੁਰਸ਼ੇਰ ਸਿੰਘ ਦੇ ਸੁਪਰ ਵਿਜ਼ਨ ’ਚ ਸੀ. ਆਈ. ਏ. ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਕਰ ਰਹੇ ਸਨ। ਜਾਣਕਾਰੀ ਇਕੱਤਰ ਕਰਦੇ ਹੋਏ ਸੀ. ਆਈ. ਏ. ਵੱਲੋਂ ਉਕਤ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ : ਸਸਕਾਰ ’ਤੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਜੀਜੇ-ਸਾਲੇ ਦੀ ਦਰਦਨਾਕ ਮੌਤ
ਰੰਜਿਸ਼ ਦੇ ਚੱਲਦਿਆਂ ਜੀਜੇ ਦੇ ਭਰਾ ਨੇ ਕਰਵਾਇਆ ਸੀ ਕਤਲ
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨੇ ਦੱਸਿਆ ਕਿ ਕਮੇਸ਼ ਦੀ ਭੈਣ ਨਿਸ਼ਾ ਇਟਲੀ ਰਹਿੰਦੀ ਹੈ, ਜਿਸ ਦਾ ਪਤੀ ਹਰਜਿੰਦਰ ਨਾਲ ਝਗੜਾ ਚੱਲਦਾ ਰਹਿੰਦਾ ਹੈ। ਹਰਜਿੰਦਰ ਦਾ ਭਰਾ ਹਰਵਿੰਦਰ ਵੀ ਇਟਲੀ ਰਹਿੰਦਾ ਹੈ। ਹਰਵਿੰਦਰ ਨੇ ਇਟਲੀ ਤੋਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਰਣਜੀਤ ਸਿੰਘ, ਜੋ ਉਸ ਦਾ ਦੋਸਤ ਹੈ, ਨਾਲ ਸੰਪਰਕ ਕੀਤਾ ਅਤੇ ਉਸ ਨੂੰ ਦੱਸਿਆ ਕਿ ਉਸ ਦੀ ਭਾਬੀ ਨੇ ਉਸ ਦਾ ਇਟਲੀ ਵਿਚ ਜਿਊਣਾ ਹਰਾਮ ਕੀਤਾ ਹੋਇਆ ਹੈ। ਸਾਲੇ ਨੇ ਇਟਾਲੀਅਨ ਪੁਲਸ ਕੋਲ ਕਈ ਸ਼ਿਕਾਇਤਾਂ ਦੇ ਕੇ ਉਸ ਖ਼ਿਲਾਫ਼ ਕਈ ਮਾਮਲੇ ਦਰਜ ਕਰਵਾਏ ਹਨ। ਹਰਵਿੰਦਰ ਨੇ ਰਣਜੀਤ ਨੂੰ ਕਿਹਾ ਸੀ ਕਿ ਉਹ ਇਹ ਸਭ ਆਪਣੇ ਭਰਾ ਕਮੇਸ਼ ਕੁਮਾਰ ਦੇ ਕਹਿਣ ’ਤੇ ਕਰਦੀ ਹੈ। ਹਰਵਿੰਦਰ ਨੇ ਰਣਜੀਤ ਨੂੰ ਕਿਹਾ ਕਿ ਜੇਕਰ ਉਹ ਕਮੇਸ਼ ਕੁਮਾਰ ਦਾ ਕੰਡਾ ਕੱਢ ਦੇਵੇ ਤਾਂ ਉਹ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇਟਲੀ ਵਸਾਉਣ ਲਈ ਮੱਦਦ ਕਰੇਗਾ। ਜੇਕਰ ਉਸ ਨੂੰ ਇਸ ਕੰਮ ਲਈ 20 ਤੋਂ 30 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ ਤਾਂ ਵੀ ਉਹ ਦੇਵੇਗਾ। ਇਸ ਪੇਸ਼ਕਸ਼ ਤੋਂ ਬਾਅਦ ਹੀ ਰਣਜੀਤ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਰਮੇਸ਼ ਕੁਮਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਜੇਲ੍ਹ ’ਚ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀ ਦੀ ਗੋਲ਼ੀ ਲੱਗਣ ਨਾਲ ਮੌਤ
ਰੇਕੀ ਕਰਨ ਲਈ ਕਾਰ ’ਚ ਫਿੱਟ ਕੀਤਾ ਸੀ ਜੀ.ਪੀ.ਐੱਸ.
ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੇ ਬਹੁਤ ਹੀ ਚਲਾਕੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਨੇ ਕਮੇਸ਼ ਦੀ ਰੇਕੀ ਕਰਨ ਲਈ 7 ਜਨਵਰੀ ਦੀ ਸਵੇਰ ਨੂੰ ਘਰ ਦੇ ਬਾਹਰ ਖੜ੍ਹੀ ਉਸ ਦੀ ਕਾਰ ਵਿਚ ਜੀ. ਪੀ. ਐੱਸ. ਲਗਾ ਦਿੱਤਾ ਸੀ। ਕਮੇਸ਼ ਸਵੇਰੇ ਆਪਣੇ ਪਰਿਵਾਰ ਨਾਲ ਕਾਰ ਵਿਚ ਅੰਬਾਲਾ ਗਿਆ ਸੀ। ਮੁਲਜ਼ਮ ਵੀ ਆਪਣੀ ਕਾਰ ਵਿਚ ਪਿੱਛਾ ਕਰ ਰਹੇ ਸਨ ਪਰ ਅੰਬਾਲਾ ਵਿਚ ਵਾਰਦਾਤ ਨੂੰ ਅੰਜਾਮ ਦੇਣ ਦਾ ਮੌਕਾ ਨਹੀਂ ਮਿਲਿਆ। ਰਾਤ ਨੂੰ ਜਦੋਂ ਕਮੇਸ਼ ਆਪਣੇ ਰਿਸ਼ਤੇਦਾਰ ਨਾਲ ਕਾਰ ਵਿਚ ਰੈਸਟੋਰੈਂਟ ਪਹੁੰਚਿਆ ਤਾਂ ਮੁਲਜ਼ਮਾਂ ਨੇ ਮੌਕਾ ਪਾ ਕੇ ਕਾਰ ਵਿਚ ਬੈਠੇ ਕਮੇਸ਼ ਨੂੰ ਗੋਲ਼ੀ ਮਾਰ ਦਿੱਤੀ।
ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਚੜ੍ਹਿਆ ਪੁਲਸ ਅੜਿੱਕੇ, ਕਾਰੋਬਾਰੀ ਤੋਂ ਮੰਗ ਰਿਹਾ ਸੀ 20 ਲੱਖ ਦੀ ਫਿਰੌਤੀ
NEXT STORY