ਪਟਿਆਲਾ (ਜੋਸਨ) - ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਵੱਲੋਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਵੇਲੇ ਹੋਈ ਭਰਤੀ ਦੀ ਮੰਗੀ ਜਾਂਚ ਕਾਰਨ ਟੌਹੜਾ ਪਰਿਵਾਰ ਨੇ ਉਨ੍ਹਾਂ 'ਤੇ ਰਾਜਸੀ ਹਮਲਾ ਬੋਲਿਆ ਹੈ। ਸਾਬਕਾ ਪ੍ਰਧਾਨ ਨੂੰ ਜੱਥੇਦਾਰ ਟੌਹੜਾ ਵਰਗੀ ਸ਼ਖਸੀਅਤ 'ਤੇ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੀਦਾ। ਇਹ ਬੇਹੱਦ ਮੰਦਭਾਗਾ ਹੈ। ਕੁੱਲ ਦੁਨੀਆ ਨੂੰ ਪਤਾ ਹੈ ਕਿ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਈਮਾਨਦਾਰੀ ਨਾਲ ਬਿਤਾਈ। ਉਹ ਨਾ ਕਦੇ ਕੋਈ ਗਲਤ ਕੰਮ ਨਾ ਕਰਦੇ ਸਨ ਅਤੇ ਨਾ ਹੀ ਗਲਤ ਕੰਮ ਕਰਨ ਵਾਲੇ ਚਾਪਲੂਸਾਂ ਨੂੰ ਨੇੜੇ ਲੱਗਣ ਦਿੰਦੇ ਸਨ।
ਜੱਥੇਦਾਰ ਗੁਰਚਰਨ ਸਿੰਘ ਦੇ ਦੋਹਤੇ ਹਰਿੰਦਰਪਾਲ ਸਿੰਘ ਟੌਹੜਾ ਨੇ ਆਖਿਆ ਕਿ ਸਾਬਕਾ ਪ੍ਰਧਾਨ ਵੱਲੋਂ ਮਰਹੂਮ ਜੱਥੇ. ਟੌਹੜਾ ਦੇ ਪ੍ਰਧਾਨਗੀ ਕਾਲ ਦੀਆਂ ਨਿਯੁਕਤੀਆਂ ਦੀ ਜਾਂਚ ਦੀ ਮੰਗ ਨੂੰ ਮੰਦਭਾਗਾ ਅਤੇ ਸੌੜੀ ਸੋਚ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ 1999 ਵਿਚ ਜੱਥੇਦਾਰ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਕੇ ਪ੍ਰੋ. ਬਡੂੰਗਰ ਨੂੰ ਪ੍ਰਧਾਨ ਬਣਾਇਆ ਗਿਆ ਸੀ। ਉਦੋਂ ਜੱਥੇਦਾਰ ਟੌਹੜਾ ਦੇ ਕਾਰਜਕਾਲ ਦੀਆਂ ਖਾਮੀਆਂ ਲੱਭਣ ਲਈ ਉਨ੍ਹਾਂ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ ਪਰ ਇਕ ਵੀ ਖਾਮੀ ਨਹੀਂ ਲੱਭ ਸਕੇ ਸਨ। ਹਰਿੰਦਰਪਾਲ ਨੇ ਪ੍ਰੋ. ਬਡੂੰਗਰ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਜੱਥੇਦਾਰ ਟੌਹੜਾ ਵੱਲੋਂ ਕੀਤੀਆਂ ਨਿਯੁਕਤੀਆਂ ਵਿਚ ਕੁਝ ਗਲਤ ਨਜ਼ਰ ਆਇਆ ਸੀ ਤਾਂ ਉਨ੍ਹਾਂ ਅਜਿਹੀਆਂ ਨਿਯੁਕਤੀਆਂ ਨੂੰ ਰੱਦ ਕਰਨ ਦੀ ਉਦੋਂ ਹਿੰਮਤ ਕਿਉਂ ਨਹੀਂ ਦਿਖਾਈ? ਉਨ੍ਹਾਂ ਕਿਹਾ ਕਿ ਅਸਲ ਵਿਚ ਅੱਜ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਦੇ ਸਿਧਾਂਤਾਂ ਅਤੇ ਮਾਣ-ਸਨਮਾਨ ਨੂੰ ਬਚਾਉਣ ਦਾ ਸਵਾਲ ਸਮੁੱਚੀ ਕੌਮ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ। ਉਨ੍ਹਾਂ ਪ੍ਰੋ. ਬਡੂੰਗਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਦੂਜਿਆਂ ਵੱਲ ਉਂਗਲੀ ਉਠਾਉਣ ਦੀ ਥਾਂ ਆਪਣੀ ਲੜਾਈ ਆਪ ਲੜਨ। ਟੌਹੜਾ ਪਰਿਵਾਰ ਨੇ ਐੈੱਸ. ਜੀ. ਪੀ. ਸੀ. ਵਿਚ ਹੋਈਆਂ ਨਿਯੁਕਤੀਆਂ ਦੇ ਮਾਮਲੇ 'ਚ ਕੁਝ ਨਹੀਂ ਲੈਣਾ। ਇਹ ਮੁਲਾਜ਼ਮ ਕਿਉਂ ਰੱਖੇ ਗਏ? ਕਿਉਂ ਕੱਢੇ ਗਏ? ਇਸ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਆਖਿਆ ਕਿ ਪ੍ਰੋ. ਬਡੂੰਗਰ ਇਕ ਵੱਡੇ ਵਿਦਵਾਨ ਹਨ। ਉਨ੍ਹਾਂ ਨੂੰ ਇਸ ਮਾਮਲੇ ਵਿਚ ਜੱਥੇਦਾਰ ਟੌਹੜਾ ਦਾ ਨਾਂ ਵਰਤਣਾ ਸ਼ੋਭਾ ਨਹੀਂ ਦਿੰਦਾ।
ਗੁਰਦੁਆਰਾ ਐਕਟ 1925 'ਚ ਰਿਸ਼ਤੇਦਾਰਾਂ ਨੂੰ ਭਰਤੀ ਨਾ ਕਰਨ ਬਾਰੇ ਕਿਤੇ ਮਨਾਹੀ ਨਹੀਂ : ਪ੍ਰੋ ਬਡੂੰਗਰ
NEXT STORY