ਗੁਰਦਾਸਪੁਰ (ਵਿਨੋਦ) : ਸਿਟੀ ਥਾਣੇ ਦੀ ਪੁਲਸ ਨੇ ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਬੁਹ-ਚਰਚਿਤ ਸਿਨੇਮੇ ਦੀ ਜ਼ਮੀਨ ਦੇ ਮਾਮਲੇ 'ਚ ਸਹਿਕਾਰਤਾ ਵਿਭਾਗ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਨ੍ਹਾਂ ਦੇ ਪੁੱਤਰ ਤੋਂ ਇਲਾਵਾ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ ਸਮੇਤ 12 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਸਤੀਸ਼ ਕੁਮਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਕਾਲੀ ਵਰਕਰਾਂ ਨੇ ਕਾਂਗਰਸ ਸਰਕਾਰ ਅਤੇ ਪੁਲਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਦੋਸ਼ ਲਾਏ ਕਿ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਵਰਕਰਾਂ ਦਾ ਮਨੋਬਲ ਡੇਗਣ ਲਈ ਇਹ ਝੂਠਾ ਪਰਚਾ ਕੀਤਾ ਗਿਆ ਹੈ।
ਥਾਣਾ ਸਿਟੀ ਦੇ ਮੁਖੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਬੱਬੇਹਾਲੀ ਦੇ ਵਸਨੀਕ ਮਲੂਕ ਸਿੰਘ ਨੇ ਸਹਿਕਾਰਤਾ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਰਦਾਸਪੁਰ ਸ਼ਹਿਰ 'ਚ ਬਣ ਰਹੇ ਏ. ਜੀ. ਐੱਮ. ਪੈਲਿਸ ਦੀ ਜ਼ਮੀਨ ਸਹਿਕਾਰੀ ਸਿਨੇਮਾ ਸੋਸਾਇਟੀ ਦੀ ਹੈ। ਪਰ ਗੁਰਬਚਨ ਸਿੰਘ ਬੱਬੇਹਾਲੀ ਸਮੇਤ ਹੋਰ ਵਿਅਕਤੀਆਂ ਨੇ ਰਾਜਸੀ ਤਾਕਤ ਦੀ ਦੁਰਵਰਤੋਂ ਕਰ ਕੇ ਇਸ ਜ਼ਮੀਨ ਨੂੰ ਆਪਣੇ ਨਾਂਅ 'ਤੇ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਦੀ ਜਾਂਚ ਸਹਿਕਾਰੀ ਸਭਾਵਾਂ ਦੇ ਪ੍ਰਬੰਧਕੀ ਨਿਰਦੇਸ਼ਕ ਮਨਜੀਤ ਸਿੰਘ ਵੱਲੋਂ ਕੀਤੀ ਗਈ ਸੀ ਜਿਸ ਦੇ ਬਾਅਦ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋਂ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਲਈ ਐੱਸ. ਐੱਸ. ਪੀ. ਨੂੰ ਲਿਖਿਆ ਸੀ।
ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਾਨੂੰਨੀ ਸਲਾਹ ਲੈ ਕੇ ਇਸ ਰਿਪਰੋਟ ਦੇ ਆਧਾਰ ਜ਼ਮੀਨ ਨੂੰ ਗਲਤ ਢੰਗ ਨਾਲ ਆਪਣੇ ਨਾਂਅ ਲਗਵਾਉਣ, ਰਿਕਾਰਡ 'ਚ ਛੇੜਛਾੜ ਕਰਨ, ਅਧਿਕਾਰਾਂ ਦੀ ਦੁਰਵਰਤੋਂ ਕਰਨ, ਅਮਾਨਤ 'ਚ ਖਿਆਨਤ ਕਰਨ, ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ, ਸਿਆਸੀ ਤਾਕਤ ਦੀ ਦੁਰਵਰਤੋਂ ਨਾਲ ਬਿਲਡਿੰਗ ਫੰਡ ਅਤੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ਾਂ ਹੇਠ ਗੁਰਬਚਨ ਸਿੰਘ, ਅਮਰਜੋਤ ਸਿੰਘ, ਸਤੀਸ਼ ਕੁਮਾਰ, ਦਲੀਪ ਚੰਦ, ਰੂਪ ਲਾਲ, ਦਲੀਪ ਸਿੰਘ ਨੰਬਰਦਾਰ, ਥੁੜਾ ਰਾਮ, ਹੀਰਾ ਸਿੰਘ, ਪੁਸ਼ਪਿੰਦਰ ਸਿੰਘ, ਰਾਜਿੰਦਰ ਸਿੰਘ, ਦਵਿੰਦਰ ਸਿੰਘ ਹਾਂਡਾ, ਜਗਮੋਹਨ ਸਿੰਘ ਖਿਲਾਫ਼ ਧਾਰਾ 403, 404, 406, 420, 465, 467, 468, 471,120-ਬੀ, 64 ਸਟੈਂਪ ਐਕਟ 1899 ਅਤੇ 71 ਪੰਜਾਬ ਸਹਿਕਾਰੀ ਸੋਸਾਇਟੀ ਐਕਟ ਤਹਿਤ 1961 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਤੀਸ਼ ਕੁਮਾਰ ਨੂੰ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੰਚਾਇਤੀ ਚੋਣਾਂ ਨੇ ਪਿੰਡਾਂ ਦੀ ਸਿਆਸਤ ਕੀਤੀ ਤੇਜ਼
NEXT STORY