ਜਲੰਧਰ (ਵਰਿਆਣਾ)— ਇਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ, ਉਥੇ ਹੀ ਦੂਜੇ ਪਾਸੇ ਪਿੰਡਾਂ ਦੀ ਸਿਆਸਤ 'ਚ ਤੇਜ਼ੀ ਵਧਦੀ ਦਿਖਾਈ ਦੇ ਰਹੀ ਹੈ। ਸਰਪੰਚ, ਪੰਚ ਬਣਨ ਦੇ ਚਾਹਵਾਨ ਆਪਣੇ-ਆਪ ਨੂੰ ਹੁਣ ਤੋਂ ਹੀ ਜੇਤੂ ਬਣਾਈ ਦੱਸ ਕੇ ਨਾਮਜ਼ਦਗੀ ਫਾਰਮ ਭਰਨ ਲਈ ਸਬੰਧਤ ਵਿਭਾਗ ਦੇ ਦਫਤਰਾਂ ਵੱਲ ਸਮਰਥਕਾਂ ਸਹਿਤ ਵਹੀਰਾਂ ਘੱਤ ਤੁਰੇ ਹਨ।
ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਹਲਕਾ ਕਰਤਾਰਪੁਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੀ ਸਿਆਸਤ ਭਖੀ ਹੋਈ ਹੈ। ਗਲੀ-ਮੁਹੱਲੇ ਦੇ ਲੋਕ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਕਦਰ ਗੰਭੀਰ ਹੋਏ ਪਏ ਹਨ ਕਿ ਉਨ੍ਹਾਂ ਨੂੰ ਹੋਰ ਸਮਾਗਮਾਂ ਬਾਰੇ ਧਿਆਨ ਹੀ ਨਹੀਂ। ਪਿੰਡ ਦਾ ਕੌਣ ਬਣੇਗਾ ਸਰਪੰਚ, ਕਿਹੜਾ ਬਣੇਗਾ ਪੰਚ, ਕਿੰਨੀਆਂ ਵੋਟਾਂ ਨਾਲ ਜੇਤੂ ਸਰਪੰਚ 'ਤੇ ਕਦੋਂ ਸਜੇਗਾ ਤਾਜ ਆਦਿ ਗੱਲਾਂ ਦੀ ਹਰ ਪਾਸੇ ਚਰਚਾ ਹੈ।
ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਸੂਝਵਾਨ, ਸਿਆਣੇ ਲੋਕਾਂ ਤੋਂ ਪੁੱਛਿਆ ਤਾਂ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਉਕਤ ਚੋਣਾਂ ਕਾਰਨ ਸਾਡੀ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਨੂੰ ਕਾਫੀ ਨੁਕਸਾਨ ਪਹੁੰਚਦਾ ਦਿਖਾਈ ਦੇ ਰਿਹਾ ਹੈ। ਜਿਹੜੇ ਗਲੀ-ਮੁਹੱਲੇ 'ਚ ਇਕ-ਦੂਜੇ ਦੇ ਦੁੱਖ-ਸੁੱਖ 'ਚ ਖੜ੍ਹੇ ਹੁੰਦੇ ਸੀ ਉਹ ਸਰਪੰਚ-ਪੰਚ ਬਣਨ ਦੇ ਮਕਸਦ ਨਾਲ ਇਕ-ਦੂਜੇ ਖਿਲਾਫ ਚੋਣ ਲੜਨ ਲਈ ਖੜ੍ਹੇ ਹੋ ਰਹੇ ਹਨ। ਗੁਪਤ ਮੀਟਿੰਗਾਂ ਦਾ ਦੌਰ ਤੇਜ਼ ਹੋ ਗਿਆ ਹੈ। ਠੋਸ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਲੈਣ ਲਈ ਕਿਹੜੀ ਨੀਤੀ ਜਾਇਜ਼ ਜਾਂ ਨਾਜਾਇਜ਼ ਹੈ, ਜੋ ਤਿਆਰ ਕੀਤੀ ਜਾਵੇ, ਇਸ ਉੱਪਰ ਵਿਚਾਰ ਕੀਤੇ ਜਾ ਰਹੇ ਹਨ। ਕਾਰਨ ਬੇਸ਼ੱਕ ਕੁਝ ਵੀ ਹੋਣ ਪਰ ਹਰ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਪਿੰਡਾਂ ਦੀ ਵਿਸ਼ਵ ਭਰ 'ਚ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਇਹ ਲੋਕ ਭਾਈਚਾਰਕ ਸਾਂਝ ਅਤੇ ਪਿਆਰ ਮੁਹੱਬਤ ਵਾਲੇ ਲੋਕ ਹੁੰਦੇ ਹਨ। ਇਸ ਲਈ ਚੋਣਾਂ 'ਚ ਖੜ੍ਹੇ ਹੋਣ ਤੋਂ ਪਹਿਲਾਂ ਉਹ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਨਾ ਟੁੱਟਣ ਦੇਣ।
ਸ਼ਰਾਬ ਦੇ ਸ਼ੌਕੀਨਾਂ ਦੇ ਚਿਹੜੇ ਖਿੜੇ
ਉਧਰ ਸ਼ਰਾਬ ਦੇ ਸ਼ੌਕੀਨ ਕਈ ਪਿਆਕੜਾਂ ਦੇ ਪਿੰਡਾਂ 'ਚ ਚਿਹਰੇ ਖਿੜੇ ਦਿਖਾਈ ਦਿੱਤੇ। ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਕਈ ਸ਼ਰਾਬ ਪੀਣ ਦੇ ਸ਼ੌਕੀਨਾਂ ਦਾ ਕਹਿਣਾ ਸੀ ਕਿ ਹੁਣ ਤਾਂ ਸਾਨੂੰ ਘਰ ਬੈਠੇ ਹੀ ਵੋਟਾਂ 'ਚ ਖੜ੍ਹੇ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਸ਼ਰਾਬ ਦੇ ਨਾਲ-ਨਾਲ ਚਿਕਨ ਅਤੇ ਹੋਰ ਸਮੱਗਰੀ ਵੀ ਪਹੁੰਚਾਉਣਗੇ ਕਿਉਂਕਿ ਪਿਛਲੀਆਂ ਪੰਚਾਇਤੀ ਚੋਣਾਂ 'ਚ ਵੀ ਸਾਨੂੰ ਉਕਤ ਸਾਮਾਨ ਘਰ ਪਹੁੰਚਦਾ ਹੋਇਆ ਸੀ।
ਸਰਬਸੰਮਤੀ ਨਾਲ ਬਣਾਈਆਂ ਪੰਚਾਇਤਾਂ, ਫਿਰ ਆਪਸੀ ਰਜ਼ਾਮੰਦੀ ਕਾਰਨ ਕੁਝ ਹੀ ਘੰਟਿਆਂ 'ਚ ਟੁੱਟੀਆਂ
ਉਧਰ ਪਿੰਡ ਵਰਿਆਣਾ ਅਤੇ ਗਿੱਲਾਂ ਵਿਖੇ ਪਿੰਡ ਵਾਸੀਆਂ ਦੀ ਜ਼ਿਆਦਾਤਰ ਆਪਸੀ ਸਹਿਮਤੀ ਨਾਲ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਦਾ ਐਲਾਨ ਤਾਂ ਕੀਤਾ ਗਿਆ ਪਰ ਇਸ ਬਾਰੇ ਕਈਆਂ ਦੀ ਸਹਿਮਤੀ ਨਾ ਹੋਣ 'ਤੇ ਕੁਝ ਘੰਟਿਆਂ ਬਾਅਦ ਹੀ ਸਰਬਸੰਮਤੀ ਟੁੱਟ ਗਈਆਂ। ਵਰਿਆਣਾ ਵਿਖੇ ਤਾਂ ਸਰਬਸੰਮਤੀ ਨਾਲ ਚੁਣੇ ਸਰਪੰਚ-ਪੰਚਾਂ ਦੇ ਗੁਰੂਘਰਾਂ 'ਚ ਸਿਰੋਪਾਓ ਵੀ ਪਾਏ ਗਏ ਪਰ ਕੁਝ ਹੀ ਘੰਟਿਆਂ ਵਿਚ ਲੋਕਾਂ ਦੇ ਇਤਰਾਜ਼ ਤੋਂ ਬਾਅਦ ਉਕਤ ਸਹਿਮਤੀ ਟੁੱਟ ਗਈ।
ਨਸ਼ਿਆਂ ਰਹਿਤ ਪੰਚਾਇਤੀ ਚੋਣਾਂ ਕਰਵਾਉਣੀਆਂ ਸਰਕਾਰ ਤੇ ਪੁਲਸ-ਪ੍ਰਸ਼ਾਸਨ ਲਈ ਹੋਵੇਗੀ ਚੁਣੌਤੀ
ਉਧਰ ਇਕ ਪਾਸੇ ਜਿੱਥੇ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਸੂਬੇ 'ਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਕਾਫੀ ਹੰਭਲਾ ਮਾਰੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਨਸ਼ਿਆਂ ਰਹਿਤ ਪੰਚਾਇਤੀ ਚੋਣਾਂ ਕਰਵਾਉਣੀਆਂ ਉਨ੍ਹਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਉਕਤ ਚੋਣਾਂ 'ਚ ਹਰ ਸਰਪੰਚ-ਪੰਚ ਬਣਨ ਦੇ ਚਾਹਵਾਨ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਹਰ ਤਰ੍ਹਾਂ ਦੇ ਨਸ਼ੇ ਵੋਟਰਾਂ ਤੱਕ ਪਹੁੰਚਾਉਣ ਦੇ ਯਤਨ ਕਰਨਗੇ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਚੋਣਾਂ 'ਚ ਨਸ਼ਿਆਂ ਦੀ ਕਿਸੇ ਤਰ੍ਹਾਂ ਸਪਲਾਈ 'ਤੇ ਰੋਕ ਲਾਉਣ 'ਚ ਕਾਮਯਾਬ ਹੁੰਦਾ ਹੈ ਤਾਂ ਕਈ ਘਰ ਬਰਬਾਦ ਹੋਣ ਤੋਂ ਤਾਂ ਬਚ ਹੀ ਜਾਣਗੇ, ਨਾਲ ਹੀ ਪੰਜਾਬ ਦਾ ਭਵਿੱਖ ਵੀ ਹੋਰ ਸੁਨਹਿਰੀ ਹੋਵੇਗਾ।
ਰੰਜਿਸ਼ ਕਾਰਨ ਦੋ ਧਿਰਾਂ 'ਚ ਝੜਪ, 8 ਜ਼ਖਮੀਂ
NEXT STORY