ਗੁਰਦਾਸਪੁਰ (ਵਿਨੋਦ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਲਾਂਘੇ ਰਾਹੀਂ ਜਾਣ ਵਾਲੀ ਸੰਗਤ ਦੀ ਗਿਣਤੀ 'ਚ ਭਾਰੀ ਕਮੀ ਨੂੰ ਵੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕੁਝ ਸ਼ਰਤਾਂ ਨਰਮ ਕਰਨ ਅਤੇ ਪਾਕਿਸਤਾਨ ਸਰਕਾਰ ਵਲੋਂ ਲਈ ਜਾਣ ਵਾਲੀ 20 ਡਾਲਰ ਫੀਸ ਨੂੰ ਬੰਦ ਕਰਵਾਉਣ ਲਈ ਚਿੱਠੀ ਲਿਖੀ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਰਿਟਾ. ਲੈਫ. ਜਨਰਲ ਟੀ. ਐੱਸ. ਸ਼ੇਰਗਿੱਲ (ਕੈਬਨਿਟ ਮੰਤਰੀ ਰੈਂਕ) ਨੇ ਅੱਜ ਪੰਜਾਬ ਪ੍ਰਦੇਸ਼ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਰਮਨ ਬਹਿਲ ਦੇ ਨਿਵਾਸ 'ਤੇ ਗੱਲਬਾਤ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲਿਆਂ ਲਈ ਸ਼ਰਤਾਂ ਸਖਤ ਰੱਖੀਆਂ ਹੋਈਆਂ ਹਨ, ਜਿਸ 'ਚ ਪਾਸਪੋਰਟ ਦਾ ਹੋਣਾ ਜ਼ਰੂਰੀ ਸਮੇਤ ਸਾਰੀ ਕਾਰਵਾਈ ਆਨਲਾਈਨ ਹੈ। ਆਮ ਆਦਮੀ ਦੇ ਕੋਲ ਤਾਂ ਪਾਸਪੋਰਟ ਹੀ ਨਹੀਂ ਹੁੰਦਾ ਅਤੇ ਆਨਲਾਈਨ ਪ੍ਰਕਿਰਿਆ ਪੂਰੀ ਕਰਨਾ ਵੀ ਪੇਂਡੂ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਲਈ ਮੁਸ਼ਕਲ ਹੁੰਦਾ ਹੈ। ਦੂਜਾ ਪਾਕਿਸਤਾਨ ਸਰਕਾਰ ਨੇ ਜੋ 20 ਡਾਲਰ ਦੀ ਫੀਸ ਲਾ ਰੱਖੀ ਹੈ ਉਹ ਵੀ ਬਹੁਤ ਜ਼ਿਆਦਾ ਹੈ। ਜਦ ਕਿਸੇ ਪਰਿਵਾਰ ਦੇ 5 ਮੈਂਬਰ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ 100 ਡਾਲਰ ਤਾਂ ਫੀਸ ਹੀ ਅਦਾ ਕਰਨੀ ਪਏਗੀ, ਜੋ ਲਗਭਗ 7 ਹਜ਼ਾਰ ਰੁਪਏ ਬਣਦੀ ਹੈ। ਇਨ੍ਹਾਂ ਸ਼ਰਤਾਂ ਨੂੰ ਨਰਮ ਕਰਨ ਅਤੇ ਪਾਕਿਸਤਾਨ ਸਰਕਾਰ ਤੋਂ 20 ਡਾਲਰ ਦੀ ਫੀਸ ਮੁਆਫ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਪੱਤਰ ਲਿਖਿਆ ਹੈ। ਸ਼ਰਤਾਂ ਨੂੰ ਨਰਮ ਕਰਨ ਅਤੇ ਪਾਕਿਸਤਾਨ ਤੋਂ ਫੀਸ ਮੁਆਫ ਕਰਵਾਉਣ ਦਾ ਅਧਿਕਾਰ ਕੇਂਦਰ ਸਰਕਾਰ ਦੇ ਕੋਲ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਵੱਡੀ, ਸਿਆਸੀ ਕਾਨਫਰੰਸਾਂ ਤੋਂ ਹੋਵੇ ਗੁਰੇਜ਼ : ਬਡੂੰਗਰ
NEXT STORY