ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ, ਗੁਰਪ੍ਰੀਤ) : ਕੁਝ ਦਿਨ ਪਹਿਲਾਂ ਇਕ ਟੀ. ਵੀ. ਸ਼ੋਅ 'ਚ ਫਿਲਮੀ ਕਲਾਕਾਰ ਰਵੀਨਾ ਟੰਡਨ, ਹਾਸਰਸ ਕਲਾਕਾਰ ਭਾਰਤੀ ਸਿੰਘ ਅਤੇ ਫਰਹਾ ਖਾਨ ਵਲੋਂ ਪਵਿੱਤਰ ਗ੍ਰੰਥ ਬਾਈਬਲ ਦੇ ਧਾਰਮਕ ਸ਼ਬਦ 'ਹੈਲੇਲੂਈਆ' ਨੂੰ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਦੇ ਰੋਸ ਵਜੋਂ ਅੱਜ ਗੁਰਦਾਸਪੁਰ ਸ਼ਹਿਰ ਅੰਦਰ ਈਸਾਈ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ 'ਚ ਸੜਕਾਂ 'ਤੇ ਉਤਰ ਕੇ ਉਕਤ ਕਲਾਕਾਰਾਂ ਦੇ ਪੁਤਲੇ ਫੂਕੇ ਅਤੇ ਚੱਕਾ ਜਾਮ ਕੀਤਾ। ਇਸ ਮੌਕੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਿਕਟਰ ਮਸੀਹ ਦੀ ਅਗਵਾਈ ਹੇਠ ਸਮੂਹ ਪਾਸਟਰਾਂ ਅਤੇ ਈਸਾਈ ਭਾਈਚਾਰੇ ਦੇ ਅਹੁਦੇਦਾਰਾਂ ਨੇ ਮੰਡੀ ਚੌਕ ਨੇੜੇ ਚਰਚ 'ਚ ਇਕੱਤਰਤਾ ਕਰ ਕੇ ਉਕਤ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਉਨ੍ਹਾਂ ਤਿੰਨਾਂ ਖਿਲਾਫ ਮਾਮਲੇ ਦਰਜ ਕਰ ਕੇ ਇਨ੍ਹਾਂ ਨੂੰ ਜੇਲ 'ਚ ਬੰਦ ਨਾ ਕੀਤਾ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕਰਨਗੇ। ਉਪਰੰਤ ਵੱਡੀ ਗਿਣਤੀ 'ਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਜਹਾਜ਼ ਚੌਕ ਤੱਕ ਰੋਸ ਮਾਰਚ ਕਰਨ ਤੋਂ ਬਾਅਦ ਪੁਤਲੇ ਫੂਕੇ।
ਸੰਬੋਧਨ ਕਰਦਿਆਂ ਵਿਕਟਰ ਮਸੀਹ ਨੇ ਕਿਹਾ ਕਿ ਕਲਾਕਾਰਾਂ ਦੀ ਘਟੀਆ ਟਿੱਪਣੀ ਨੇ ਮਸੀਹ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਬਾਈਬਲ ਸਾਰੀ ਮਨੁੱਖਤਾ ਦੇ ਜੀਵਨ ਨੂੰ ਸਫਲ ਬਣਾਉਣ ਦਾ ਰਸਤਾ ਦਿਖਾਉਂਦੀ ਹੈ, ਜਿਸ 'ਚ ਦਰਜ ਹਰੇਕ ਸ਼ਬਦ ਵੱਡੀ ਮਹਾਨਤਾ ਅਤੇ ਮਹੱਤਤਾ ਰੱਖਦਾ ਹੈ ਪਰ ਅਜਿਹੇ ਕਲਾਕਾਰ ਪੈਸੇ ਅਤੇ ਸ਼ੁਹਰਤ ਕਾਰਣ ਸਭ ਕੁਝ ਭੁੱਲ ਜਾਂਦੇ ਹਨ, ਜਿਨ੍ਹਾਂ ਨੂੰ ਸਬਕ ਸਿਖਾਉਣ ਲਈ ਇਨ੍ਹਾਂ ਖਿਲਾਫ ਸਖਤ ਤੋਂ ਸਖਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਜਾਵੇ। ਇਸ ਦੌਰਾਨ ਮੌਕੇ 'ਤੇ ਪਹੁੰਚੇ ਤਹਿਸੀਲਦਾਰ ਨੂੰ ਉਕਤ ਪ੍ਰਦਰਸ਼ਨਕਾਰੀਆਂ ਨੇ ਮੰਗ-ਪੱਤਰ ਦਿੱਤਾ।
9 ਸਾਲ ਦਾ ਰਿਕਾਰਡ ਟੁੱਟਾ : ਬਠਿੰਡਾ ਰਿਹਾ ਸਭ ਤੋਂ ਠੰਡਾ, ਤਾਪਮਾਨ 2.8 ਡਿਗਰੀ
NEXT STORY