ਗੁਰਦਾਸਪੁਰ (ਹਰਮਨ) : ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਕਾਰਣ ਜਿੱਥੇ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਉੱਥੇ ਲੋਕਾਂ ਅੰਦਰ ਵੀ ਡਰ ਦਾ ਮਾਹੌਲ ਵਧ ਰਿਹਾ ਹੈ। ਇਸ ਤਹਿਤ ਬੇਸ਼ੱਕ ਜ਼ਿਲਾ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਡਰਨ ਦੀ ਬਜਾਏ ਸਿਰਫ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਸਥਿਤੀ ਇਹ ਬਣੀ ਹੋਈ ਹੈ ਕਿ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਗਲਤ ਜਾਣਕਾਰੀਆਂ ਦੇ ਅਧਾਰ 'ਤੇ ਲੋਕ ਕੋਰੋਨਾ ਵਾਇਰਸ ਤੋਂ ਸਹਿਮ ਰਹੇ ਹਨ। ਨਤੀਜੇ ਵਜੋਂ ਜ਼ਿਲੇ 'ਚ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਮਾਸਕ ਅਤੇ ਸੈਨੇਟਾਈਜ਼ਰਾਂ ਦੀ ਵੱਡੀ ਸ਼ਾਰਟੇਜ ਆਉਣੀ ਸ਼ੁਰੂ ਹੋ ਗਈ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਪਹਿਲਾਂ ਜਿਹੜੀਆਂ ਦੁਕਾਨਾਂ 'ਤੇ ਕਦੀ ਇਕ ਵੀ ਮਾਸਕ ਦੀ ਵਿਕਰੀ ਨਹੀਂ ਹੁੰਦੀ ਸੀ, ਉਨ੍ਹਾਂ ਦੁਕਾਨਾਂ 'ਤੇ ਹੁਣ ਲੋਕਾਂ ਨੂੰ ਦੁੱਗਣਾ ਰੇਟ ਦੇ ਕੇ ਵੀ ਮਾਸਕ ਨਹੀਂ ਮਿਲ ਰਹੇ।
ਗੁੰਮਰਾਹ ਹੋ ਰਹੇ ਹਨ ਲੋਕ
ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਲੋਕਾਂ ਅੰਦਰ ਡਰ ਦੀ ਭਾਵਨਾ ਖਤਮ ਕੀਤੀ ਜਾ ਸਕੇ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਤਰੀਕੇ ਦੱਸੇ ਜਾ ਸਕਣ ਪਰ ਇਸ ਦੇ ਬਾਵਜੂਦ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਫੈਲਾਈਆਂ ਜਾ ਰਹੀਆਂ ਕਈ ਤਰ੍ਹਾਂ ਦੀਆਂ ਗਲਤ ਜਾਣਕਾਰੀਆਂ ਦੇ ਅਧਾਰ 'ਤੇ ਲੋਕ ਕੋਰੋਨਾ ਵਾਇਰਸ ਬਾਰੇ ਗੁੰਮਰਾਹ ਹੋ ਰਹੇ ਹਨ।
ਜ਼ਿਆਦਾ ਰੇਟ ਦੇ ਕੇ ਵੀ ਮੁਸ਼ਕਲ ਨਾਲ ਮਿਲਦਾ ਹੈ ਮਾਸਕ
ਕੋਰੋਨਾ ਵਾਇਰਸ ਦੇ ਫੈਲਣ ਤੋਂ ਪਹਿਲਾਂ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਮਾਸਕ ਦੀ ਵਿਕਰੀ ਬਹੁਤ ਘੱਟ ਹੁੰਦੀ ਸੀ ਕਿਉਂਕਿ ਸਿਰਫ ਹਸਪਤਾਲਾਂ 'ਚ ਆਪ੍ਰਰੇਸ਼ਨ ਕਰਨ ਵਾਲੇ ਡਾਕਟਰ ਅਤੇ ਹੋਰ ਸਟਾਫ ਹੀ ਮਾਸਕ ਪਹਿਨਦੇ ਸਨ ਪਰ ਹੁਣ ਜਦੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਦੀ ਅਹਿਮੀਅਤ ਦਾ ਪਤਾ ਲੱਗਾ ਹੈ ਤਾਂ ਇਕਦਮ ਆਮ ਲੋਕਾਂ ਵੱਲੋਂ ਵੀ ਮਾਸਕ ਖਰੀਦਣੇ ਸ਼ੁਰੂ ਕਰ ਦਿੱਤੇ ਗÎਏ ਹਨ, ਜਿਸ ਕਾਰਣ ਪਹਿਲਾਂ 10 ਰੁਪਏ ਵਿਚ ਵਿਕਣ ਵਾਲਾ ਮਾਸਕ ਹੁਣ ਸ਼ਾਰਟੇਜ ਕਾਰਣ 20 ਤੋਂ 30 ਰੁਪਏ ਵਿਚ ਵੀ ਨਹੀਂ ਮਿਲ ਰਿਹਾ।
ਸੈਨੇਟਾਈਜ਼ਰਾਂ ਦੀ ਸ਼ਾਰਟੇਜ ਵੀ ਸ਼ੁਰੂ
ਹੱਥਾਂ ਨੂੰ ਸਾਫ ਕਰਨ ਲਈ ਪਹਿਲਾਂ ਸਿਰਫ ਡਾਕਟਰ ਜਾਂ ਕੁਝ ਹੋਰ ਸੁਚੇਤ ਲੋਕ ਹੀ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਸਨ, ਜਿਸ ਤਹਿਤ ਇਕ 50 ਤੋਂ 60 ਐੱਮ. ਐੱਲ. ਵਾਲੇ ਸੈਨੇਟਾਈਜ਼ਰ ਦੀ ਕੀਮਤ 75 ਰੁਪਏ ਦੇ ਆਸ-ਪਾਸ ਹੁੰਦੀ ਸੀ ਜਦਕਿ 400 ਐੱਮ. ਐੱਲ. ਵਾਲਾ ਸੈਨੇਟਾਈਜ਼ਰ 300 ਰੁਪਏ ਵਿਚ ਮਿਲ ਜਾਂਦਾ ਸੀ ਪਰ ਹੁਣ 400 ਐੱਮ. ਐੱਲ. ਵਾਲੇ ਸੈਨੇਟਾਈਜ਼ਰ ਦੀ ਕੀਮਤ 500 ਰੁਪਏ ਤੱਕ ਪਹੁੰਚ ਗਈ ਹੈ ਜਦਕਿ 55 ਐੱਮ. ਐੱਲ. ਵਾਲਾ ਸੈਨੇਟਾਈਜ਼ਰ ਵੀ 120 ਰੁਪਏ ਦੇ ਕਰੀਬ ਵਿਕ ਰਿਹਾ ਹੈ। ਏਨਾ ਜ਼ਿਆਦਾ ਰੇਟ ਦੇ ਕੇ ਵੀ ਕਈ ਲੋਕਾਂ ਨੂੰ ਸੈਨੇਟਾਈਜ਼ਰ ਨਹੀਂ ਮਿਲ ਰਹੇ ਕਿਉਂਕਿ ਸ਼ਾਰਟੇਜ ਹੋਣ ਕਾਰਣ ਕੈਮਿਸਟਾਂ ਨੂੰ ਵੀ ਹੋਲਸੇਲਰਾਂ ਕੋਲੋਂ ਇਹ ਸਾਮਾਨ ਨਹੀਂ ਮਿਲ ਰਿਹਾ।
ਇਕਦਮ ਵਧੀ ਹੈ ਮਾਸਕ ਅਤੇ ਸੈਨੇਟਾਈਜ਼ਰ ਦੀ ਵਿਕਰੀ : ਆਨੰਦ
ਗੁਰਦਾਸਪੁਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਭਜਿੰਦਰ ਆਨੰਦ ਨੇ ਦੱਸਿਆ ਕਿ ਬੀਤੇ ਕੱਲ ਤੋਂ ਮਾਸਕ ਅਤੇ ਸੈਨੇਟਾਈਜ਼ਰ ਦੀ ਵਿਕਰੀ ਇਕਦਮ ਕਈ ਗੁਣਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਹੋਲਸੇਲਰਾਂ ਕੋਲ ਵੀ ਏਨਾ ਮਾਲ ਨਹੀਂ ਹੈ ਕਿ ਇਕਦਮ ਇਸ ਦੀ ਸਪਲਾਈ ਕੀਤੀ ਜਾ ਸਕੇ ਪਰ ਮੰਗ ਬਹੁਤ ਜ਼ਿਆਦਾ ਹੋਣ ਕਾਰਣ ਕਈ ਕੈਮਿਸਟਾਂ ਕੋਲ ਇਹ ਦੋਵੇਂ ਚੀਜ਼ਾਂ ਖਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਵੀ ਚੀਜ਼ ਦਾ ਰੇਟ ਜ਼ਿਆਦਾ ਨਾ ਲਿਆ ਜਾਵੇ ਪਰ ਜਦੋਂ ਕਿਸੇ ਦਵਾਈ ਜਾਂ ਵਸਤੂ ਦੀ ਮੰਗ ਅਤੇ ਸਪਲਾਈ ਵਿਚ ਵੱਡਾ ਫਰਕ ਪੈਂਦਾ ਹੈ ਤਾਂ ਕੈਮਿਸਟਾਂ ਨੂੰ ਵੀ ਮਹਿੰਗਾ ਸਾਮਾਨ ਮਿਲਦਾ ਹੈ।
ਕੀ ਹਨ ਬਦਲਵੇਂ ਪ੍ਰਬੰਧ
ਗੁਰਦਾਸਪੁਰ ਦੀ ਐੱਸ. ਐੱਮ. ਓ. ਡਾ. ਚੇਤਨਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਸਾਰੇ ਡਾਕਟਰਾਂ ਨੂੰ ਮਾਸਕ ਮੁਹੱਈਆ ਕਰਵਾਏ ਗਏ ਹਨ ਅਤੇ ਬੀਤੇ ਕੱਲ ਹਸਪਤਾਲ ਵਿਚ ਕੁਝ ਹੋਰ ਮਾਸਕ ਵੀ ਮੰਗਵਾ ਲਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਮਾਸਕ ਨਹੀਂ ਮਿਲਦਾ ਤਾਂ ਕਿਸੇ ਬਾਰੀਕ ਕੱਪੜੇ ਦੀਆਂ ਤਿੰਨ ਲੇਅਰਾਂ ਬਣਾ ਕੇ ਖੁਦ ਵੀ ਮਾਸਕ ਤਿਆਰ ਕੀਤਾ ਜਾ ਸਕਦਾ ਹੈ ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਲੋਕ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਰੱਖਣ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨ। ਖਾਸ ਤੌਰ 'ਤੇ ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖਣ ਅਤੇ ਨੱਕ ਅਤੇ ਮੂੰਹ ਆਦਿ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ। ਇਸ ਦੇ ਨਾਲ ਹੀ ਸਿਹਤ ਮਾਹਿਰਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੱਸੇ ਜਾ ਰਹੇ ਹੋਰ ਤਰੀਕਿਆਂ ਦੀ ਪਾਲਣਾ ਕਰ ਕੇ ਲੋਕ ਆਪਣਾ ਬਚਾਅ ਆਸਾਨੀ ਨਾਲ ਕਰ ਸਕਦੇ ਹਨ।
ਸਕੂਲਾਂ 'ਚ ਬੱਚਿਆਂ ਲਈ ਪ੍ਰਬੰਧ
ਜ਼ਿਆਦਾਤਰ ਸਕੂਲਾਂ 'ਚ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਹਨ। ਇਸ ਲਈ ਬੱਚਿਆਂ ਨੂੰ ਇਨ੍ਹਾਂ ਦਿਨਾਂ 'ਚ ਘਰ ਬਿਠਾਉਣਾ ਸੰਭਵ ਨਹੀਂ ਹੈ। ਅਜਿਹੀ ਸਥਿਤੀ 'ਚ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਸਕੂਲਾਂ 'ਚ ਭੇਜਣ ਤੋਂ ਡਰ ਰਹੇ ਹਨ ਕਿਉਂਕਿ ਸਕੂਲਾਂ ਅਤੇ ਇਮਤਿਹਾਨ ਕੇਂਦਰਾਂ ਵਿਚ ਸੈਂਕੜੇ ਬੱਚੇ ਇਕੱਠੇ ਹੁੰਦੇ ਹਨ, ਜਿਸ ਕਾਰਣ ਕਿਸੇ ਪ੍ਰਭਾਵਿਤ ਬੱਚੇ ਤੋਂ ਇਸ ਵਾਇਰਸ ਦੇ ਅਗਾਂਹ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿਚ ਹਾਲ ਦੀ ਘੜੀ ਤਾਂ ਬੱਚਿਆਂ ਦੇ ਬਚਾਅ ਲਈ ਕੋਈ ਵਿਸ਼ੇਸ਼ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਪਰ ਬੱਚਿਆਂ ਦੇ ਮਾਪੇ ਇਹ ਮੰਗ ਜ਼ਰੂਰ ਕਰ ਰਹੇ ਹਨ ਕਿ ਜੇਕਰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਨੁਕਸਾਨ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਰੰਤ ਸਾਰੇ ਸਕੂਲ ਬੰਦ ਕਰਨੇ ਚਾਹੀਦੇ ਹਨ।
ਕੋਰੋਨਾ ਵਾਇਰਸ : ਚੰਡੀਗੜ੍ਹ 'ਚ ਵੀ ਬਾਇਓਮੈਟ੍ਰਿਕ ਹਾਜ਼ਰੀ 'ਤੇ ਰੋਕ, ਹੈਲਪਲਾਈਨ ਨੰਬਰ ਹੋਵੇਗਾ ਜਾਰੀ
NEXT STORY