ਗੁਰਦਾਸਪੁਰ (ਹਰਮਨਪ੍ਰੀਤ) : ਗੁਰਦਾਸਪੁਰ ਸ਼ਹਿਰ ਅੰਦਰ ਗੰਭੀਰ ਹੋ ਚੁੱਕੀ ਆਵਾਜਾਈ ਸਮੱਸਿਆ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਨੇ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਕਰਨ ਵਾਲੇ ਦੁਕਾਨਦਾਰਾਂ ਨੂੰ ਸਖਤ ਤਾੜਨਾ ਕਰਦਿਆਂ ਦੋ ਟੁੱਕ ਚਿਤਾਵਨੀ ਦਿੱਤੀ ਹੈ ਕਿ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬਾਵਜੂਦ ਜੇਕਰ ਹੁਣ ਵੀ ਨਾ ਸੁਧਰੇ ਤਾਂ ਅਗਲੀ ਕਾਰਵਾਈ ਐੱਫ. ਆਈ. ਆਰ. ਦਰਜ ਕਰਨ ਦੇ ਰੂਪ ਵਿਚ ਹੋਵੇਗੀ। ਇਸ ਤਹਿਤ ਐੱਸ. ਐੱਸ. ਪੀ. ਸਵਰਨਦੀਪ ਸਿੰਘ ਵਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਟ੍ਰੈਫਿਕ ਇੰਚਾਰਜ ਜਗੀਰ ਅਤੇ ਏ. ਐੱਸ. ਆਈ. ਅਜੇ ਕੁਮਾਰ ਸਮੇਤ ਹੋਰ ਪੁਲਸ ਅਧਿਕਾਰੀਆਂ ਨੇ ਲਾਇਬ੍ਰੇਰੀ ਚੌਕ ਤੋਂ ਬਾਟਾ ਚੌਕ ਤੱਕ ਬਾਜ਼ਾਰ 'ਚ ਪੈਦਲ ਜਾ ਕੇ ਸਾਰੀਆਂ ਦੁਕਾਨਾਂ ਦਾ ਜਾਇਜ਼ਾ ਲਿਆ ਅਤੇ ਜਿਹੜੇ ਦੁਕਾਨਦਾਰਾਂ ਨੇ ਸੜਕ ਦੀ ਜਗ੍ਹਾ 'ਤੇ ਕਬਜ਼ਾ ਕਰ ਕੇ ਸਾਮਾਨ ਰੱਖਿਆ ਹੋਇਆ ਸੀ, ਉਨ੍ਹਾਂ ਦਾ ਸਾਮਾਨ ਪਿੱਛੇ ਕਰਵਾਇਆ।
ਇਸ ਮੌਕੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਦੁਕਾਨਦਾਰਾਂ ਵਲੋਂ ਕੀਤੇ ਕਬਜ਼ਿਆਂ ਕਾਰਣ ਅਤੇ ਲੋਕਾਂ ਵੱਲੋਂ ਗਲਤ ਪਾਰਕਿੰਗ ਕੀਤੇ ਜਾਣ ਕਾਰਣ ਆਵਾਜਾਈ 'ਚ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਹੀ ਦਿਨਾਂ 'ਚ ਸ਼ਹਿਰ ਅੰਦਰ ਸਿਰਫ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਹੀ ਤਿੰਨ ਦਰਜਨ ਦੇ ਕਰੀਬ ਚਾਲਾਨ ਕੱਟੇ ਗਏ ਹਨ ਪਰ ਇਸ ਦੇ ਬਾਵਜੂਦ ਰੋਜ਼ਾਨਾ ਕੋਈ ਨਾ ਕੋਈ ਵਿਅਕਤੀ ਗਲਤ ਪਾਰਕਿੰਗ ਕਰਨ ਦੇ ਦੋਸ਼ਾਂ ਹੇਠ ਕਾਬੂ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਇਕ ਵਿਅਕਤੀ ਵੱਲੋਂ ਗਲਤੀ ਅਤੇ ਲਾਪ੍ਰਵਾਹੀ ਨਾਲ ਸੜਕ 'ਚ ਖੜ੍ਹੀ ਕੀਤੀ ਗੱਡੀ ਹੋਰ ਸੈਂਕੜੇ ਲੋਕਾਂ ਦੀ ਪ੍ਰੇਸ਼ਾਨੀ ਦੀ ਸਬੱਬ ਬਣਦੀ ਹੈ। ਇਸੇ ਤਰ੍ਹਾਂ ਬਜ਼ਾਰਾਂ 'ਚ ਸਿਰਫ ਇਕ ਜਾਂ ਦੋ ਫੁੱਟ ਦਾ ਕੀਤਾ ਨਾਜਾਇਜ਼ ਕਬਜ਼ਾ ਹਮੇਸ਼ਾਂ ਵੱਡੀ ਸਮੱਸਿਆ ਦਾ ਕਾਰਣ ਬਣਿਆ ਰਹਿੰਦਾ ਹੈ। ਇਸ ਲਈ ਹੁਣ ਇਹ ਮੁਹਿੰਮ ਓਨੀ ਦੇਰ ਜਾਰੀ ਰਹੇਗੀ ਜਿੰਨੀ ਦੇਰ ਨਾਜਾਇਜ਼ ਕਬਜ਼ੇ ਹਟਾਏ ਨਹੀਂ ਜਾਣਗੇ। ਇਸ ਸਮੇਂ ਏ. ਐੱਸ. ਆਈ. ਸੁਰਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਪ੍ਰਦੁਮਣ ਸਿੰਘ ਅਤੇ ਹੋਰ ਮੌਜੂਦ ਸਨ।
ਚੀਨੀ ਵਪਾਰੀ ਦੀ ਸੜਕ ਹਾਦਸੇ ਵਿਚ ਮੌਤ
NEXT STORY