ਗੁਰਦਾਸਪੁਰ (ਗੁਰਪ੍ਰੀਤ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰਖਦਿਆਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਤਿਆਰੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਡੇਰਾ ਬਾਬਾ ਨਾਨਕ ਵਿਖੇ ਮੀਟਿੰਗ ਕੀਤੀ ਗਈ।
ਇਸ ਮੌਕੇ ਵਿਕਾਸ ਗਰਗ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ, ਕਮਲਜੀਤ ਸਿੰਘ ਸੰਘਾ ਐੱਮ. ਡੀ. ਮਾਰਕਫੈੱਡ, ਮੈਡਮ ਸਪਨਾ ਸੈਣੀ ਚੀਫ ਆਰਕੀਟੈਕਟ ਪੰਜਾਬ, ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਉਪਿੰਦਰਜੀਤ ਸਿੰਘ ਘੁੰਮਣ ਐੱਸ. ਐੱਸ. ਪੀ. ਬਟਾਲਾ ਵੀ ਮੌਜੂਦ ਸਨ। ਮੀਟਿੰਗ ਕਰਨ ਉਪਰੰਤ ਕੈਬਨਿਟ ਮੰਤਰੀ ਸ. ਰੰਧਾਵਾ ਭਾਰਤ ਅਤੇ ਪਾਕਿਸਤਾਨ ਸਰਹੱਦ ਦੇ ਐਨ ਨੇਡ਼ੇ ਬਣ ਰਹੇ ਕਰਤਾਰਪੁਰ ਕਾਰੀਡੋਰ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਲਈ ਉਥੇ ਗਏ ਅਤੇ ਸਰਹੱਦ ’ਤੇ ਲੱਗੀ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ। ਕੈਬਨਿਟ ਰੰਧਾਵਾ ਨੇ ਦੱਸਿਆ ਕਿ 8 ਨਵੰਬਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾ ਜਥਾ ਰਵਾਨਾ ਹੋਵੇਗਾ, ਜਿਸ ਵਿਚ ਮੁੱਖ ਮੰਤਰੀ ਪੰਜਾਬ, ਕੈਬਨਿਟ ਵਜ਼ੀਰ, ਸੰਸਦ ਮੈਂਬਰ, ਵਿਧਾਇਕ ਅਤੇ ਸੰਗਤਾਂ ਸ਼ਾਮਿਲ ਹੋਣਗੀਆਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਕਰਤਾਰਪੁਰ ਕਾਰੀਡੋਰ ਸਬੰਧੀ ਚੱਲ ਰਹੇ ਵਿਕਾਸ ਕਾਰਜਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਅੱਜ ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਇਥੇ ਮੀਟਿੰਗ ਕਰਨ ਦਾ ਮੁੱਖ ਮੰਤਵ ਇਹੀ ਹੈ ਕਿ ਨਵੰਬਰ ਮਹੀਨੇ ਵਿਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਵਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਅਤੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਣ।
ਉਨ੍ਹਾਂ ਦੱਸਿਆ ਕਿ ਨਵੰਬਰ ਮਹਿਨੇ ਤਕ ਸਮਾਗਮ ਦੇ ਸਮੁੱਚੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ, ਪੰਜਾਬ ਨੂੰ ਸਮੁੱਚੇ ਪ੍ਰਬੰਧ ਮੁਕੰਮਲ ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਪੰਜ ਆਈ. ਏ. ਐੱਸ. ਅਧਿਕਾਰੀ ਜਿਨ੍ਹਾਂ ਵਿਚ ਮਾਰਕਫੈੱਡ, ਮਿਲਕਫੈੱਡ, ਸ਼ੂਗਰਫੈੱਡ, ਹਾਊਸਫੈੱਡ ਅਤੇ ਕੋਆਪਰੇਟਿਵ ਬੈਂਕ ਸ਼ਾਮਿਲ ਹਨ, ਦੀ ਨਿਗਰਾਨੀ ਹੇਠ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਮੁਕੰਮਲ ਕਰਵਾਈ ਜਾਵੇਗੀ। ਟੀਮ ਵਲੋਂ 5 ਨਵੰਬਰ ਤਕ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਨਵੰਬਰ ਮਹੀਨੇ ਵਿਚ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾਵੇਗਾ। ਸਾਹਿਤ ਅਤੇ ਕਲਾ ਦੇ ਸੁਮੇਲ ਵਾਲੇ ਉਤਸਵ ਰਾਹੀਂ ਸ਼ਰਧਾਲੂਆਂ ਨੂੰ ਬਾਬਾ ਨਾਨਕ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਫਲਸਫੇ ਤੋਂ ਜਾਣੂ ਕਰਵਾਇਆ ਜਾਵੇਗਾ। 5 ਤੋਂ 20 ਨਵੰਬਰ ਸ਼ਬਦ, ਸੰਗੀਤ, ਕਵੀ ਦਰਬਾਰ, ਭਾਰਤ ਦੇ ਦੂਸਰੇ ਰਾਜਾਂ ਵਿਚੋਂ ਧਾਰਮਕ ਸ਼ਖਸੀਅਤਾਂ ਅਤੇ 15 ਰਾਗਾਂ ਵਿਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਡੇਰਾ ਬਾਬਾ ਨਾਨਕ ਵਿਖੇ ‘ਨਾਨਕ ਬਗੀਚੀ’ ਸਥਾਪਤ ਕੀਤੀ ਜਾਵੇਗੀ। ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀਡ਼ਾਂ ਅਤੇ ਸਾਖੀਆਂ ਸੰਗਤਾਂ ਦੇ ਦਰਸ਼ਨਾਂ ਨੂੰ ਲਿਆਂਦੀਆਂ ਜਾਣਗੀਆਂ।
ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ 22 ਤੋਂ 27 ਅਗਸਤ ਤਕ ਪਾਕਿਸਤਾਨ ਵਿਖੇ ਕੈਬਨਿਟ ਮੰਤਰੀਆਂ ਦਾ ਇਕ ਪੰਜ ਮੈਂਬਰੀ ਵਫਦ ਭੇਜਿਆ ਜਾ ਰਿਹਾ ਹੈ, ਤਾਂ ਜੋ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਵਾਏ ਜਾ ਰਹੇ ਸਮਾਗਮ ਸਬੰਧੀ ਪਾਕਿਸਤਾਨ ਅਧਿਕਾਰੀਆਂ ਨਾਲ ਸਮਾਗਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੇਸ਼-ਵਿਦੇਸ਼ ਵਿਚੋਂ ਆਉਣ ਵਾਲੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਹਰ ਸਹੂਲਤ ਪੁਜਦਾ ਕੀਤੀ ਜਾਵੇਗੀ ਅਤੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਕਸਬੇ ਨੂੰ ਹੈਰੀਟੇਜ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਚਲੀਆਂ ਆਉਂਦੀਆਂ ਸਾਰੀਆਂ ਸਡ਼ਕਾਂ ਨੂੰ ਚੌਡ਼ਾ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸਵਾਗਤੀ ਗੇਟ ਦੇ ਨਿਰਮਾਣ ਕਾਰਜ ਪ੍ਰਗਤੀ ਅਧੀਨ ਹਨ। ਕਸਬੇ ਅੰਦਰ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਅਕਤਬੂਰ ਮਹੀਨੇ ਤਕ ਵਿਕਾਸ ਕੰਮ ਮੁਕੰਮਲ ਕਰ ਲਏ ਜਾਣਗੇ।
ਇਸ ਤੋਂ ਪਹਿਲਾਂ ਉਨ੍ਹਾਂ ਡੇਰਾ ਬਾਬਾ ਨਾਨਕ ਵਿਖੇ ਨਵੰਬਰ ਮਹੀਨੇ ਵਿਚ ਕਰਵਾਏ ਜਾਣ ਵਾਲੇ ਸਮਾਗਮ ਵਾਲੀ ਥਾਂ ਦੀਆਂ ਤਿਆਰੀਆਂ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸਨਾਂ ਲਈ ਖੋਲ੍ਹੇ ਜਾ ਰਹੇ ਲਾਂਘੇ ਦੇ ਕੰਮਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਵਿਕਾਸ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪੁੱਜਣ ਕਾਰਣ ਡੇਰਾ ਬਾਬਾ ਨਾਨਕ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਇਆ ਜਾਵੇ, ਸਡ਼ਕਾਂ ਦੇ ਕੰਮ ਅਤੇ ਸਾਫ-ਸਫਾਈ ਤੋਂ ਇਲਾਵਾ ਪਾਰਕਿੰਗ ਦੇ ਪੁਖਤਾ ਸਥਾਨ ਬਣਾਏ ਜਾਣ। ਡੇਰਾ ਬਾਬਾ ਨਾਨਕ ਵਿਖੇ ਗੁਰਪੁਰਬ ਸਮਾਗਮ ਲਈ ਸ਼ਰਧਾਲੂਆਂ ਲਈ ਟੈਂਟ ਸਿਟੀ ਬਣਾਇਆ ਜਾਵੇਗਾ, ਤਾਂ ਜੋ ਸੰਗਤਾਂ ਨੂੰ ਰਹਿਣ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਇਸ ਮੌਕੇ ਸਰਵ ਰਮਨ ਕੋਛਡ਼ ਸਹਾਇਕ ਕਮਿਸ਼ਨਰ (ਜ)-ਕਮ-ਐੱਸ. ਡੀ. ਐੱਮ. ਦੀਨਾਨਗਰ, ਗੁਰਸਿਮਰਨ ਸਿੰਘ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ, ਅਮਰਬੀਰ ਸਿੰਘ ਬਰਾਡ਼ ਐੱਸ. ਈ. ਪੀ. ਡਬਲਿਊ. ਡੀ., ਮਨਬੀਰ ਸਿੰਘ ਖਹਿਰਾ ਡੀ. ਐੱਮ. ਕੋਆਪਰੇਟਿਵ ਸੋਸਾਇਟੀ, ਐਕਸੀਅਨ ਹਰਜੋਤ ਸਿੰਘ, ਐਕਸੀਅਨ ਅਨੂਪ ਸਿੰਘ, ਡਾ. ਸਤਨਾਮ ਸਿੰਘ ਨਿੱਜਰ, ਐਕਸੀਅਨ ਸੀਵਰੇਜ ਬੋਰਡ ਸੁਰਿੰਦਰ ਕੁਮਾਰ ਰੰਗਾ, ਡਾ. ਭੁਪਿੰਦਰ ਸਿੰਘ ਢਿੱਲੋਂ ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਐੱਸ. ਡੀ. ਓ. ਹਰਜਿੰਦਰ ਸਿੰਘ, ਐੱਸ. ਡੀ. ਓ. ਗੁਰਜਿੰਦਰ ਸਿੰਘ, ਕੁਲਜੀਤ ਸਿੰਘ ਸੈਕਟਰੀ ਸਮੇਤ ਵੱਖ-ਵੱਖ ਅਧਿਕਾਰੀ ਮੌਜੂਦ ਸਨ।
ਮੋਦੀ ਕਸ਼ਮੀਰ ਨੀਤੀ ਬਾਰੇ ਪੰਜਾਬ ਤੋਂ ਲੈਣ ਸਿੱਖਿਆ : ਜਾਖੜ
NEXT STORY