ਗੁਰਦਾਸਪੁਰ (ਹਰਮਨਪ੍ਰੀਤ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੌਮਾਂਤਰੀ ਲਾਂਘਾ ਬਣਾਉਣ ਲਈ ਪਿਛਲੇ ਸਾਲ ਦੋਵਾਂ ਦੇਸ਼ਾਂ ਵਲੋਂ ਰੱਖੇ ਨੀਂਹ ਪੱਥਰਾਂ ਤੋਂ ਬਾਅਦ ਦੋਵੇਂ ਮੁਲਕਾਂ 'ਚ ਕਈ ਵਾਰ ਵੱਡੇ ਤਣਾਅ ਵਾਲੀ ਸਥਿਤੀ ਬਣਨ ਦੇ ਬਾਵਜੂਦ ਆਖਿਰਕਾਰ ਇਸ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਇਸ ਕਾਰਣ ਲੱਖਾਂ ਸੰਗਤਾਂ ਬਾਗੋਬਾਗ ਦਿਖਾਈ ਦੇ ਰਹੀਆਂ ਹਨ, ਜਿਸ ਢੰਗ ਨਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਰੀਬ 11 ਮਹੀਨਿਆਂ ਦੌਰਾਨ ਅਨੇਕਾਂ ਵਾਰ ਬੇਹੱਦ ਕੁੜੱਤਣ ਵਾਲੀ ਸਥਿਤੀ ਬਣਦੀ ਰਹੀ ਹੈ, ਉਸ ਮੁਤਾਬਕ ਸੰਗਤਾਂ 'ਚ ਇਸ ਗੱਲ ਨੂੰ ਲੈ ਕੇ ਵੱਡੀ ਚਿੰਤਾ ਪਾਈ ਜਾ ਰਹੀ ਸੀ ਕਿ ਪਿਛਲੇ 70 ਸਾਲਾਂ ਦੌਰਾਨ ਕੀਤੀਆਂ ਗਈਆਂ ਪਹਿਲਕਦਮੀਆਂ ਵਾਂਗ ਕਿਤੇ ਫਿਰ ਇਹ ਲਾਂਘਾ ਦੋਵਾਂ ਦੇਸ਼ਾਂ ਦੇ ਆਪਸੀ ਤਣਾਅ ਦੀ ਬਲੀ ਨਾ ਚੜ੍ਹ ਜਾਵੇ ਪਰ ਹੁਣ ਕਈ ਗੰਭੀਰ ਸਥਿਤੀਆਂ 'ਚੋਂ ਨਿਕਲ ਕੇ ਇਸ ਲਾਂਘੇ ਦੀ ਉਸਾਰੀ ਮੁਕੰਮਲ ਹੋਣ ਕਿਨਾਰੇ ਪਹੁੰਚ ਗਈ ਹੈ। ਦੋਵੇਂ ਦੇਸ਼ ਇਸ ਸਬੰਧੀ ਲਿਖਤੀ ਐਗਰੀਮੈਂਟ ਕਰ ਕੇ ਸੰਗਤਾਂ ਦੇ ਆਉਣ ਦਾ ਰਸਮੀ ਐਲਾਨ ਕਰਨ ਵਾਲੇ ਹਨ, ਤਾਂ ਸੰਗਤ 'ਚ ਵੱਡੀ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਸੰਗਤ ਲਈ ਸਭ ਤੋਂ ਵੱਡੀ ਖੁਸ਼ੀ ਅਤੇ ਤਸੱਲੀ ਦੀ ਗੱਲ ਇਹ ਹੈ ਕੇ ਦੋਵਾਂ ਦੇਸ਼ਾਂ ਦੇ ਤਣਾਅ ਦੇ ਸਾਏ ਤੋਂ ਇਸ ਲਾਂਘੇ ਦੀ ਉਸਾਰੀ ਦਾ ਕੰਮ ਦੂਰ ਰਿਹਾ ਹੈ।
ਨੀਂਹ ਪੱਥਰ ਰੱਖਣ ਤੋਂ ਬਾਅਦ ਵੀ ਇਕ-ਦੂਜੇ ਨੂੰ 'ਬੰਦੂਕਾਂ' ਅਤੇ 'ਬਿਆਨਾਂ' ਨਾਲ ਨਿਸ਼ਾਨਾ ਬਣਾਉਂਦੇ ਰਹੇ ਦੋਵੇਂ ਦੇਸ਼
ਪਿਛਲੇ ਸਾਲ ਨਵੰਬਰ ਮਹੀਨੇ ਭਾਰਤ ਅਤੇ ਪਾਕਿਸਤਾਨ ਵਲੋਂ ਭਾਵੇਂ ਆਪਸੀ ਸਹਿਮਤੀ ਨਾਲ ਆਪਣੇ-ਆਪਣੇ ਦੇਸ਼ 'ਚ ਇਸ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਰੱਖ ਕੇ ਪੂਰੇ ਜੋਰ-ਸ਼ੋਰ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਉਸਦੇ ਬਾਅਦ ਹੁਣ ਤੱਕ ਦੇ ਕਰੀਬ 10 ਮਹੀਨਿਆਂ ਦੌਰਾਨ ਸ਼ਾਇਦ ਹੀ ਕੋਈ ਦਿਨ ਜਾਂ ਮਹੀਨਾ ਅਜਿਹਾ ਹੋਵੇਗਾ ਜਦੋਂ ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਤਣਾਅ ਨਾ ਰਿਹਾ ਹੋਵੇ। ਇਥੋਂ ਤੱਕ ਕਿ ਉਦਘਾਟਨੀ ਸਮਾਰੋਹਾਂ ਦੌਰਾਨ ਵੀ ਪਾਕਿਸਤਾਨ ਦੀ ਫੌਜ ਵਲੋਂ ਭਾਰਤੀ ਸਰਹੱਦ ਦੇ ਪਾਰ ਕੀਤੀ ਜਾਣ ਵਾਲੀ ਗੋਲਾਬਾਰੀ ਦੀ ਸਖਤ ਨਿਖੇਧੀ ਹੋਈ ਸੀ। ਇਸ ਸਾਲ ਫਰਵਰੀ 'ਚ ਪੁਲਵਾਮਾ ਅਟੈਕ ਦੌਰਾਨ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਤਾਂ ਦੋਵਾਂ ਦੇਸ਼ਾਂ ਦਰਮਿਆਨ ਸਥਿਤੀ ਹੋਰ ਵੀ ਜ਼ਿਆਦਾ ਵਿਗੜ ਗਈ ਸੀ। ਖਾਸ ਤੌਰ 'ਤੇ 26 ਫਰਵਰੀ ਨੂੰ ਜਦੋਂ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੀ ਸਰਹੱਦ ਪਾਰ ਕਰ ਕੇ ਏਅਰ ਸਟ੍ਰਾਈਕ ਕੀਤਾ ਸੀ ਤਾਂ ਉਸ ਦੇ ਬਾਅਦ ਪੈਦਾ ਹੋਏ ਹਾਲਾਤ ਅਨੁਸਾਰ ਲੋਕ ਇਹ ਮੰਨ ਕੇ ਚੱਲ ਰਹੇ ਸਨ ਕਿ ਇਨ੍ਹਾਂ ਹਮਲਿਆਂ ਦਾ ਅਸਰ ਕਰਤਾਰਪੁਰ ਲਾਂਘੇ ਦੇ ਕੰਮ 'ਚ ਅੜਿੱਕਾ ਬਣੇਗਾ। ਏਨਾ ਹੀ ਨਹੀਂ ਪੂਰਾ ਸਾਲ ਹੀ ਸਰਹੱਦ 'ਤੇ ਘੁਸਪੈਠ ਅਤੇ ਗੋਲੀਬਾਰੀ ਦੀਆਂ ਘਟਨਾਵਾਂ 'ਚ ਕਮੀ ਨਹੀਂ ਆਈ, ਜਿਸ ਕਾਰਣ ਕਈ ਵਾਰ ਇਹ ਦੋਵੇਂ ਦੇਸ਼ ਇਕ-ਦੂਜੇ ਨੂੰ ਬੰਦੂਕਾਂ ਅਤੇ ਬਿਆਨਾਂ ਨਾਲ ਨਿਸ਼ਾਨਾ ਬਣਾਉਂਦੇ ਰਹੇ। ਹੋਰ ਤੇ ਹੋਰ ਜਦੋਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਹਟਾ ਕੇ ਉਥੇ ਕਰਫਿਊ ਲਾਇਆ ਸੀ ਤਾਂ ਉਸ ਤੋਂ ਬਾਅਦ ਤਾਂ ਪਾਕਿਸਤਾਨ ਨੇ ਏਨਾ ਸਖਤ ਪ੍ਰਤੀਕਰਮ ਕੀਤਾ ਕਿ ਨਾ ਸਿਰਫ ਭਾਰਤ ਨਾਲ ਅੰਤਰਰਾਸ਼ਟਰੀ ਵਪਾਰ ਬੰਦ ਕਰ ਦਿੱਤਾ, ਸਗੋਂ ਭਾਰਤੀ ਹਵਾਈ ਕੰਪਨੀਆਂ ਨੂੰ ਪਾਕਿਸਤਾਨ ਦਾ ਹਵਾਈ ਮਾਰਗ ਵਰਤਣ 'ਤੇ ਰੋਕ ਲਾ ਦਿੱਤੀ, ਜਿਸ ਦੇ ਬਾਅਦ ਹੁਣ ਤੱਕ ਇਹ ਦੋਵੇਂ ਦੇਸ਼ ਇਕ-ਦੂਜੇ ਨੂੰ ਸ਼ਬਦੀ ਵਾਰਾਂ ਨਾਲ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ, ਪਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਤਰਸ ਰਹੀਆਂ ਸੰਗਤਾਂ ਇਸ ਗੱਲ ਨੂੰ ਲੈ ਕੇ ਬੇਹੱਦ ਸ਼ੁੱਕਰਗੁਜ਼ਾਰ ਹਨ ਕਿ ਏਨੇ ਕੌੜੇ ਸਬੰਧਾਂ ਦਾ ਅਸਰ ਇਸ ਲਾਂਘੇ ਦੀ ਉਸਾਰੀ 'ਤੇ ਨਹੀਂ ਪਿਆ ਅਤੇ ਹੁਣ ਕੁਝ ਦਿਨਾਂ ਬਾਅਦ ਇਹ ਲਾਂਘਾ ਸ਼ੁਰੂ ਹੋ ਸਕੇਗਾ।
ਪੰਜਾਬ 'ਚ ਹੁਣ ਤਕ 5384057 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ
NEXT STORY